Punjab Religion

ਸ਼੍ਰੀ ਫਤਿਹਗੜ ਸਾਹਿਬ ਵਿੱਖੇ ਨਤਮਸਤਕ ਹੋਈਆਂ ਸੰਗਤਾਂ,ਸ਼ਹਾਦਤਾਂ ਨੂੰ ਕੀਤਾ ਸਿਜਦਾ

ਫਤਿਹਗੜ੍ਹ ਸਾਹਿਬ : ਛੋਟੀ ਉਮਰੇ ਸ਼ਹਾਦਤਾਂ ਦੀ ਮਿਸਾਲ ਕਾਇਮ ਕਰਨ ਵਾਲੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਸੰਗਤਾਂ ਭਾਰੀ ਗਿਣਤੀ ਵਿੱਚ ਸ਼੍ਰੀ ਫਤਿਹਗੜ ਸਾਹਿਬ ਵਿੱਖੇ ਇਕੱਠੀਆਂ ਹੋਈਆਂ ਹਨ ਤੇ ਸਾਹਿਬਜ਼ਾਦਿਆਂ ਨੂੰ ਨਮਨ ਕਰ ਰਹੀਆਂ ਹਨ। ਸ਼ਹੀਦੀ ਜੋੜ ਮੇਲੇ ਦਾ ਅੱਜ ਅਖੀਰਲਾ ਦਿਨ ਹੈ ਤੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਦੇ ਭੋਗ ਪਏ ਹਨ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਗੁਰਦੁਆਰਾ ਜੋਤੀ ਸਰੂਪ ਤੱਕ ਸ਼ਹੀਦੀ ਨਗਰ ਕੀਰਤਨ ਵੀ ਕੱਢਿਆ ਗਿਆ ਹੈ । ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਨਿਕਲੇ ਇਸ ਨਗਰ ਕੀਰਤਨ ਵਿੱਚ ਮੌਕੇ ਨਿਹੰਗ ਜਥੇਬੰਦੀਆਂ ਵਲੋਂ ਗੱਤਕਾ ਵੀ ਖੇਡਿਆ ਗਿਆ। ਇਸ ਮੌਕੇ ਆਉਣ ਵਾਲੀ ਸੰਗਤ ਲਈ ਵੱਡੇ ਪੱਧਰ ‘ਤੇ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ।

ਇਸ ਜੋੜ ਮੇਲ ਦੇ ਦੌਰਾਨ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਲਾਈ ਗਈ ਕਿਤਾਬਾਂ ਦੀ ਪ੍ਰਦਰਸ਼ਨੀ,ਜਿਸ ਦਾ ਉਪਰਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਨੇ ਕੀਤਾ ਹੈ। ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ਤਾਂ ਜੋ ਇਥੇ ਪਹੁੰਚਣ ਵਾਲੀ ਸੰਗਤ ਸਿੱਖ ਇਤਿਹਾਸ ਨਾਲ ਗਹਿਰਾਈ ਤੋਂ ਜੁੜ ਸਕੇ।

ਸੰਗਤ ਨੂੰ ਇਤਿਹਾਸ ਨਾਲ ਜੋੜਨ ਲਈ ਇੱਕ ਹੋਰ ਉਪਰਾਲਾ ਕੀਤਾ ਗਿਆ ਹੈ। ਇਥੇ ਬਿਜਲੀ ਦੀਆਂ ਮੋਟਰਾਂ ਵਾਲੀ ਸਿੱਖ ਇਤਿਹਾਸ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ,ਜਿਸ ਨੂੰ ਦੇਖ ਕੇ ਸੰਗਤ ਭਾਵੁਕ ਹੋਏ ਨਹੀਂ ਰਹਿ ਸਕੀ। ਇਸ ਪ੍ਰਦਰਸ਼ਨੀ ਰਾਹੀਂ ਸਿੱਖ ਇਤਿਹਾਸ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਪਰਸੋਂ ਜੋੜ ਮੇਲ ਦੀ ਸ਼ੁਰੂਆਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋਏ ਸੀ,ਜਿਹਨਾਂ ਦੇ ਅੱਜ ਭੋਗ ਪਾਏ ਗਏ ਹਨ। ਸ਼ਹੀਦੀ ਜੋੜ ਮੇਲ ਦੇ ਦੂਸਰੇ ਦਿਨ ਇਥੇ ਮੁੱਖ ਮੰਤਰੀ ਪੰਜਾਬ ਨੇ ਵੀ ਆਪਣੀ ਪਤਨੀ ਸਣੇ ਹਾਜਰੀ ਭਰੀ ਸੀ ਤੇ ਗੁਰੂਘਰ ਵਿੱਚ ਨਤਮਸਤਕ ਹੋਏ ਸਨ।
ਅੱਜ ਇਸ ਜੋੜ ਮੇਲ ਦਾ ਆਖਰੀ ਦਿਨ ਸੀ ਤੇ ਠੰਡ ਵੀ ਜੋਰਾਂ ਤੇ ਸੀ ਪਰ ਸੰਗਤ ਦੇ ਜੋਸ਼ ਤੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਸੀ ਤੇ ਇਹਨਾਂ ਤਿੰਨ ਦਿਨਾਂ ‘ਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸਾਹਿਬਜ਼ਾਦਿਆਂ ‘ਤੇ ਮਾਤਾ ਗੁਜਰ ਕੌਰ ਜੀ ਦੀ ਕੁਰਬਾਨੀ ਨੂੰ ਯਾਦ ਕੀਤਾ ਤੇ ਗੁਰੂਘਰਾਂ ‘ਚ ਮੱਥਾ ਟੇਕਿਆ।