‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਮੋਗਾ ਦੇ ਪਿੰਡ ਰੋਡੇ ਵਿਖੇ ਅੱਜ ਵਾਰਿਸ ਪੰਜਾਬ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਹੋਈ। ਅੱਜ ਜਥੇਬੰਦੀ ਦੀ ਪਹਿਲੀ ਵਰੇਗੰਢ ਮੌਕੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਵੱਡੀ ਗਿਣਤੀ ਵਿੱਚ ਦੂਰ ਦੂਰ ਤੋਂ ਸੰਗਤ ਇਸ ਸਮਾਗਮ ਵਿੱਚ ਹਾਜ਼ਿਰ ਹੋਈ। ਸੰਗਤ ਏਨੀ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ ਕਿ ਪ੍ਰਬੰਧਕਾਂ ਵੱਲੋਂ ਕੀਤੇ ਗਏ ਪ੍ਰਬੰਧ ਵੀ ਛੋਟੇ ਗਏ। ਅੰਮ੍ਰਿਤਪਾਲ ਸਿੰਘ ਨੂੰ ਵੱਖ ਵੱਖ ਨਿਹੰਗ ਜਥੇਬੰਦੀਆਂ ਵੱਲੋਂ ਸਟੇਜ ਉੱਤੇ ਸਭ ਸੰਗਤ ਦੇ ਸਾਹਮਣੇ ਦਸਤਾਰ ਸਜਾਈ ਗਈ। ਸੰਗਤ ਵੱਲੋਂ ਵੀ ਅੰਮ੍ਰਿਤਪਾਲ ਸਿੰਘ ਨੂੰ ਦਸਤਾਰ ਭੇਂਟ ਕੀਤੀ ਗਈ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਢਾਡੀ ਵਾਰਾਂ, ਗੁਰਬਾਣੀ ਕੀਰਤਨ ਹੋਇਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਗਤ ਨੂੰ ਸੰਬੋਧਨ ਕੀਤਾ। ਸਮਾਗਮ ਵਿੱਚ ਸਿਮਰਨਜੀਤ ਸਿੰਘ ਮਾਨ ਵੀ ਪਹੁੰਚੇ ਹੋਏ ਸਨ।
ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਨੇ ਸੰਗਤ ਨਾਲ ਵਾਅਦਾ ਕਰਦਿਆਂ ਕਿਹਾ ਕਿ ਮੇਰੇ ਸਰੀਰ ਦੇ ਖੂਨ ਦਾ ਇਕੱਲਾ ਇਕੱਲਾ ਕਤਰਾ ਸਿੱਖ ਪੰਥ ਦੇ ਲਈ ਵਹੇਗਾ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਿਸਨੂੰ ਅੱਜ ਵੀ ਲੱਗ ਰਿਹਾ ਹੈ ਕਿ ਅਸੀਂ ਆਜ਼ਾਦ ਹਾਂ, ਉਸਨੂੰ ਹੋਸ਼ ਵਿੱਚ ਲਿਆਉਣ ਦੀ ਲੋੜ ਹੈ ਕਿਉਂਕਿ ਰੋਜ਼ ਸਾਡੀਆਂ ਪੱਗਾਂ ਸੜਕਾਂ ਉੱਤੇ ਉੱਤਰ ਰਹੀਆਂ ਹਨ, ਗੁਰੂ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ। ਜੇ ਗੁਲਾਮੀ ਲਾਹੁਣੀ ਹੈ ਤਾਂ ਸ਼੍ਰੀ ਅਨੰਦਪੁਰ ਸਾਹਿਬ ਘਰ ਵੜ ਜਾਉ।
ਅੰਮ੍ਰਿਤਪਾਲ ਸਿੰਘ ਨੇ ਨਸਲਕੁਸ਼ੀ ਦਾ ਮਤਲਬ ਦੱਸਦਿਆਂ ਕਿਹਾ ਕਿ ਜੇ ਸ਼ੇਰਾਂ ਦੇ ਪੁੱਤਾਂ ਦੀਆਂ ਸ਼ਕਲਾਂ ਹਿਰਨਾਂ ਨਾਲ ਰਲਣ ਲੱਗ ਜਾਣ ਤਾਂ ਇਸ ਤੋਂ ਵੱਡੀ ਤ੍ਰਾਸਦੀ ਹੋਰ ਕੋਈ ਨਹੀਂ ਹੋ ਸਕਦੀ।
ਨੌਜਵਾਨ ਅੰਮ੍ਰਿਤਪਾਲ ਸਿੰਘ ਨੇ ਮੁੜ ਤੋਂ ਅੰਮ੍ਰਿਤ ਛਕਣ ਦਾ ਹੋਕਾ ਦਿੰਦਿਆਂ ਨੌਜਵਾਨਾਂ ਤੋਂ ਗੁਰੂ ਨੂੰ ਸੀਸ ਦੇਣ ਦੀ ਅਪੀਲ ਕੀਤੀ। ਅੰਮ੍ਰਿਤਪਾਲ ਸਿੰਘ ਨੇ ਲੋਕਾਂ ਨੂੰ ਗੁਰੂ ਸਾਹਿਬ ਜੀ ਅੱਗੇ ਮਰਨ ਲਈ ਕਿਹਾ ਹੈ ਭਾਵ ਆਪਣਾ ਸੀਸ ਗੁਰੂ ਅੱਗੇ ਭੇਟ ਕਰਨ ਲਈ ਕਿਹਾ ਹੈ। ਤੁਸੀਂ ਇੱਕ ਵਾਰ ਗੁਰੂ ਦੇ ਜਹਾਜ਼ ਵਿੱਚ ਚੜਨ ਦੀ ਖੇਚਲ ਕਰੋ, ਅਸੀਂ ਤੁਹਾਡੇ ਰਸਤੇ ਵਿੱਚ ਪਲਕਾਂ ਵਿਛਾ ਦੇਵਾਂਗੇ।
ਅੰਮ੍ਰਿਤਪਾਲ ਸਿੰਘ ਨੇ ਵਿਦੇਸ਼ਾਂ ਨੂੰ ਜਾਣ ਵਾਲੇ ਨੌਜਵਾਨਾਂ ਨੂੰ ਹੋਕਾ ਦਿੰਦਿਆਂ ਕਿਹਾ ਕਿ ਬਾਹਰ ਜਾ ਕੇ ਤਾਂ ਇੱਥੇ ਨਾਲੋਂ ਵੀ ਜ਼ਿਆਦਾ ਕੰਮ ਕਰਨਾ ਪੈਂਦਾ ਹੈ, ਇੱਥੇ ਤਾਂ ਫਿਰ ਵੀ ਦੋ ਚਾਰ ਮਿੰਟ ਵਿਹਲੇ ਬੈਠੇ ਜਾਈਦਾ ਹੈ। ਇਸ ਕਰਕੇ ਜੰਗ ਛੱਡ ਕੇ ਭੱਜਣਾ ਨਹੀਂ ਚਾਹੀਦਾ।
ਅੰਮ੍ਰਿਤਪਾਲ ਸਿੰਘ ਨੇ ਦੀਪ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਉਹ ਕੌਮੀ ਸ਼ਹੀਦ ਹੈ। ਉਸਨੂੰ ਹਕੂਮਤ ਨੇ ਐਕਸੀਡੈਂਟ ਕਰਵਾ ਕੇ ਮਰਵਾਇਆ ਹੈ। ਜਿਹੜੇ ਮੈਨੂੰ ਕਹਿੰਦੇ ਹਨ ਕਿ ਤੁਸੀਂ ਸੰਤਾਂ ਵਰਗੇ ਬਣਨਾ ਚਾਹੁੰਦੇ ਹੋ ਤਾਂ ਹਾਂ ਅਸੀਂ ਸੰਤਾਂ ਵਰਗੇ ਬਣਨਾ ਚਾਹੁੰਦੇ ਹਾਂ। ਕਿਸੇ ਦੇ ਦਰਸਾਏ ਮਾਰਗ ਉੱਤੇ ਚੱਲਣਾ ਤੇ ਕਿਸੇ ਦੀ ਨਕਲ ਕਰਨਾ, ਦੋ ਵੱਖ ਵੱਖ ਗੱਲਾਂ ਹਨ। ਅਸੀਂ ਸੰਤਾਂ ਦੇ ਮਾਰਗ ਉੱਤੇ ਚੱਲਾਂਗੇ। ਮੈਂ ਸਟੇਜ ਤੋਂ ਆਖਰੀ ਵਾਰ ਕਹਿ ਰਿਹਾ ਹਾਂ ਕਿ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਧੂੜ ਦੇ ਬਰਾਬਰ ਵੀ ਨਹੀਂ ਹਾਂ। ਜੇ ਮੇਰੇ ਮਨ ਵਿੱਚ ਇਹੋ ਜਿਹਾ ਹੰਕਾਰ ਆਵੇ ਤਾਂ ਪਰਮਾਤਮਾ ਇਹ ਗੱਲ ਕਹਿਣ ਤੋਂ ਪਹਿਲਾਂ ਮੇਰੀ ਜ਼ੁਬਾਨ ਲੈ ਲੈਣ। ਇਸ ਤੋਂ ਬਾਅਦ ਕਿਸੇ ਵੀ ਮੀਡੀਆ ਵਾਲੇ ਨੇ ਮੈਨੂੰ ਇਹ ਸਵਾਲ ਨਹੀਂ ਕਰਨਾ।
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਬੇਅਦਬੀ ਸਾਡੇ ਲਈ ਹੁਣ ਆਮ ਗੱਲ ਹੋ ਗਈ ਹੈ ਕਿਉਂਕਿ ਹਕੂਮਤ ਨੇ ਲੋਕਾਂ ਦੇ ਲਈ ਆਮ ਗੱਲ ਬਣਾਉਣ ਦੇ ਲਈ ਹੀ ਵਾਰ ਵਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਨੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਗੁਰੂ ਘਰ ਵਿਖੇ 24 ਘੰਟੇ ਦੋ ਤਿਆਰ ਬਰ ਤਿਆਰ ਸਿੰਘ ਤਾਇਨਾਤ ਕਰਨ ਦੀ ਅਪੀਲ ਕੀਤੀ। ਹੁਣ ਜਿਸਨੇ ਵੀ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਉਸਨੂੰ ਹੁਣ ਸਿੰਘ ਸੋਧਾ ਲਾਉਣਗੇ। ਨਸ਼ਾ ਪੀਣ ਵਾਲੇ ਕਿਸੇ ਵੀ ਨੌਜਵਾਨ ਨਾਲ ਨਫ਼ਰਤ ਨਹੀਂ ਕਰਨੀ, ਉਸਦਾ ਨਸ਼ਾ ਛੁਡਾਉਣ ਦੀ ਕੋਸ਼ਿਸ਼ ਕਰਨੀ ਹੈ।
ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਗੁਰਚਰਨ ਸਿੰਘ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਵਧਾਈ ਦਿੱਤੀ। ਗੁਰਚਰਨ ਸਿੰਘ ਨੇ ਦੀਪ ਸਿੱਧੂ ਦੇ ਬੋਲ ਯਾਦ ਕਰਵਾਉਂਦਿਆਂ ਕਿਹਾ ਕਿ ਜਿੱਥੇ ਅਸੀਂ ਫਸਲਾਂ ਦੀ ਲੜਾਈ ਲੜ ਰਹੇ ਹਾਂ, ਉੱਥੇ ਸਾਨੂੰ ਫਸਲਾਂ, ਨਸਲਾਂ ਅਤੇ ਆਪਣੀ ਹੋਂਦ ਦੀ ਲੜਾਈ ਲੜਨੀ ਪੈਣੀ ਹੈ। ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਪੂਰਾ ਸਮਰਥਨ ਦੇਣ ਦਾ ਸਾਡਾ ਪੂਰਾ ਫਰਜ਼ ਬਣਦਾ ਹੈ। ਜਗਤਾਰ ਸਿੰਘ ਹਵਾਰਾ ਵੱਲੋਂ ਵੀ ਅੰਮ੍ਰਿਤਪਾਲ ਸਿੰਘ ਦੇ ਲਈ ਦਸਤਾਰ ਭੇਜੀ ਗਈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਿਹਾ ਸੀ ਕਿ ਜਦੋਂ ਫ਼ੌਜਾਂ ਸ਼੍ਰੀ ਦਰਬਾਰ ਸਾਹਿਬ ਵਿੱਚ ਆਈਆਂ ਤਾਂ ਖ਼ਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਸ ਦਿਨ ਤੋਂ ਪਹਿਲਾਂ ਅੱਜ ਤੱਕ ਸੰਤਾਂ ਦੇ ਬੋਲਾਂ ਉੱਤੇ ਵਿਸ਼ਵਾਸ ਰਿਹਾ ਹੈ। ਮਾਨ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਬਿਆਨਬਾਜ਼ੀ ਸੁਣ ਕੇ ਸਰਕਾਰ ਅੱਜ ਘਬਰਾਈ ਹੋਈ ਹੈ। ਮਾਨ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਅਸੀਂ ਖ਼ਾਲਿਸਤਾਨ ਦਾ ਕੇਸ ਸੁਪਰੀਮ ਕੋਰਟ ਤੋਂ ਜਿੱਤ ਕੇ ਆਏ ਹਾਂ। ਖ਼ਾਲਿਸਤਾਨ ਉੱਤੇ ਕੋਈ ਕਾਨਫਰੰਸ ਕਰੇ, ਲੇਖ ਲਿਖੇ, ਉਸਦੇ ਉੱਤੇ ਹਿੰਦੂਤਵਾ ਮੁਲਕ ਕੋਈ ਐਕਸ਼ਨ ਨਹੀਂ ਕਰ ਸਕਦਾ। ਇਸ ਕਰਕੇ ਸਾਨੂੰ ਖ਼ਾਲਿਸਤਾਨ ਦੇ ਮੁੱਦੇ ਉੱਤੇ ਨਿਡਰ ਹੋਣਾ ਚਾਹੀਦਾ ਹੈ।
ਸਿਮਰਨਜੀਤ ਮਾਨ ਨੇ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਜਿਵੇਂ ਕੋਈ ਜਾਨਵਰ ਆਪਣੀਆਂ ਪਿਛਲੀਆਂ ਲੱਤਾਂ ਵਿੱਚੋਂ ਦੁੰਮ ਦਬਾ ਕੇ ਭੱਜਦਾ ਹੁੰਦਾ ਹੈ, ਉਨ੍ਹਾਂ ਵਿੱਚ ਜੋਗਿੰਦਰ ਉਗਰਾਹਾਂ ਵੀ ਸਨ। ਮਾਨ ਨੇ ਕਿਹਾ ਕਿ ਉਗਰਾਹਾਂ ਦੇ ਉਨ੍ਹਾਂ ਬਾਰੇ (ਸਿਮਰਨਜੀਤ ਮਾਨ) ਕਿਹਾ ਹੈ ਕਿ ਮੇਰੇ ਨਾਨੇ ਨੇ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਸੀ। ਮੈਂ ਉਨ੍ਹਾਂ ਦੇ ਦੋਹਤੇ ਕਰਕੇ ਮੁਆਫ਼ੀ ਮੰਗੀ ਸੀ। ਮਾਨ ਨੇ ਉਗਰਾਹਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਮੈਂ ਇੰਦਰਾ ਗਾਂਧੀ ਨੂੰ ਸਿਰੋਪਾ ਨਹੀਂ ਪਾਇਆ, ਮੇਰਾ ਨਾਂ ਇੰਦਰਾ ਗਾਂਧੀ ਦੇ ਕਤਲ ਦੇ ਮੁਕੱਦਮੇ ਵਿੱਚ ਪੰਜ ਸਾਲ ਚੱਲਿਆ ਅਤੇ ਸਾਲ 1989 ਵਿੱਚ ਸਿੱਖ ਕੌਮ ਨੇ ਮੈਨੂੰ ਵੋਟਾਂ ਪਾ ਕੇ ਫਾਂਸੀ ਦੇ ਫੰਦੇ ਤੋਂ ਰਿਹਾਅ ਕੀਤਾ। ਮਾਨ ਨੇ ਉਗਰਾਹਾਂ ਨੂੰ ਕਾਮਰੇਡ ਕਰਾਰ ਦਿੱਤਾ। ਮਾਨ ਨੇ ਉਗਰਾਹਾਂ ਉੱਤੇ ਹਮਲਾਵਰ ਹੁੰਦਿਆਂ ਕਿਹਾ ਕਿ ਮੇਰੇ ਨਾਨੇ ਤਾਂ ਡਾਇਰ ਨੂੰ ਸਿਰੋਪਾ ਪਾਇਆ ਸੀ, ਤੇਰੇ ਨਾਨੇ ਨੇ 1962 ਵਿੱਚ ਚੀਨ ਜੋ ਲੱਦਾਖ ਦੇ 40 ਹਜ਼ਾਰ ਸੁਕੇਅਰ ਕਿਲੋਮੀਟਰ ਲੁੱਟ ਰਹੇ ਸਨ, ਨੂੰ ਸਿਰੋਪਾ ਦਿੱਤਾ ਹੈ।
ਮਾਨ ਨੇ ਲੋਕਾਂ ਨੂੰ ਲਾਲ ਸਿੰਘ ਚੱਢਾ ਅਤੇ ਜੋਗੀ ਫਿਲਮ ਵੇਖਣ ਦਾ ਸੁਨੇਹਾ ਵੀ ਦਿੱਤਾ। ਮਾਨ ਨੇ ਮੂਸੇਵਾਲਾ ਅਤੇ ਦੀਪ ਸਿੱਧੂ ਦੇ ਕਤਲ ਉੱਤੇ ਦੁੱਖ ਪ੍ਰਗਟਾਇਆ।
ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਪਾਸ ਕੀਤੇ ਗਏ ਮਤੇ
• ਦਮਦਮੀ ਟਕਸਾਲ ਦੇ 14ਵੇਂ ਮੁਖ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਕਸ਼ੇ ਕਦਮਾਂ ਉੱਤੇ ਤੁਰਨ ਦਾ ਪ੍ਰਣ ਕਰਦਾ ਹੈ।
• ਜੇ ਭਾਰਤ ਸਰਕਾਰ ਸਿੱਖਾਂ ਨੂੰ ਆਪਣਾ ਹਿੱਸਾ ਮੰਨਦੀ ਹੈ ਤਾਂ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
• ਸਿੱਖ ਰਾਜਸੀ ਕੈਦੀਆਂ ਨੂੰ ਸਜ਼ਾ ਪੂਰੀ ਹੋਣ ਉੱਤੇ ਵੀ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ। ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
• ਪੰਜਾਬ ਕੇਵਲ ਪੰਜਾਬੀਆਂ ਦਾ ਹੈ। ਸੂਬੇ ਵਿੱਚ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ ਨੌਕਰੀਆਂ ਦਾ 95 ਫ਼ੀਸਦੀ ਪਿਤਾ ਪੁਰਖੀ ਪੰਜਾਬ ਵਾਸੀਆਂ ਲਈ ਰਾਖਵਾਂ ਕੀਤਾ ਜਾਵੇ।
• ਪੰਜਾਬ ਵਿੱਚ ਗੁਆਂਢੀ ਸੂਬਿਆਂ ਦੀ ਤਰਜ਼ ਉੱਤੇ ਕਿਸੇ ਗੈਰ ਪੰਜਾਬੀ ਵੱਲੋਂ ਜ਼ਮੀਨ ਅਤੇ ਹੋਰ ਜਾਇਦਾਦ ਦੀ ਖਰੀਦ ਉੱਤੇ ਤੁਰੰਤ ਰੋਕ ਲਗਾਈ ਜਾਵੇ।
• ਕੇਂਦਰ ਅਤੇ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਿੱਖ ਪੰਥ ਦੇ ਇਤਿਹਾਸ ਨਾਲ ਜੁੜੇ ਸ਼ਹਿਰਾਂ ਅਤੇ ਕਸਬਿਆਂ ਜਿਵੇਂ ਕਿ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਫਤਿਹਗੜ ਸਾਹਿਬ ਸਮੇਤ ਹੋਰ ਸ਼ਹਿਰਾਂ ਨੂੰ ਪਵਿੱਤਰ ਦਰਜਾ ਦੇ ਕੇ ਤੰਬਾਕੂ, ਸ਼ਰਾਬ ਅਤੇ ਹਰ ਤਰ੍ਹਾਂ ਦੇ ਨਸ਼ਿਆਂ ਉੱਤੇ ਤੁਰੰਤ ਰੋਕ ਲਗਾਈ ਜਾਵੇ।
• ਸਾਡੀ ਜਥੇਬੰਦੀ ਪੰਜਾਬ ਨੂੰ ਹਰ ਕਿਸਮ ਦੀ ਗੁਲਾਮੀ ਤੋਂ ਮੁਕਤ ਕਰਵਾ ਕੇ ਖ਼ਾਲਸਾ ਰਾਜ ਦੀ ਖੁਸ਼ਹਾਲੀ ਲਈ ਸੰਘਰਸ਼ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਵੇਗਾ।
• ਸਾਡੀ ਜਥੇਬੰਦੀ ਪੰਜਾਬ ਦੀ ਆਜ਼ਾਦੀ ਲਈ ਵਿੱਢੇ ਸੰਘਰਸ਼ ਦੀ ਸਫ਼ਲਤਾ ਦੇ ਲਈ ਹਰ ਨੌਜਵਾਨ ਅਤੇ ਬਜ਼ੁਰਗ ਨੂੰ ਸਿੱਖ ਸਿਧਾਂਤਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੇ ਲਈ ਗੁਰਭਾਈ ਲਹਿਰ ਚਲਾਏਗੀ। ਉਨ੍ਹਾਂ ਵਿੱਚ ਗੁਰਮਤਿ ਅਤੇ ਰਾਜਸੀ ਚੇਤੰਨਤਾ ਦਾ ਯਤਨ ਕਰੇਗੀ।
• ਭਾਰਤ ਸਰਕਾਰ ਵੱਲੋਂ ਸਿੱਖਾਂ ਨੂੰ ਗੁਰੂ ਸਾਹਿਬ ਜੀ ਤੋਂ ਬੇਮੁਖ ਕਰਨ ਦੇ ਲਈ ਪੰਜਾਬ ਵਿੱਚ ਨਕਲੀ ਨਿਰੰਕਾਰੀ, ਰਾਧਾ ਸੁਆਮੀ, ਝੂਠੇ ਸੌਦੇ ਵਾਲੇ ਤੇ ਹੁਣ ਨਕਲੀ ਪਾਸਟਰਾਂ ਦੀ ਸਰਪ੍ਰਸਤੀ ਕੀਤੀ ਜਾ ਰਹੀ ਹੈ।