‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਸਲੋਨ ਬਲਾਕ ਦੇ ਨੇੜੇ ਰਹਿਣ ਵਾਲੇ ਕਾਰ ਮਿਸਤਰੀ ਨੇ ਮੰਗਲਵਾਰ ਨੂੰ ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਪੈਟਰੋਲ ਪਾ ਕੇ ਖ਼ੁਦ ਨੂੰ ਅੱਗ ਲਾ ਲਈ। ਪਰਿਵਾਰਕ ਮੈਂਬਰ ਛੇਤੀ ਨਾਲ ਉਸ ਨੂੰ ਸੀਐੱਚਸੀ ਲੈ ਗਏ, ਪਰ ਤਦ ਤਕ ਉਸਦੀ ਮੌਤ ਹੋ ਚੁੱਕੀ ਸੀ।
ਕਸਬਾ ਨਿਵਾਸੀ ਜਾਵੇਦ ਅਖ਼ਤਰ ਕਾਰ ਮਿਸਤਰੀ ਸੀ। ਕਸਬੇ ਵਿਚ ਹੀ ਉਸ ਨੇ ਦੁਕਾਨ ਖੋਲ੍ਹ ਰੱਖੀ ਸੀ। ਮੰਗਲਵਾਰ ਦੀ ਸਵੇਰ ਉਸਦਾ ਪਤਨੀ ਸ਼ਾਇਰਾ ਬਾਨੋ ਨਾਲ ਝਗੜਾ ਹੋ ਗਿਆ। ਸ਼ਾਇਰਾ ਨਾਰਾਜ਼ ਹੋ ਕੇ ਮੁਹੱਲਾ ਚੌਧਰਾਨਾ ਆਪਣੇ ਪੇਕੇ ਚਲੀ ਗਈ। ਜਾਵੇਦ ਵੀ ਦੁਕਾਨ ਚਲਾ ਗਿਆ। ਦੁਪਹਿਰ ਵੇਲੇ ਜਾਵੇਦ ਨੂੰ ਸ਼ਾਇਰਾ ਦਾ ਫੋਨ ਆਇਆ ਤੇ ਦੋਵਾਂ ਵਿਚ ਫਿਰ ਬਹਿਸ ਹੋਣ ਲੱਗੀ। ਨਾਰਾਜ਼ ਜਾਵੇਦ ਦੁਕਾਨ ਵਿਚ ਰੱਖਿਆ ਪੈਟਰੋਲ ਲੈ ਕੇ ਘਰ ਚਲਾ ਗਿਆ। ਉਸ ਨੇ ਖੁਦ ਨੂੰ ਕਮਰੇ ਵਿਚ ਬੰਦ ਕਰ ਲਿਆ ਅਤੇ ਪੈਟਰੋਲ ਪਾ ਕੇ ਅੱਗ ਲਾ ਲਈ। ਉਸਦੀ ਚੀਕ ਪੁਕਾਰ ਸੁਣ ਕੇ ਪਰਿਵਾਰ ਦੇ ਲੋਕ ਮਦਦ ਲਈ ਦੌੜੇ। ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ।
ਘਰ ਵਾਲੇ ਉਸ ਨੂੰ ਸੀਐੱਚਸੀ ਲੈ ਗਏ, ਜਿਥੇ ਡਾ. ਆਸ਼ੀਸ਼ ਨਾਇਕ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਜਾਵੇਦ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰਕ ਮੈਂਬਰਾਂ ਵਿਚ ਕੋਹਰਾਮ ਮਚ ਗਿਆ। ਸੀਐੱਚਸੀ ਵਿਚ ਉਸਦੇ ਸਹੁਰੇ ਘਰ ਵਾਲੇ ਵੀ ਪੁੱਜੇ। ਉਨ੍ਹਾਂ ਨੂੰ ਦੇਖ ਜਾਵੇਦ ਦੇ ਪਰਿਵਾਰਕ ਮੈਂਬਰ ਗੁੱਸੇ ਵਿਚ ਆ ਗਏ ਅਤੇ ਝਗੜਾ ਕਰਨ ਲੱਗੇ। ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਦੋਵਾਂ ਪੱਖਾਂ ਨੂੰ ਸ਼ਾਂਤ ਕਰਵਾਇਆ।