The Khalas Tv Blog India ਨਹੀਂ ਰਹੇ ‘ਕਭੀ ਕਭੀ’, ‘ਚਾਂਦਨੀ’ ਤੇ ‘ਸਿਲਸਿਲਾ’ ਵਰਗੀਆਂ ਸੁਪਰਹਿੱਟ ਫਿਲਮਾਂ ਲਿਖਣ ਵਾਲੇ ਸਾਗਰ ਸਰਹੱਦੀ
India International Punjab

ਨਹੀਂ ਰਹੇ ‘ਕਭੀ ਕਭੀ’, ‘ਚਾਂਦਨੀ’ ਤੇ ‘ਸਿਲਸਿਲਾ’ ਵਰਗੀਆਂ ਸੁਪਰਹਿੱਟ ਫਿਲਮਾਂ ਲਿਖਣ ਵਾਲੇ ਸਾਗਰ ਸਰਹੱਦੀ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਸਦਾਬਹਾਰ ਫਿਲਮਾਂ ‘ਕਭੀ-ਕਭੀ’, ‘ਚਾਂਦਨੀ’ ਤੇ ‘ਸਿਲਸਿਲਾ’ ਦੀ ਕਹਾਣੀ ਰਚਣ ਵਾਲੇ ਕਹਾਣੀਕਾਰ ਤੇ ਫਿਲਮ ਨਿਰਦੇਸ਼ਕ ਸਾਗਰ ਸਰਹੱਦੀ ਦੀ ਕੱਲ੍ਹ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਹ 88 ਸਾਲਾਂ ਦੇ ਸਨ ਤੇ ਕਾਫੀ ਸ਼ਰੀਰਕ ਕਮਜ਼ੋਰੀ ਝੱਲ ਰਹੇ ਸਨ। ਸਾਗਰ ਸਰਹੱਦੀ ਨੂੰ ਕਈ ਬਿਮਾਰੀਆਂ ਨੇ ਵੀ ਜਕੜ ਕੇ ਰੱਖਿਆ ਹੋਇਆ ਸੀ। ਕੱਲ੍ਹ ਸ਼ਾਮ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਮੁੰਬਈ ਦੇ ਸੀਓਨ ਸ਼ਮਸ਼ਾਨਘਾਟ ’ਚ ਕੀਤਾ ਗਿਆ।

ਜ਼ਿਕਰਯੋਗ ਹੈ ਕਿ 11 ਮਈ 1933 ਨੂੰ ਪਾਕਿਸਤਾਨ ਦੇ ਐਬਟਾਬਾਦ ਵਿੱਚ ਪੈਦਾ ਹੋਏ ਸਾਗਰ ਸਰਹੱਦੀ ਦਾ ਪੱਕਾ ਨਾਂ ਗੰਗਾ ਸਾਗਰ ਤਲਵਾਰ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਦਾਨ ਸਿੰਘ ਤਲਵਾਰ ਤੇ ਮਾਤਾ ਪ੍ਰੇਮ ਦੇਵੀ ਸੀ। ਉੱਘੇ ਫ਼ਿਲਮਸਾਜ਼ ਰਮੇਸ਼ ਤਲਵਾਰ ਉਨ੍ਹਾਂ ਦੇ ਭਤੀਜੇ ਹਨ। ਸਾਗਰ ਸਰਹੱਦੀ ਦੀ ਮੌਤ ਬਾਰੇ ਮੀਡੀਆ ਨੂੰ ਜਾਣਕਾਰੀ ਉਨ੍ਹਾਂ ਨੇ ਹੀ ਦਿੱਤੀ ਹੈ।

ਮਰਹੂਮ ਸਾਗਰ ਸਰਹੱਦੀ ਨੇ ਉਰਦੂ ਭਾਸ਼ਾ ’ਚ ਨਿੱਕੀਆਂ ਕਹਾਣੀਆਂ ਲਿਖੀਆਂ। 1976 ’ਚ ਯਸ਼ ਚੋਪੜਾ ਦੀ ਸੁਪਰਹਿੱਟ ਫ਼ਿਲਮ ‘ਕਭੀ ਕਭੀ’ ਦੀ ਕਹਾਣੀ ਲਿਖੀ। ਇਹ ਉਨ੍ਹਾਂ ਦੀ ਸ਼ੁਰੂਆਤ ਦੇ ਦਿਨ ਸਨ। ਇਸ ਤੋਂ ਬਾਅਦ ‘ਸਿਲਸਿਲਾ’ ਤੇ ‘ਚਾਂਦਨੀ’ ਵਰਗੀਆਂ ਸਦਾਬਹਾਰ ਫ਼ਿਲਮਾਂ ਵੀ ਲਿਖੀਆਂ।

1982 ’ਚ ਬਣੀ ਆਰਟ ਫ਼ਿਲਮ ‘ਬਾਜ਼ਾਰ’ ਦੀ ਬਾਲੀਵੁੱਡ ਵਿੱਚ ਆਪਣੀ ਥਾਂ ਹੈ। ਇਹ ਫ਼ਿਲਮ ਸਾਗਰ ਸਰਹੱਦੀ ਦੀ ਆਪਣੀ ਪ੍ਰੋਡਕਸ਼ਨ ਸੀ।

ਇਸ ਤੋਂ ਇਲਾਵਾ ਸ਼ਾਹਰੁਖ਼ ਖਾਨ ਦੀ ਫ਼ਿਲਮ ‘ਦੀਵਾਨਾ’ ਤੇ ਰਿਤਿਕ ਰੌਸ਼ਨ ਦੀ ਫ਼ਿਲਮ ‘ਕਹੋ ਨਾ ਪਿਆਰ ਹੈ’ ਦੇ ਡਾਇਲੌਗ ਵੀ ਸਾਗਰ ਸਰਹੱਦੀ ਦੀ ਹੀ ਕਲਮ ‘ਚੋਂ ਨਿਕਲੇ ਹਨ। ਜ਼ਿੰਦਗੀ (1976), ਨੂਰੀ (1979), ਰੰਗ (1993), ਕਰਮਯੋਗੀ, ਕਾਰੋਬਾਰ, ਚੌਸਰ ਦੀ ਸਕ੍ਰਿਪਟ ਲਿਖ ਕੇ ਸਾਗਰ ਸਰਹੱਦੀ ਨੇ ਰਹਿੰਦੀ ਦੁਨੀਆਂ ਤੱਕ ਆਪਣੀ ਪਛਾਣ ਬਣਾ ਲਈ ਹੈ।

Exit mobile version