‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਇਕ ਮਾਨਤਾ ਹੈ ਕਿ ਜਦੋਂ ਸ਼੍ਰੀ ਰਾਮ ਚੰਦਰ 14 ਵਰ੍ਹਿਆਂ ਦਾ ਬਣਵਾਸ ਕੱਟ ਕੇ ਪੂਰੇ ਪਰਿਵਾਰ ਸਣੇ ਅਯੁੱਧਿਆ ਨਗਰੀ ਪਹੁੰਚੇ ਸਨ ਤਾਂ ਉਨ੍ਹਾਂ ਦੇ ਸਵਾਗਤ ਲਈ ਘਿਓ ਦੇ ਦੀਵੇ ਬਾਲੇ ਗਏ ਸਨ ਤੇ ਲੋਕਾਂ ਨੇ ਘਰਾਂ ਦੀਆਂ ਛੱਤਾਂ ਉੱਤੇ ਚੜ੍ਹ ਕੇ ਲੰਕਾ ਫਤਿਹ ਕਰਕੇ ਪੁਸ਼ਪਕ ਵਿਮਾਨ ਵਿੱਚ ਮੁੜਦੇ ਭਗਵਾਨ ਰਾਮ ਦੇ ਦਰਸ਼ਨ ਕੀਤੇ ਸਨ। ਪਰ ਇਸ ਵਰ੍ਹੇ ਦੀਵਾਲੀ ਦੀ ਰਾਤ ਜੋ ਅਯੁਧਿਆ ਵਿੱਚ ਰਾਮ ਦੀ ਪੈੜੀ ਨੇ ਮਹਿਸੂਸ ਕੀਤਾ, ਉਸ ਨਾਲ ਇਕ ਵਾਰ ਤਾਂ ਜਰੂਰ ਭਗਵਾਨ ਰਾਮ ਦਾ ਵੀ ਦਿਲ ਦੁਖਿਆ ਹੋਵੇਗਾ ਕਿ ਮੇਰੀ ਪਰਜਾ ਦਾ ਕਿੰਨਾ ਮੰਦੜਾ ਹਾਲ ਹੈ।
ਅਸਲ ਵਿੱਚ ਇਸ ਵਾਰ ਦੀਵਾਲੀ ਉੱਤੇ ਰਾਮ ਦੀ ਪੈੜੀ ‘ਤੇ ਨੌ ਲੱਖ ਦੀਵੇ ਬਾਲ ਕੇ ਇਕ ਵਿਸ਼ਵ ਰਿਕਾਰਡ ਸਥਾਪਿਤ ਕਰਨ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਸੀ। ਪਰ ਇਹ ਰਿਕਾਰਡ ਇਕ ਵਾਰ ਫਿਰ ਦੇਸ਼ ਦੀ ਅੱਤ ਗਰੀਬੀ ਅੱਗੇ ਫਿੱਕਾ ਪੈ ਗਿਆ। ਅਯੁੱਧਿਆ ਨੇੜੇ ਵਸੀਆਂ ਹੋਈਆਂ ਗਰੀਬ ਬਸਤੀਆਂ ਤੇ ਨੇੜੇ ਦੇ ਘਰਾਂ ਤੋਂ ਆ ਕੇ ਲੋਕਾਂ ਨੇ ਇਕੱਲੇ-ਇਕੱਲੇ ਦੀਵੇ ਦਾ ਤੇਲ ਆਪਣੇ ਡੱਬਿਆ ਤੇ ਪੀਪਿਆਂ, ਬੋਤਲਾਂ ‘ਚ ਭਰ ਲਿਆ। ਲੋਕਾਂ ਦਾ ਕਹਿਣਾ ਹੈ ਕਿ ਦੇਸੀ ਤੇਲ ਦੀ ਕੀਮਤ 200 ਰੁਪਏ ਲੀਟਰ ਪੁੱਜ ਗਈ ਹੈ।
ਰੋਟੀ ਖਾਣ ਤੋਂ ਪਹਿਲਾਂ ਪਕਾਉਣ ਦੀ ਤਕਲੀਫ ਵਧ ਗਈ ਹੈ। ਲੋਕ ਭੁੱਖੇ ਮਰਨ ਲਈ ਮਜ਼ਬੂਰ ਹਨ ਤਾਂ ਕੀ ਹੋਇਆ ਜੇ ਇਨ੍ਹਾਂ ਦੀਵਿਆਂ ਦਾ ਤੇਲ ਕੱਢ ਕੇ ਅਸੀਂ ਖਾਣਾ ਪਕਾ ਲਵਾਂਗੇ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਮਜ਼ਦੂਰੀ ਮਿਲ ਨਹੀਂ ਰਹੀ ਹੈ ਤੇ ਦੇਸੀ ਤੇਲ ਨੇ ਹੀ ਬੱਚੇ ਭੁੱਖੇ ਮਾਰਨੇ ਲਏ ਹੋਏ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਦੀਵਿਆਂ ਨੂੰ ਜਗਾਉਣ ਲਈ 12 ਹਜ਼ਾਰ ਵਾਲੰਟੀਅਰਾਂ ਦਾ ਸਹਾਰਾ ਲਿਆ ਗਿਆ ਸੀ। 200 ਰੁਪਏ ਲੀਟਰ ਇਹ ਉਹੀ ਦੇਸੀ ਤੇਲ ਹੈ, ਜਿਹੜਾ ਲੋਕ ਖਾਣਾ ਪਕਾਉਣ ਲਈ ਵਰਤਦੇ ਹਨ ਤੇ ਇਨ੍ਹਾਂ ਨਾਲ ਹੀ ਇਹ ਦੀਵੇ ਜਗਾਏ ਗਏ ਹਨ।
ਸਰਕਾਰ ਇਹ ਨਾ ਭੁੱਲ ਜਾਵੇ…
ਦੂਜੇ ਬੰਨੇ ਦੀ ਸੱਚਾਈ ਇਹ ਹੈ ਕਿ ਲੋਕ ਖਾਣਾ ਪਕਾਉਣ ਦੇ ਕੰਮ ਆਉਣ ਵਾਲਾ ਇਹ ਦੇਸੀ ਤੇਲ ਖਰੀਦਣ ਵੀ ਔਖੇ ਹੋਏ ਪਏ ਹਨ। ਸੰਸਾਰ ‘ਚ ਇਹ ਦੀਵੇ ਬਾਲ ਕੇ ਸਰਕਾਰ ਜ਼ਰੂਰ ਸੋਚਦੀ ਹੋਵੇਗੀ ਕਿ ਵਿਸ਼ਵ ਰਿਕਾਰਡ ਬਣ ਗਿਆ ਹੈ, ਪਰ ਲੋਕਾਂ ਦੀ ਗਰੀਬੀ ਦਾ ਰਿਕਾਰਡ ਸਰਕਾਰੀ ਦੀਵਿਆਂ ਦੇ ਇਸ ਰਿਕਾਰਡ ਨੂੰ ਹਾਲੇ ਵੀ ਨੇੜੇ ਨਹੀਂ ਲੱਗਣ ਦੇ ਰਿਹਾ। ਕਿਉਂ ਕਿ ਸਰਕਾਰ ਨਾ ਭੁੱਲੇ ਕਿ ਅਸੀਂ ਸਾਲ 2019 ਦੇ ਗਲੋਬਲ ਹੰਗਰ ਇੰਡੈਕਸ ‘ਚ 117 ਦੇਸ਼ਾਂ ਦੀ ਸੂਚੀ ‘ਚ ਹਾਲੇ ਵੀ 102 ਨੰਬਰ ਉੱਤੇ ਖੜ੍ਹੇ ਹਾਂ।
ਇਹ ਵੀ ਨਾ ਭੁੱਲੀਏ ਕਿ ਭਾਰਤ ‘ਚ ਪ੍ਰਤੀ 1000 ਬੱਚੇ ਪਿੱਛੇ 34 ਅਜਿਹੇ ਹਨ ਜੋ ਮਾਂ ਦੀ ਕੁੱਖ ‘ਚ ਹੀ ਦਮ ਤੋੜ ਦਿੰਦੇ ਹਨ ਤੇ 5 ਸਾਲ ਤੋਂ ਘੱਟ ਉਮਰ ਦੇ 9 ਲੱਖ ਬੱਚੇ ਭੁੱਖ ਦੀ ਬਲੀ ਚੜ੍ਹ ਜਾਂਦੇ ਹਨ। ਤੇ ਸਰਕਾਰ ਇਹ ਵੀ ਨਾ ਭੁੱਲੇ ਕਿ ਦੇਸ਼ ਵਿਚ ਰੋਜ਼ਾਨਾ 3000 ਬੱਚੇ ਕੁਪੋਸ਼ਣ ਨਾਲ ਮਰਦੇ ਹਨ ਤੇ 19 ਕਰੋੜ ਲੋਕ ਭੁੱਖੇ ਢਿੱਡ ਸੌਂਦੇ ਹਨ।
ਸਰਕਾਰ ਦੀਆਂ ਗਰੀਬੀ ਹਟਾਓ ਯੋਜਨਾਵਾਂ ਨੂੰ ਅਯੁੱਧਿਆ ਵਿੱਚ ਬਾਲੇ ਇਹ ਨੌ ਲੱਖ ਦੀਵੇ ਤੇ ਇਨ੍ਹਾਂ ਦੀਵਿਆਂ ਵਿੱਚੋਂ ਬੋਤਲਾਂ ਵਿਚ ਦੇਸੀ ਤੇਲ ਭਰਦੇ ਲੋਕ ਸ਼ੀਸ਼ਾ ਦਿਖਾਉਣ ਲਈ ਕਾਫੀ ਹਨ। ਜੇ ਸਰਕਾਰ ਨੌ ਲੱਖ ਦੀਵਿਆਂ ਵਿੱਚ ਦੇਸੀ ਤੇਲ ਭਰਨ ਦੀ ਥਾਂ ਲੋਕਾਂ ਦੀਆਂ ਰਸੋਈਆਂ ਵਿਚ ਰੱਖੀਆਂ ਤੇਲ ਦੀਆਂ ਬੋਤਲਾਂ ਵਿੱਚ ਇਹ ਦੇਸੀ ਤੇਲ ਪਾਉਂਦੀ ਤਾਂ ਸ਼ਾਇਦ ਭਗਵਾਨ ਰਾਮ ਚੰਦਰ ਅਯੁੱਧਿਆ ਮੁੜ ਕੇ ਜਿਆਦਾ ਖੁਸ਼ ਹੁੰਦੇ, ਨਹੀਂ ਤਾਂ ਬਣਵਾਸ ਵਾਲਾ ਜੰਗਲ ਜ਼ਿਆਦਾ ਬਿਹਤਰ ਹੈ।