Punjab

ਬਠਿੰਡਾ ‘ਚ ਗੋਲੀਆਂ ਚਲਾਉਣ ਵਾਲਾ ਨੌਜਵਾਨ ਗ੍ਰਿਫਤਾਰ: ਸੜਕ ‘ਤੇ ਖੜ੍ਹੇ ਹੋ ਕੇ ਕੀਤੀ ਗਈ ਫਾਇਰਿੰਗ, ਸੋਸ਼ਲ ਮੀਡੀਆ ‘ਤੇ ਕੀਤੀ ਅਪਲੋਡ ਵੀਡੀਓ

ਬਠਿੰਡਾ ‘ਚ ਇਕ ਨੌਜਵਾਨ ਵੱਲੋਂ ਸੜਕ ‘ਤੇ ਖੜ੍ਹੇ ਹੋ ਕੇ ਸ਼ਰੇਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੌਜਵਾਨ ਦੀ ਪਛਾਣ ਕਰਕੇ ਉਸ ਦੇ ਖਿਲਾਫ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਦੱਸ ਦਈਏ ਕਿ ਸੀਆਈਏ ਸਟਾਫ਼ 2 ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਦੇ ਰਹਿਣ ਵਾਲੇ ਜਸਕਰਨ ਸਿੰਘ ਨੇ ਬਠਿੰਡਾ ਕੈਂਟ ਰੋਡ ਨੇੜੇ ਥਾਰ ਗੱਡੀ ਤੋਂ ਹੇਠਾਂ ਉਤਰ ਕੇ ਹਵਾ ਵਿੱਚ ਗੋਲੀਆਂ ਚਲਾਈਆਂ। ਜਸਕਰਨ ਸਿੰਘ ਵੱਲੋਂ ਹਥਿਆਰ ਦਿਖਾਉਂਦੇ ਹੋਏ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ ਸੀ। ਥਾਣਾ ਕੈਂਟ ਦੀ ਪੁਲੀਸ ਨੇ ਹੌਲਦਾਰ ਹਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਜਸਕਰਨ ਸਿੰਘ ਖ਼ਿਲਾਫ਼ ਬੀਐੱਨਐੱਸ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੰਜਾਬ ਪੁਲਿਸ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ

ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਪ੍ਰਦਰਸ਼ਨੀ ਨਾ ਕਰਨ ਦੀ ਹਦਾਇਤ ਕੀਤੀ ਸੀ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਫਿਰ ਵੀ ਲੋਕ ਸ਼ੋਸ਼ਲ ਮੀਡੀਆ ‘ਤੇ ਲਗਾਤਾਰ ਹਥਿਆਰ ਦਿਖਾ ਰਹੇ ਹਨ। ਜਿਸ ਕਾਰਨ ਪੁਲਿਸ ਨੇ ਹੁਣ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦਰਜ ਕਰਕੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।