ਲੁਧਿਆਣਾ: ਜਗਰਾਓਂ ਦੇ ਪਿੰਡ ਸ਼ਾਹਜਹਾਨਪੁਰ ਦੇ ਖੇਤਾਂ ਵਿੱਚੋਂ ਸ਼ੱਕੀ ਹਾਲਾਤਾਂ ’ਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਰਵੀ ਵਜੋਂ ਹੋਈ ਹੈ। ਉਸ ਦੀ ਉਮਰ 22 ਸਾਲ ਸੀ। ਇਸ ਮਾਮਲੇ ਸਬੰਧੀ ਥਾਣਾ ਰਾਏਕੋਟ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਮ੍ਰਿਤਕ ਰਵੀ ਦੇ ਪਿਤਾ ਨੇ ਆਪਣੇ ਲੜਕੇ ਦੇ ਦੋਸਤ ’ਤੇ ਉਸ ਨੂੰ ਜ਼ਹਿਰੀਲਾ ਪਦਾਰਥ ਦੇਣ ਦਾ ਦੋਸ਼ ਲਗਾਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਮੁਲਜ਼ਮ ਦੋਸਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਨਵਜੋਤ ਸਿੰਘ ਵਾਸੀ ਪਿੰਡ ਝੋਰੜਾ ਵਜੋਂ ਹੋਈ ਹੈ। ਫਿਲਹਾਲ ਉਹ ਘਰੋਂ ਫਰਾਰ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਪੀੜਤ ਗੁਰਵਿੰਦਰ ਸਿੰਘ ਵਾਸੀ ਪਿੰਡ ਸ਼ਾਹਜਹਾਨਪੁਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਲੜਕਾ ਡਰਾਈਵਰੀ ਦਾ ਕੰਮ ਕਰਦਾ ਹੈ। ਦੋ ਦਿਨ ਪਹਿਲਾਂ ਉਸ ਦਾ ਦੋਸਤ ਨਵਜੋਤ ਸਿੰਘ ਉਸ ਦੇ ਲੜਕੇ ਨੂੰ ਕਿਸੇ ਬਹਾਨੇ ਆਪਣੀ ਕਾਰ ਵਿੱਚ ਆਪਣੇ ਨਾਲ ਲੈ ਗਿਆ ਸੀ। ਜੋ ਰਾਤ ਨੂੰ ਘਰ ਵਾਪਸ ਆਇਆ। ਪਰ ਅਗਲੀ ਸਵੇਰ ਮੁਲਜ਼ਮ ਦੋਸਤ ਫਿਰ ਕਾਰ ਲੈ ਕੇ ਉਨ੍ਹਾਂ ਦੇ ਘਰ ਆਇਆ ਅਤੇ ਉਨ੍ਹਾਂ ਦੇ ਲੜਕੇ ਨੂੰ ਆਪਣੇ ਨਾਲ ਲੈ ਗਿਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਸਤਨਾਮ ਸਿੰਘ ਰੋਜ਼ਾਨਾ ਦੀ ਤਰ੍ਹਾਂ ਫਸਲਾਂ ਦਾ ਨਿਰੀਖਣ ਕਰਨ ਲਈ ਆਪਣੇ ਖੇਤ ਗਿਆ ਹੋਇਆ ਸੀ। ਉੱਥੇ ਉਸ ਨੇ ਦੇਖਿਆ ਕਿ ਮੁਲਜ਼ਮ ਡਾ. ਕੇਵਲ ਸਿੰਘ ਦੇ ਖੇਤਾਂ ‘ਚ ਮੋਟਰ ਵਾਲੇ ਕਮਰੇ ‘ਚੋਂ ਬੜੀ ਤੇਜ਼ੀ ਨਾਲ ਨਿਕਲਿਆ ਤੇ ਕਾਰ ਲੈ ਕੇ ਫਰਾਰ ਹੋ ਗਿਆ।
ਜਦੋਂ ਭਤੀਜੇ ਨੂੰ ਸ਼ੱਕ ਹੋਇਆ ਤਾਂ ਉਸ ਨੇ ਮੋਟਰ ਕੋਲ ਜਾ ਕੇ ਦੇਖਿਆ। ਮੋਟਰ ਵਾਲੇ ਕਮਰੇ ਵਿੱਚ ਮ੍ਰਿਤਕ ਮਨਪ੍ਰੀਤ ਕੰਧ ਨਾਲ ਖੜ੍ਹਾ ਸੀ। ਜਦੋਂ ਉਸ ਨੇ ਉਸ ਨੂੰ ਹਿਲਾਇਆ ਤਾਂ ਉਹ ਕੁਝ ਨਹੀਂ ਬੋਲ ਰਿਹਾ ਸੀ। ਜਿਸ ਤੋਂ ਬਾਅਦ ਉਸ ਨੇ ਮ੍ਰਿਤਕ ਦੇ ਪਿਤਾ ਨੂੰ ਬੁਲਾਇਆ। ਉਹ ਰਵੀ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਸ਼ੱਕ ਸੀ ਕਿ ਮੁਲਜ਼ਮ ਨੇ ਉਸ ਦੇ ਲੜਕੇ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਦੋਸਤ ਨਵਜੋਤ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਹੈ।