ਬਿਊਰੋ ਰਿਪੋਰਟ : ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਸਿਆਸਤ ਵਿੱਚ ਉੱਤਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਘਰ ਤੋਂ ਉਨ੍ਹਾਂ ਨੂੰ ਹੁਕਮ ਹੋਇਆ ਹੈ ਕਿ ਉਹ 2024 ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉੱਤਰਨ, ਜਿਸ ਤੋਂ ਬਾਅਦ ਉਨ੍ਹਾਂ ਨੇ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਯੋਗਰਾਜ ਸਿੰਘ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉੱਤਰਨਗੇ ਜਾਂ ਫਿਰ ਆਜ਼ਾਦ ਪਰ ਲੰਮੇ ਵਕਤ ਤੋਂ ਯੋਗਰਾਜ ਦੀ ਸਿਆਸੀ ਮੀਟਿੰਗਾਂ ਤੋਂ ਉਨ੍ਹਾਂ ਦੇ ਸਿਆਸਤ ਵਿੱਚ ਉੱਤਰਨ ਦੀਆਂ ਚਰਚਾਵਾਂ ਸਨ ।
2022 ਵਿੱਚ ਚੋਣ ਲੜਨਾ ਚਾਹੁੰਦੇ ਸਨ ਯੋਗਰਾਜ
ਅਦਾਕਾਰ, ਕ੍ਰਿਕਟਰ ਯੋਗਰਾਜ ਸਿੰਘ ਦੇ 2022 ਦੀਆਂ ਚੋਣਾਂ ਲੜਨ ਦੀ ਕਾਫ਼ੀ ਚਰਚਾਵਾਂ ਸਨ। ਉਹ 2021 ਵਿੱਚ ਨਵਜੋਤ ਸਿੰਘ ਸਿੱਧੂ ਦੇ ਕਾਫ਼ੀ ਕਰੀਬੀ ਸਨ, ਚਰਚਾਵਾਂ ਸਨ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਨੂੰ ਟਿਕਟ ਦਿਵਾਉਣਗੇ, ਪਰ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸੁਰ ਬਦਲੇ ਅਤੇ ਉਨ੍ਹਾਂ ਨੇ ਯੋਗਰਾਜ ਸਿੰਘ ਨੂੰ ਟਿਕਟ ਦੇਣ ਤੋਂ ਇਨਕਾਰ ਕੀਤਾ ਤਾਂ ਉਹ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਾਲੇ ਵਿੱਚ ਚੱਲੇ ਗਏ। ਅਕਸਰ ਉਹ ਚੰਨੀ ਦੇ ਨਾਲ ਪ੍ਰੋਗਰਾਮਾਂ ਵਿੱਚ ਨਜ਼ਰ ਆਉਂਦੇ ਸਨ, ਪਰ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਟਿਕਟ ਵੰਡ ਦੌਰਾਨ ਜਦੋਂ ਯੋਗਰਾਜ ਸਿੰਘ ਦੇ ਹੱਥ ਖ਼ਾਲੀ ਰਹੇ ਤਾਂ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਆਪਣੀ ਭੜਾਸ ਕੱਢੀ ਅਤੇ ਉਨ੍ਹਾਂ ਖ਼ਿਲਾਫ਼ ਤਿੱਖੀ ਬਿਆਨਬਾਜ਼ੀ ਕੀਤੀ ।
ਲੋਕ-ਸਭਾ ਚੋਣਾਂ ਨੂੰ 1 ਸਾਲ ਦਾ ਸਮਾਂ ਪਿਆ ਹੈ, ਯੋਗਰਾਜ ਸਿੰਘ ਨੇ ਪਹਿਲਾਂ ਹੀ ਸ੍ਰੀ ਆਨੰਦਪੁਰ ਸਾਹਿਬ ਤੋਂ ਆਪਣੀ ਉਮੀਦਵਾਰੀ ਦਾ ਐਲਾਨ ਕਰ ਕੇ ਚੋਣਾਂ ਵਿੱਚ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਸ੍ਰੀ ਆਨੰਦਪੁਰ ਸਾਹਿਬ ਲੋਕ-ਸਭਾ ਹਲਕਾ ਭਾਵੇਂ ਨਾਂ ਤੋਂ ਪੰਥਕ ਸੀਟ ਲੱਗ ਦੀ ਹੈ, ਪਰ ਹਿੰਦੂ ਭਾਈਚਾਰਾ ਇੱਥੇ ਵੱਡੀ ਗਿਣਤੀ ਵਿੱਚ ਰਹਿੰਦਾ ਹੈ ਇਸੇ ਲਈ 2014 ਵਿੱਚ ਅੰਬਿਕਾ ਸੋਨੀ ਅਤੇ 2019 ਵਿੱਚ ਕਾਂਗਰਸ ਨੇ ਮਨੀਸ਼ ਤਿਵਾੜੀ ਨੂੰ ਆਪਣਾ ਉਮੀਦਵਾਰੀ ਬਣਾਇਆ,ਬੀਜੇਪੀ ਜੇਕਰ ਲੋਕ-ਸਭਾ ਵਿੱਚ ਇਕੱਲੇ ਚੋਣ ਲੜਦੀ ਹੈ ਤਾਂ ਹੋ ਸਕਦਾ ਹੈ ਬੀਜੇਪੀ ਯੋਗਰਾਜ ‘ਤੇ ਦਾਅ ਲਾ ਸਕਦੀ ਹੈ, ਅਕਾਲੀ ਦਲ ਕੋਲ ਆਨੰਦਪੁਰ ਸਾਹਿਬ ਸੀਟ ਲਈ ਪ੍ਰੇਮ ਸਿੰਘ ਚੰਦੂਮਾਜਰਾ ਉਮੀਦਵਾਰੀ ਦੇ ਰੂਪ ਵਿੱਚ ਹਨ ਜਦਕਿ ਕਾਂਗਰਸ ਮਨੀਸ਼ ਤਿਵਾੜੀ ‘ਤੇ ਮੁੜ ਤੋਂ ਦਾਅ ਖੇਡ ਸਕਦੇ ਹਨ। ਵੈਸੇ ਬੀਜੇਪੀ ਤੋਂ ਇਲਾਵਾ ਯੋਗਰਾਜ ਆਮ ਆਦਮੀ ਪਾਰਟੀ ਵੱਲੋਂ ਵੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ ।