India

ਚੱਕਰਵਾਤੀ ਤੂਫਾਨ ਤੌਕਤੇ ਤੋਂ ਬਾਅਦ ਹੁਣ ਯਾਸ ਤਬਾਹੀ ਮਚਾਉਣ ਲਈ ਤਿਆਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੱਕਰਵਾਤੀ ਤੂਫਾਨ ਤੌਕਤੇ ਤੋਂ ਬਾਅਦ ਹੁਣ ਯਾਸ ਨਾਂ ਦਾ ਤੂਫਾਨ ਪਰੇਸ਼ਾਨੀ ਦਾ ਕਾਰਣ ਬਣਨ ਜਾ ਰਿਹਾ ਹੈ। ਇਸ ਲਈ ਸਰਕਾਰ ਨੇ ਵੀ ਮੁਸ਼ਤੈਦੀ ਫੜ੍ਹ ਲਈ ਹੈ। ਜਾਣਕਾਰੀ ਅਨੁਸਾਰ ਇਹ ਤੂਫਾਨ ਬੰਗਾਲ ਦੀ ਖਾੜੀ ਵਿੱਚ ਬਣ ਰਿਹਾ ਹੈ ਤੇ ਅੱਜ ਅਤੇ ਕੱਲ੍ਹ ਇਸ ਤੂਫਾਨ ਦੇ ਪੱਛਮੀ ਅਤੇ ਉੜੀਸਾ ਦੇ ਕੰਢਿਆਂ ਉੱਤੇ ਟਕਰਾਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਲੋਕ ਵੀ ਇਸ ਤੂਫਾਨ ਦੇ ਖਤਰੇ ਨੂੰ ਦੇਖਦੇ ਹੋਏ ਸੁਰੱਖਿਅਤ ਥਾਵਾਂ ਵੱਲ ਕੂਚ ਕਰ ਰਹੇ ਹਨ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੂਫਾਨ ਨਾਲ ਨਜਿੱਠਣ ਲਈ ਤੈਆਰੀਆਂ ਦੀ ਸਮੀਖਿਆ ਵੀ ਕੀਤੀ ਹੈ।

ਜਾਣਕਾਰੀ ਅਨੁਸਾਰ ਉੜੀਸਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਨੇ ਕਿਹਾ ਹੈ ਕਿ ਸਰਕਾਰ ਇਸ ਤੂਫਾਨ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੂਫਾਨ ਨਾਲ ਪੱਛਮੀ ਬੰਗਾਲ ਦੇ 20 ਜਿਲ੍ਹੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਉੱਧਰ, ਮੌਸਮ ਵਿਭਾਗ ਅਨੁਸਾਰ ਉੱਤਰੀ ਉੜੀਸਾ ਦੇ ਬਾਲੇਸ਼ਵਰ ਅਤੇ ਧਾਮਰਾ ਕੰਢੇ ਨਾਲ ਟਕਰਾਉਣ ਵਾਲਾ ਇਹ ਤੂਫਾਨ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤਿਆਰ ਹੋ ਰਿਹਾ ਸੀ।

ਬਾਲੇਸ਼ਵਰ ਕੰਢੇ ਉੱਤੇ 4 ਮੀਟਰ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਹੈ। ਹਵਾ ਦੀ ਰਫਤਾਰ ਵੀ 120 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਕਰੀਬ 15,000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਚੁੱਕਾ ਹੈ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਜੂਝਣ ਲਈ ਐਨਡੀਆਰਐੱਫ ਦੀਆਂ 52 ਟੀਮਾਂ, ਓਡੀਆਰਐੱਫ ਦੀਆਂ 60 ਅਤੇ ਅੱਗ ਬੁਝਾਊ ਵਿਭਾਗ ਦੀਆਂ 206 ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ। (Photo BBC News)