Punjab

‘ਆਪ’ ਨੂੰ ਟਪਲਾ ਖਾਣਾ ਪਿਆ ਮਹਿੰਗਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਨੂੰ ਟਪਲਾ ਖਾਣਾ ਮਹਿੰਗਾ ਪਿਆ ਹੈ। ਆਮ ਆਦਮੀ ਪਾਰਟੀ ਦੇ ਆਈਟੀ ਵਿੰਗ ਵੱਲੋਂ ਪੰਜਾਬ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫਸੇ ਅਫ਼ਸਰਾਂ ਦੇ ਬਣਾਏ ਪੋਸਟਰ ਵਿੱਚ ਗਲਤੀ ਨਾਲ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਤਸਵੀਰ ਲਾ ਦਿੱਤੀ ਗਈ ਹੈ। ਪੋਸਟਰ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਜੋਗਿੰਦਰਪਾਲ ਜੈਨ ਅਤੇ ਸੰਗਤ ਸਿੰਘ ਗਿਲਜੀਆ ਦੀ ਫੋਟੋ ਛਾਪੀ ਗਈ ਹੈ। ਹਾਲਾਂਕਿ, ਆਪ ਸਰਕਾਰ ਨੇ ਆਪਣੇ ਸੋਸ਼ਲ ਹੈਂਡਲਾਂ ਤੋਂ ਇਸ ਪੋਸਟਰ ਨੂੰ ਹਟਾ ਦਿੱਤਾ ਹੈ ਪਰ ਅਖ਼ਬਾਰਾਂ ਵਿੱਚ ਇਹ ਪੋਸਟਰ ਛਪ ਚੁੱਕਾ ਹੈ।

ਲਾਲਪੁਰਾ ਨੇ ਆਮ ਆਦਮੀ ਪਾਰਟੀ ਦੀ ਕੁਤਾਹੀ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੱਤਕ ਦੇ ਕੇਸ ਵਿੱਚ ਅਦਾਲਤ ਵਿੱਚ ਘੜੀਸਣ ਦੀ ਧਮਕੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਆਪ ਕੋਲ ਆਈਟੀ ਦੀ ਟੀਮ ਵਿੱਚ ਸਭ ਤੋਂ ਵੱਧ ਡੇਢ ਸੌ ਮਾਹਿਰ ਭਰਤੀ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਲਈ ਸੌ ਦੇ ਕਰੀਬ ਆਈਟੀ ਮਾਹਿਰਾਂ ਦੀ ਇੱਕ ਵੱਖਰੀ ਟੀਮ ਕੰਮ ਕਰ ਰਹੀ ਹੈ।

ਇਕਬਾਲ ਸਿੰਘ ਲਾਲਪੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਤਸਵੀਰ ਥੱਲੇ ਉਨ੍ਹਾਂ ਦਾ ਨਾਮ ਲਿਖ ਕੇ ਉਨ੍ਹਾਂ ਨੂੰ ਦਰੱਖਤਾਂ ਦੀ ਕਟਾਈ ਵਿੱਚ ਰਿਸ਼ਵਤਖੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਦਿਖਾਇਆ ਗਿਆ ਹੈ ਅਤੇ ਉਨ੍ਹਾਂ ਸਾਬਕਾ ਜੰਗਲਾਤ ਮੰਤਰੀ ਦੱਸਿਆ ਗਿਆ ਹੈ। ਲਾਲਪੁਰਾ ਨੇ ਦੱਸਿਆ ਕਿ ਉਹ ਨਾ ਤਾਂ ਕਦੇ ਜੰਗਲਾਤ ਮੰਤਰੀ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਵੀ ਜੁਰਮ ਅਧੀਨ ਆਮ ਆਦਮੀ ਪਾਰਟੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ‘ਆਪ’ ਗਿਣੀ-ਮਿਥੀ ਸਾਜ਼ਿਸ਼ ਅਧੀਨ ਫੋਟੋ ਲਗਾ ਕੇ ਉਨ੍ਹਾਂ ਨੂੰ ਲੋਕਾਂ ਵਿੱਚ ਬਦਨਾਮ ਕਰ ਰਹੀ ਹੈ, ਜਿਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਾਣਹਾਨੀ ਨੋਟਿਸ ਭੇਜਿਆ ਹੈ।