‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਡਨੀ ਵਿੱਚ ਕਿਸਾਨ ਸੰਘਰਸ਼ ਦੌਰਾਨ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਭਾਰਤੀ ਨੌਜਵਾਨ ਵਿਸ਼ਾਲ ਜੂਡ ਨੇ ਆਪਣੇ ਦੋਸ਼ ਕਬੂਲ ਲਏ ਹਨ। ਉਸ ਉੱਤੇ ਕਿਸਾਨ ਸੰਘਰਸ਼ ਦੌਰਾਨ ਹਿੰਸਕ ਘਟਨਾਵਾਂ ਕਰਨ ਅਤੇ ਸਿੱਖ ਨੌਜਵਾਨਾਂ ਦੀਆਂ ਕਾਰਾਂ ਉੱਤੇ ਨਸਲੀ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਬੀਜੇਪੀ ਦੇ IT CELL ਨੇ ਵਿਸ਼ਾਲ ਜੂਡ ਦੇ ਹੱਕ ਵਿੱਚ ਇੱਕ ਲਹਿਰ ਚਲਾ ਕੇ ਉਸਨੂੰ ਨਿਰਦੋਸ਼ ਸਾਬਿਤ ਕਰਨ ਵਿੱਚ ਪੂਰਾ ਜ਼ੋਰ ਲਾਇਆ ਸੀ ਅਤੇ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹ ਭਾਰਤੀ ਝੰਡੇ ਦੀ ਰੱਖਿਆ ਕਰ ਰਿਹਾ ਸੀ ਨਾ ਕਿ ਕਿਸਾਨੀ ਸੰਘਰਸ਼ ਦਾ ਵਿਰੋਧੀ ਸੀ। ਪਰ IT cell ਦਾ ਇਹ ਝੂਠ ਉਦੋਂ ਹੀ ਤਾਰ-ਤਾਰ ਹੋ ਗਿਆ, ਜਦੋਂ ਪੁਲਿਸ ਨੇ ਵਿਸ਼ਾਲ ਜੂਡ ‘ਤੇ ਗੰਭੀਰ ਦੋਸ਼ਾਂ ਵਾਲਾ ਮੀਡੀਆ ਰਿਲੀਜ ਜਾਰੀ ਕੀਤਾ ਸੀ। ਵਿਸ਼ਾਲ ਦੇ ਖ਼ਿਲਾਫ਼ ਤਿੰਨ ਕੇਸ ਦਰਜ ਹਨ ਜਿਸ ਵਿੱਚ ਜਨਤਕ ਥਾਂ ਉੱਤੇ ਲੜਾਈ ਕਰਕੇ ਸ਼ਾਂਤੀ ਭੰਗ ਕਰਨਾ, ਦੋ ਕੇਸ ਗੱਡੀਆਂ ਦਾ ਨੁਕਸਾਨ ਕਰਨ ‘ਤੇ ਅਤੇ ਦੋ ਕੇਸ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਮਨਸ਼ੇ ਨਾਲ ਹਥਿਆਰ ਰੱਖਣ ਦੇ ਦਰਜ ਹਨ। ਇਨ੍ਹਾਂ ਸਾਰੇ ਦੋਸ਼ਾਂ ਵਿੱਚ ਉਸਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਅਦਾਲਤ ਵੱਲੋਂ ਉਸਨੂੰ 2 ਸਤੰਬਰ ਯਾਨਿ ਕੱਲ੍ਹ ਸਵੇਰੇ ਸਜ਼ਾ ਸੁਣਾਈ ਜਾਵੇਗੀ।