ਮੌਸਮ ਸਾਫ਼ ਹੋ ਜਾਣ ਮਗਰੋਂ ਸਿੱਖ ਧਰਮ ਦੇ ਪਵਿੱਤਰ ਤੀਰਥ ਅਸਥਾਨ ਮੰਨੇ ਜਾਂਦੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਲਈ ਯਾਤਰਾ ਮੁੜ ਸੁਚਾਰੂ ਢੰਗ ਨਾਲ ਸ਼ੁਰੂ ਹੋ ਗਈ ਹੈ। ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿੱਚ ਅੱਜ ਮੌਸਮ ਸਾਫ਼ ਹੈ ਅਤੇ ਬਰਫ਼ ਵੀ ਹਟਾਈ ਗਈ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਦੱਸਿਆ ਸੀ ਕਿ ਖ਼ਰਾਬ ਮੌਸਮ ਕਾਰਨ ਪ੍ਰਸ਼ਾਸਨ ਨੇ ਯਾਤਰਾ ਨੂੰ ਪਿਛਲੇ ਦਿਨਾਂ ਤੋਂ ਰੋਕ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਤੀਰਥ ਅਸਥਾਨ ਦੇ ਦਰਸ਼ਨਾਂ ਲਈ ਭਾਰੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ।
ਪ੍ਰਸ਼ਾਸਨ ਅਤੇ ਟਰੱਸਟ ਵੱਲੋਂ ਸਾਰੇ ਬਜ਼ੁਰਗ ਨਾਗਰਿਕਾਂ ਅਤੇ ਛੋਟੇ ਬੱਚਿਆਂ ਨੂੰ ਬਰਫ ਪਿਘਲਣ ਤੱਕ ਯਾਤਰਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਜਦੋਂ ਬਰਫ਼ ਪਿਘਲ ਜਾਂਦੀ ਹੈ ਤਾਂ ਇਹ ਟ੍ਰੈਕ ਰੂਟ ‘ਤੇ ਆਉਂਦੀ ਹੈ ਅਤੇ ਇਸਨੂੰ ਹਟਾਉਣਾ ਪੈਂਦਾ ਹੈ, ਇਹ ਇੱਕ ਕੁਦਰਤੀ ਵਰਤਾਰਾ ਹੈ ਅਤੇ ਹਰ ਸਾਲ ਅੱਧ ਜੂਨ ਤੱਕ ਹੁੰਦਾ ਹੈ। ਹੇਮਕੁੰਟ ਸਾਹਿਬ 15,210 ਫੁੱਟ ਦੀ ਉਚਾਈ ‘ਤੇ ਹੈ। ਮੌਸਮ ਵਿੱਚ ਹੋਣ ਵਾਲੀ ਤਬਦੀਲੀ ਦੇ ਨਾਲ ਹੀ ਇੱਥੇ ਬਰਫ਼ਬਾਰੀ ਹੋ ਜਾਂਦੀ ਹੈ।
20 ਮਈ ਤੋਂ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਈ ਸੀ, ਇਸ ਮੌਕੇ ਉੱਤਰਾਖੰਡ ਦੇ ਮੁੱਖ ਮੰਤਰੀ ਅਤੇ ਰਾਜਪਾਲ ਵੀ ਮੌਜੂਦ ਰਹੇ ਸਨ। ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੇ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਸੀ। ਇਸ ਵਿੱਚ ਪ੍ਰਸਾਸ਼ਨ ਵੱਲੋਂ ਬਿਮਾਰ ਵਿਅਕਤੀਆਂ, 60 ਸਾਲ ਤੋਂ ਵਧੇਰੀ ਉਮਰ ਦੇ ਸ਼ਰਧਾਲੂਆਂ ਤੇ ਬੱਚਿਆਂ ਨੂੰ ਫਿਲਹਾਲ ਯਾਤਰਾ ’ਤੇ ਨਾ ਆਉਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਹੇਮਕੁੰਟ ਸਾਹਿਬ ਦੇ ਕੇਵਾੜ 20 ਮਈ ਨੂੰ ਖੁੱਲੇ ਸਨ ਪਰ ਪਹਿਲੇ ਜਥੇ ਨੂੰ ਰਿਸ਼ੀਕੇਸ਼ ਤੋਂ 17 ਮਈ ਨੂੰ ਰਵਾਨਾ ਕੀਤਾ ਗਿਆ ਸੀ। ਇਸੇ ਮਹੀਨੇ ਹੀ ਫੌਜ ਵੱਲੋਂ ਬਰਫ਼ ਕੱਟ ਕੇ ਰਸਤੇ ਤਿਆਰ ਕੀਤੇ ਗਏ ਹਨ।