ਲੰਘੇ ਕੱਲ੍ਹ ਸ਼ਨੀਵਾਰ ਨੂੰ ਇੱਕ ਨਿੱਜੀ ਚੈਨਲ ਵੱਲੋਂ ਕਰਾਏ ਸੰਮੇਲਨ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਅੰਦੋਲਨ ਤੇ ਗੱਲ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ। ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ‘ਤੇ ਕਿਸਾਨਾਂ ਦੇ ਅੰਦੋਲਨ ਬਾਰੇ CM ਮਾਨ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ। ਆਪਣੇ ਹੱਕਾਂ ਲਈ ਲੜਨਾ ਇੱਕ ਜਮਹੂਰੀ ਹੱਕ ਹੈ, ਪਰ ਕਿਸਾਨਾਂ ਦੇ ਅੰਦੋਲਨ ਕਾਰਨ ਸਰਹੱਦ ਬੰਦ ਹੋ ਗਈ ਸੀ ਅਤੇ ਪੰਜਾਬ ਨੂੰ ਰੋਕ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਮਾਮਲਾ ਕੇਂਦਰ ਸਰਕਾਰ ਦੇ ਨਾਲ ਜੁੜਿਆ ਹੈ ਅਤੇ ਉਹਨਾਂ ਨੇ ਪੰਜਾਬ ਨੂੰ ਆਉਂਦਾ ਹਾਈਵੇਅ ਬਿਲਕੁਲ ਜਾਮ ਕਰ ਦਿੱਤਾ। ਅਸੀਂ ਕੋਈ ਲਾਠੀ ਜਾਂ ਜਲ ਤੋਪਾਂ ਦੀ ਵਰਤੋਂ ਨਹੀਂ ਕੀਤੀ ਸਗੋਂ ਕਿਸਾਨਾਂ ਨੂੰ ਪਿਆਰ ਨਾਲ ਸਮਝਾਉਂਦਿਆਂ ਕਿਹਾ ਕਿ ਅਸੀਂ ਰਸਤਾ ਖੋਲ੍ਹਣਾ ਹੈ। ਪੁਲਿਸ ਦੀਆਂ ਬੱਸਾਂ ਖੜ੍ਹੀਆਂ ਨੇ ਕਿਸਾਨ ਉਹਨਾਂ ਚ ਜਾ ਕੇ ਬੈਠ ਜਾਣ। ਅਸੀਂ ਬਾਰਡਰ ਖੋਲ੍ਹਣੇ ਹਨ ਕਿਉਂਕਿ ਪੰਜਾਬ ਨੂੰ ਘਾਟਾ ਹੋ ਰਿਹਾ ਹੈ। ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤ ਹੋ ਰਹੀ ਹੈ। ਜੇਕਰ ਮੰਗਾਂ ਕੇਂਦਰ ਤੋਂ ਹਨ ਤਾਂ ਪੰਜਾਬ ਦੇ ਲੋਕਾਂ ਨੂੰ ਮੁਸ਼ਕਲਾਂ ਕਿਉਂ ਦਿੱਤੀਆਂ ਜਾ ਰਹੀਆਂ ਹਨ? ਉਹਨਾਂ ਕੇਂਦਰ ਨਾਲ ਮੀਟਿੰਗ ਬਾਰੇ ਬੋਲਦਿਆਂ ਕਿਹਾ ਕਿ 4 ਮਈ ਨੂੰ ਕੇਂਦਰ ਨਾਲ ਅਜੇ ਵੀ ਇੱਕ ਮੀਟਿੰਗ ਹੋਣੀ ਹੈ। ਕਈ ਮੀਟਿੰਗਾਂ ਪਹਿਲਾਂ ਹੀ ਹੋ ਚੁੱਕੀਆਂ ਸਨ। ਮੈਂ 4 ਮਈ ਨੂੰ ਕਿਸਾਨਾਂ ਨੂੰ ਮੀਟਿੰਗ ਵਿੱਚ ਨਿੱਜੀ ਤੌਰ ‘ਤੇ ਨਾਲ ਲੈ ਜਾਵਾਂਗਾ।
ਉਸੇ ਸੰਮੇਲਨ ‘ਚ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਿਆ ਗਿਆ ਕਿ ਇਸ ਸਮੇਂ ਪੰਜਾਬ ਵਿੱਚ ਵੀ ਬੁਲਡੋਜ਼ਰ ਐਕਸ਼ਨ ਚੱਲ ਰਿਹਾ ਹੈ ਤਾਂ ਕੀ ਪੰਜਾਬ ਨੇ ਵੀ ਦੂਜੇ ਰਾਜਾਂ ਵਾਂਗ ਇਸ ਮਾਡਲ ਨੂੰ ਅਪਣਾ ਲਿਆ ਹੈ? ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕੋਈ ਦੂਜੇ ਸੂਬਿਆਂ ਨੂੰ ਕਾਪੀ ਨਹੀਂ ਕੀਤਾ। ਅਸੀਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕਰ ਦਿੱਤੀ ਹੈ। ਸਾਡਾ ਸੂਬਾ ਸਰਹੱਦੀ ਹੈ, ਇਸ ਲਈ ਜ਼ਿਆਦਾਤਰ ਨਸ਼ੇ ਸਰਹੱਦ ਪਾਰ ਤੋਂ ਆਉਂਦੇ ਹਨ।
ਕਾਨੂੰਨ ਅਨੁਸਾਰ, ਅਸੀਂ ਨਸ਼ੀਲੇ ਪਦਾਰਥਾਂ ਦੇ ਪੈਸੇ ਨਾਲ ਬਣੀਆਂ ਇਮਾਰਤਾਂ ਵਿਰੁੱਧ ਕਾਰਵਾਈ ਕਰਕੇ ਢਾਹ ਸਕਦੇ ਹਾਂ। ਅਦਾਲਤਾਂ ਵਿੱਚ 20-20 ਸਾਲ ਕੇਸ ਚੱਲਦੇ ਰਹਿੰਦੇ ਹਨ। ਸਾਨੂੰ ਨਸ਼ਾ ਤਸਕਰਾਂ ਨੂੰ ਇੱਕ ਸੰਦੇਸ਼ ਦੇਣਾ ਪਵੇਗਾ। ਬੁਲਡੋਜ਼ਰ ਕਾਰਵਾਈ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਬੁਲਡੋਜ਼ਰ ਕਾਰਵਾਈ ਜ਼ਰੂਰੀ ਹੈ। ਮੈਂ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਦੇ ਘਰ ਢਾਹ ਕੇ ਇਨਸਾਫ਼ ਕਰ ਰਿਹਾ ਹਾਂ। ਇਲੈਕਟਰ ਫੈਸਲਾ ਕਰਨਗੇ , ਸੈਲੇਕਟਰ ਨਹੀਂ। ਸਿਰਫ਼ ਅਦਾਲਤਾਂ ਹੀ ਨਹੀਂ ਸਗੋਂ ਸਰਕਾਰਾਂ ਵੀ ਫੈਸਲੇ ਕਰ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਤਰ੍ਹਾਂ ਦਾ ਇਨਸਾਫ਼ ਹੈ ਜੋ ਮੈਂ ਪੰਜਾਬ ਵਿੱਚ ਕਰ ਰਿਹਾ ਹਾਂ। ਅਸੀਂ ਨਸ਼ਾ ਤਸਕਰੀ ਵਿੱਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਕਰ ਰਹੇ ਹਾਂ ਅਤੇ ਇਹ ਭਵਿੱਖ ਵਿੱਚ ਵੀ ਜਾਰੀ ਰਹੇਗਾ। ਜਦੋਂ ਅਦਾਲਤ ਵੱਲੋਂ ਕੋਈ ਸਵਾਲ ਪੁੱਛਿਆ ਜਾਵੇਗਾ ਤਾਂ ਅਸੀਂ ਜਵਾਬ ਦੇਵਾਂਗੇ।