Punjab

ਮੋਗਾ ਦੀ ਧੀ ਨੂੰ ਇਨਸਾਫ਼ ਕਦੋਂ ? ਮਾੜੀ ਹਰਕਤ ਕਰਨ ਤੋਂ ਰੋਕਣ ‘ਤੇ ਦੋਸਤ ਨੇ 30 ਫੁੱਟ ਹੇਠਾਂ ਸੁੱਟਿਆ,7 ਦਿਨ ਬਾਅਦ ਵੀ ਪੁਲਿਸ ਦੇ ਹੱਥ ਖਾਲੀ

ਲੁਧਿਆਣਾ ਦੇ DMC ਹਸਪਤਾਲ ਵਿੱਚ ਦਾਖਲ ਪੀੜ੍ਹਤ ਕੁੜੀ ਦੀ ਹਾਲਤ ਨਾਜ਼ੁਕ

ਮੋਗਾ ਵਿੱਚ 12ਵੀਂ ਕਲਾਸ ਵਿੱਚ ਪੜਨ ਵਾਲੀ ਕੁੜੀ ਨਾਲ ਦਰਦਨਾਕ ਵਾਰਦਾਤ ਵਾਪਰੀ, ਇਲਜ਼ਾਮ ਹੈ ਕਿ 12 ਅਗਸਤ ਨੂੰ ਕੁੜੀ ਨੂੰ ਉਸ ਦੇ ਦੋਸਤ ਨੇ ਸਟੇਡੀਅਮ ਵਿੱਚ ਬੁਲਾਇਆ ਅਤੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਜ਼ਬਰ ਜਨਾਹ ਕਰਨ ਦਾ ਯਤਨ ਕੀਤਾ। ਲੜਕੀ ਵੱਲੋਂ ਵਿਰੋਧ ਕੀਤਾ ਗਿਆ ਤਾਂ ਗੁੱਸੇ ਵਿੱਚ ਸਾਰੇ ਮੁੰਡਿਆਂ ਨੇ ਮਿਲ ਕੇ ਕੁੜੀ ਨੂੰ ਸਟੇਡੀਅਮ ਦੀਆਂ ਪੌੜੀਆਂ ਤੋਂ ਧੱਕਾ ਮਾਰ ਦਿੱਤਾ, ਜਿਸ ਦੀ ਉੱਚਾਈ ਤਕਰੀਬਨ 30 ਫੁੱਟ ਦੀ ਸੀ। ਹੁਣ ਲੁਧਿਆਣਾ ਦੇ DMC ਵਿੱਚ ਭਰਤੀ ਕੁੜੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ 3 ਮੁਲਜ਼ਮਾਂ ਖਿਲਾਫ਼ ਮਾਮਲਾ ਤਾਂ ਦਰਜ ਕਰ ਲਿਆ ਸੀ ਪਰ 7 ਦਿਨ ਬੀਤ ਜਾਣ ਦੇ ਬਾਵਜੂਦ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ।

ਪਿਤਾ ਨੇ ਪੁਲਿਸ ਨੂੰ ਦਿੱਤੀ ਸੀ ਸ਼ਿਕਾਇਤ

ਪਿਤਾ ਮੁਤਾਬਿਕ ਧੀ 12 ਅਗਸਤ ਨੂੰ ਘਰੋਂ ਟਿਊਸ਼ਨ ਪੜਨ ਗਈ ਸੀ ਪਰ ਸ਼ਾਮ ਨੂੰ ਘਰ ਵਾਪਸ ਨਹੀਂ ਆਈ ਤਾਂ ਉਸ ਦੀ ਤਲਾਸ਼ ਸ਼ੁਰੂ ਹੋਈ। ਕਾਫੀ ਤਲਾਸ਼ ਕਰਨ ਤੋਂ ਬਾਅਦ ਪੀੜ੍ਹਤ ਮੋਗਾ ਦੇ ਗੋਧਵਾਲਾ ਸਟੇਡੀਅਮ ਵਿੱਚ ਗੰਭੀਰ ਹਾਲਤ ਵਿੱਚ ਮਿਲੀ। ਕੁੜੀ ਨੂੰ ਪਹਿਲਾਂ ਮੋਗਾ ਦੇ ਸਿਵਿਲ ਹਸਪਤਾਲ ਭਰਤੀ ਕਰਵਾਇਆ ਗਿਆ। ਹਾਲਤ ਨਾਜ਼ੁਕ ਹੋਣ ‘ਤੇ ਡਾਕਟਰਾਂ ਵੱਲੋਂ DMC ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪੀੜਤਾ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਮੋਗਾ ਦੇ ਰਹਿਣ ਵਾਲੇ ਜਤਿਨ ਕੰਡਾ ਨੇ ਫੋਨ ਕਰਕੇ ਕੁੜੀ ਨੂੰ ਸਟੇਡੀਅਮ ਬੁਲਾਇਆ ਸੀ ਅਤੇ ਉਸ ਨੇ ਹੀ ਉਨ੍ਹਾਂ ਦੀ ਧੀ ਦਾ ਇਹ ਹਾਲ ਕੀਤਾ ਹੈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰ ਰਹੀਆਂ ਹਨ ਪਰ 7 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੀ ਮੁਲਜ਼ਮ ਪੁਲਿਸ ਦੇ ਹੱਥੀ ਨਹੀਂ ਚੜਿਆ ਹੈ। ਪਰਿਵਾਰ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਿਹਾ ਹੈ ਅਤੇ ਜਾਂਚ ਨੂੰ ਲੈ ਕੇ ਲਗਾਤਾਰ ਸਵਾਲ ਚੁੱਕ ਰਿਹਾ ਹੈ। ਇਸ ਪੂਰੀ ਵਾਰਦਾਤ ਨੂੰ ਸਿਲਸਿਲੇ ਵਾਰ ਕਿਵੇਂ ਅੰਜਾਮ ਦਿੱਤਾ ਗਿਆ, ਇਸ ਦਾ ਖੁਲਾਸਾ ਕੁੜੀ ਦੇ ਹੋਸ਼ ਵਿੱਚ ਆਉਣ ਜਾਂ ਫਿਰ ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਚੱਲੇਗਾ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਜਿਸ ਉੱਚਾਈ ਤੋਂ ਕੁੜੀ ਨੂੰ ਹੇਠਾਂ ਸੁੱਟਿਆ ਗਿਆ ਹੈ ਉਸ ਦੀ ਵਜ੍ਹਾ ਕਰਕੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਦੀ ਹਾਲਤ ਕਾਫੀ ਨਾਜ਼ੁਕ ਹੈ, ਪੀੜਤ ਬੋਲ ਨਹੀਂ ਸਕਦੀ ਹੈ।

NCRB ਵੱਲੋਂ ਰੇਪ ਦੇ ਅੰਕੜੇ

NCRB ਵੱਲੋਂ ਜਾਰੀ ਰੇਪ ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਹਰ 16 ਮਿੰਟ ਵਿੱਚ ਇੱਕ ਮਹਿਲਾ ਦੇ ਨਾਲ ਜ਼ਬਰਜਨਾਹ ਦਾ ਮਾਮਲਾ ਆਉਂਦਾ ਹੈ। ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਇਸ ਮਾਮਲੇ ਵਿੱਚ ਨਜ਼ਦੀਕੀ ਜਾਣ ਪਛਾਣ ਵਾਲੇ ਲੋਕ ਹੀ ਸ਼ਾਮਲ ਹੁੰਦੇ ਹਨ।