India

ਕੁਸ਼ਤੀ ਮੈਚ ਦੌਰਾਨ ਪਹਿਲਵਾਨ ਦੀ ਗੋਲੀ ਮਾਰ ਕੇ ਹੱਤਿਆ, ਭਗਦੜ ਮਚੀ

ਸੋਨੀਪਤ : ਹਰਿਆਣਾ ਦੇ ਸੋਨੀਪਤ ਵਿੱਚ ਕਤਲਾਂ ਦੀ ਲੜੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਤਾਜ਼ਾ ਮਾਮਲਾ ਸੋਨੀਪਤ ਦੇ ਕੁੰਡਲ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਆਯੋਜਿਤ ਕੁਸ਼ਤੀ ਮੁਕਾਬਲੇ ਦੌਰਾਨ, ਬਾਈਕ ‘ਤੇ ਸਵਾਰ ਦੋ ਹਮਲਾਵਰਾਂ ਨੇ ਸੋਹਤੀ ਧਾਮ ਕੁਸ਼ਤੀ ਅਖਾੜੇ ਦੇ ਸੰਚਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਸੰਚਾਲਕ ਨੂੰ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਜ਼ਖਮੀ ਨੂੰ ਖਰਖੋਦਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੇ ਚਾਚਾ ਚੰਦ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਰਾਕੇਸ਼ ਦਾ ਪਿੰਡ ਦੇ ਹੀ ਮਨੋਜ ਉਰਫ਼ ਕਾਲਾ ਅਤੇ ਉਸ ਦੇ ਪਰਿਵਾਰ ਨਾਲ ਜ਼ਮੀਨ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਕਰੀਬ 6-7 ਮਹੀਨੇ ਪਹਿਲਾਂ ਇਸੇ ਝਗੜੇ ਨੂੰ ਲੈ ਕੇ ਲੜਾਈ ਹੋਈ ਸੀ, ਜਿਸ ਸਬੰਧੀ ਪੁਲਿਸ ਕੋਲ ਕੇਸ ਦਰਜ ਹੋਇਆ ਸੀ। ਪ੍ਰਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮਨੋਜ ਅਤੇ ਉਸ ਦੇ ਭਤੀਜੇ ਸਾਹਿਲ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਇਸ ਰੰਜਿਸ਼ ਨੂੰ ਲੈ ਕੇ ਰਾਕੇਸ਼ ਦਾ ਕਤਲ ਕਰ ਦਿਤਾ।

ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਖਰਖੌਦਾ ਭੇਜ ਦਿਤੀ ਹੈ। ਪੁਲਿਸ ਨੇ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ, ਤਾਂ ਜੋ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਸਕਣ। ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਦੋਸ਼ੀਆਂ ਦੀ ਭਾਲ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।