ਚੰਡੀਗੜ੍ਹ : ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਸ਼ੰਭੂ ਬਾਰਡਰ ਤੋਂ ਆਉਂਦੇ ਹੋਏ ਆਉਂਦੇ ਹੋਏ ਟ੍ਰੈਕਟਰ ਟਰਾਲੀ ਦੇ ਐਕਸੀਡੈਂਟ ਕਾਰਨ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਨੌਜਵਾਨ ਦਾ ਨਾਮ ਗੁਰਜੰਟ ਸਿੰਘ ਪਿਤਾ ਨਛੱਤਰ ਸਿੰਘ ਦੱਸਿਆ ਜਾ ਰਿਹਾ ਹੈ। ਉਹ ਪਿੰਡ ਮੰਨਸੂਰ ਦੇਵਾਂ (ਜ਼ੀਰਾ) ਤੋਂ ਸੀ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੀ ਅਗਵਾਈ ਵਿੱਚ ਸ਼ੰਭੂ ਮੋਰਚੇ ਵਿੱਚ ਸਰਗਰਮ ਸੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਜੀਰਾ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।
ਦੱਸ ਦੇਈਏ ਕਿ ਪਹਿਲਾਂ 14 ਤਰੀਕ ਨੂੰ ਮਨਜੀਤ ਸਿੰਘ ਨਾਂਅ ਦੇ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ 21 ਫਰਵਰੀ ਨੂੰ ਸ਼ੁਭਕਰਨ ਨਾਂਅ ਦੇ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ 22 ਫਰਵਰੀ ਦੀ ਰਾਤ ਨੂੰ ਜਰਨੈਲ ਸਿੰਘ ਨਾਂਅ ਦੇ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹੁਣ ਬੀਤੀ ਰਾਤ ਸੜਕ ਹਾਦਸੇ ਵਿੱਚ ਸ਼ੰਭੂ ਬਾਰਡਰ ਤੋਂ ਵਾਪਸ ਘਰ ਪਰਤ ਰਹੇ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਹੈ।