India Punjab

ਚਿੱਤਰਕਾਰੀ ਰਾਹੀਂ ਕਿਸਾਨਾਂ ਦਾ ਸਮਰਥਨ ਕਰਨ ਵਾਲੇ ‘ਤੇ ਟਵਿੱਟਰ ਦੀ ਕਾਰਵਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ, ਉਦੋਂ ਕਿਸਾਨਾਂ ਦੇ ਬਹੁਤ ਸਾਰੇ ਹਮਾਇਤੀਆਂ ਦੇ ਸੋਸ਼ਲ ਅਕਾਊਂਟ ਭਾਰਤ ਵਿੱਚ ਬੰਦ ਕੀਤੇ ਗਏ ਸਨ। ਉਨ੍ਹਾਂ ਦਾ ਕਸੂਰ ਸਿਰਫ਼ ਇੰਨਾ ਹੀ ਸੀ ਕਿ ਉਹਨਾਂ ਵੱਲੋਂ ਕਿਸਾਨਾਂ ਦੀ ਹਮਾਇਤ ਕੀਤੀ ਗਈ ਸੀ ਅਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ ਸੀ। ਕਿਸਾਨ ਮੋਰਚੇ ਦੀ ਸ਼ੁਰੂਆਤ ਵਿੱਚ ਕਲਾਕਾਰਾਂ, ਮਨੁੱਖੀ ਅਧਿਕਾਰ ਦੇ ਕਾਰਕੁੰਨਾਂ ਦੇ ਟਵਿੱਟਰ, ਫੇਸਬੁੱਕ ਪੇਜ ਬੰਦ ਕੀਤੇ ਗਏ ਸਨ। ਇੱਥੋਂ ਤੱਕ ਕਿ ਕਿਸਾਨੀ ਅੰਦੋਲਨ ਵੱਲੋਂ ਲੋਕਾਂ ਤੱਕ ਮੋਰਚੇ ਦੀ ਹਰ ਅਪਡੇਟ ਪਹੁੰਚਾਉਣ ਲਈ ਬਣਾਇਆ ਗਿਆ ਟਵਿੱਟਰ ਅਕਾਊਂਟ “ਟਰੈਕਟਰ ਟੂ ਟਵਿੱਟਰ” ਵੀ ਬੰਦ ਕੀਤਾ ਗਿਆ ਸੀ, ਜਿਸਦਾ ਲੋਕਾਂ ਵੱਲੋਂ ਕਾਫ਼ੀ ਵਿਰੋਧ ਵੀ ਕੀਤਾ ਗਿਆ ਸੀ ਅਤੇ ਸਰਕਾਰ ਦੇ ਖ਼ਿਲਾਫ਼ ਕਈ ਹੈਸ਼ਟੈਗ ਟਰੈਂਡ ਕਰਨ ਲੱਗੇ ਸਨ। ਵਿਚਾਲੇ ਜਿਹੇ ਅਕਾਊਂਟ ਬੰਦ ਕਰਨ ਦਾ ਸਿਲਸਿਲਾ ਰੁਕ ਜਿਹਾ ਗਿਆ ਸੀ ਪਰ ਹੁਣ ਲੱਗਦਾ ਸਰਕਾਰ ਦਾ ਧਿਆਨ ਫਿਰ ਇੱਧਰ ਆ ਗਿਆ ਹੈ। ਹੁਣ ਟਵਿੱਟਰ ਨੇ ਗੁਰਪ੍ਰੀਤ ਆਰਟਿਸਟ ਦੇ ਖਾਤੇ ਨੂੰ ਭਾਰਤ ਵਿੱਚ ਬੰਦ ਕਰ ਦਿੱਤਾ ਹੈ। ਗੁਰਪ੍ਰੀਤ ਨੇ ਕਿਹਾ ਕਿ ਉਨ੍ਹਾਂ ਦਾ ਅਕਾਊਂਟ ਇਸ ਲਈ ਬੰਦ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਹਾਲ ਹੀ ਵਿੱਚ ਕਰਨਾਲ ਵਿੱਚ ਕਿਸਾਨਾਂ ‘ਤੇ ਹੋਏ ਪੁਲਿਸ ਲਾਠੀਚਾਰਜ ਦੌਰਾਨ ਜ਼ਖ਼ਮੀ ਹੋਏ ਕਿਸਾਨਾਂ ਦੀ ਇੱਕ ਤਸਵੀਰ ਬਣਾਈ ਸੀ। ਦੱਸ ਦਈਏ ਕਿ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਹੈ, ਗੁਰਪ੍ਰੀਤ ਵੱਲੋਂ ਆਪਣੀ ਡਰਾਇੰਗ ਦੀ ਕਲਾ ਰਾਹੀਂ ਮੋਰਚੇ ਦਾ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ।