ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਵੇਰੇ 11 ਵਜੇ ਜੰਮੂ ਵਿੱਚ ਚਨਾਬ ਨਦੀ ਉੱਤੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਦਾ ਉਦਘਾਟਨ ਤਿਰੰਗਾ ਲਹਿਰਾ ਕੇ ਕੀਤਾ। ਪ੍ਰਧਾਨ ਮੰਤਰੀ ਇੱਥੇ ਲਗਭਗ ਇੱਕ ਘੰਟਾ ਰੁਕੇ। ਇਸ ਸਮੇਂ ਦੌਰਾਨ ਉਹ ਰੇਲਵੇ ਅਧਿਕਾਰੀਆਂ ਅਤੇ ਪੁਲ ਨਿਰਮਾਣ ਕਾਮਿਆਂ ਨੂੰ ਮਿਲਿਆ।
ਪ੍ਰਧਾਨ ਮੰਤਰੀ ਇੰਜਣ ਵਿੱਚ ਬੈਠ ਕੇ ਚਨਾਬ ਆਰਚ ਪੁਲ ਤੋਂ ਕੇਬਲ-ਸਟੇਡ ਅੰਜੀ ਪੁਲ ਪਹੁੰਚੇ। ਇੱਥੇ ਉਨ੍ਹਾਂ ਨੇ ਰੇਲਵੇ ਦੇ ਅੰਜੀ ਪੁਲ ਦਾ ਉਦਘਾਟਨ ਵੀ ਕੀਤਾ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਕਟੜਾ ਰੇਲਵੇ ਸਟੇਸ਼ਨ ਪਹੁੰਚੇ ਅਤੇ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਕਟੜਾ-ਸ਼੍ਰੀਨਗਰ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਈ।
ਦੱਸ ਦੇਈਏ ਕਿ ਨਦੀ ਤੋਂ 359 ਮੀਟਰ ਦੀ ਉਚਾਈ ’ਤੇ ਸਥਿਤ ਚਿਨਾਬ ਰੇਲ ਪੁਲ, ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਆਰਚ ਪੁਲ ਹੈ। ਇਹ 1,315 ਮੀਟਰ ਲੰਬਾ ਸਟੀਲ ਆਰਚ ਪੁਲ ਹੈ ਜੋ ਭੂਚਾਲ ਅਤੇ ਹਵਾ ਦੀਆਂ ਸਥਿਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਗਿਆ ਹੈ।
ਇਹ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ (USBRL) ਦਾ ਹਿੱਸਾ ਹੈ, ਜੋ 35000 ਕਰੋੜ ਰੁਪਏ ਦਾ ਸੁਪਨਮਈ ਪ੍ਰੋਜੈਕਟ ਹੈ। ਪੁਲ ਨੇ ਸਾਰੇ ਲਾਜ਼ਮੀ ਟੈਸਟ ਪਾਸ ਕਰ ਲਏ ਹਨ। ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਦੋ ਦਹਾਕਿਆਂ ਦੀ ਉਡੀਕ ਮਗਰੋਂ ਇਹ ਪੁਲ ਮਿਲਿਆ ਹੈ। ਇਹ ਪ੍ਰੋਜੈਕਟ 2003 ਵਿੱਚ ਮਨਜ਼ੂਰ ਹੋਇਆ ਸੀ ਪਰ ਸਥਿਰਤਾ ਅਤੇ ਸੁਰੱਖਿਆ ਦੇ ਡਰ ਕਾਰਨ ਪ੍ਰਾਜੈਕਟ ਦੇਰੀ ਨਾਲ ਸ਼ੁਰੂ ਹੋਇਆ। ਸਾਲ 2008 ਵਿੱਚ ਰੇਲਵੇ ਪੁਲ ਦੇ ਨਿਰਮਾਣ ਦਾ ਠੇਕਾ ਦਿੱਤਾ ਗਿਆ ਸੀ।
ਪੁਲ ਦੀ ਸਥਿਰਤਾ ਅਤੇ ਸੁਰੱਖਿਆ ਦੀ ਜਾਂਚ ਕਰਨ ਲਈ ਕੀਤੇ ਗਏ ਟੈਸਟਾਂ ਵਿੱਚ ਉੱਚ-ਰਫ਼ਤਾਰ ਵਾਲੀਆਂ ਹਵਾਵਾਂ ਦੀ ਜਾਂਚ, ਸਿਖਰਲੇ ਤਾਪਮਾਨ ਦੀ ਜਾਂਚ, ਭੂਚਾਲ-ਸੰਭਾਵੀ ਟੈਸਟ ਅਤੇ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ ਹਾਈਡ੍ਰੋਲੋਜੀਕਲ ਪ੍ਰਭਾਵ ਸ਼ਾਮਲ ਹਨ। ਉਦਘਾਟਨ ਮਗਰੋਂ ਇਹ ਪੁਲ 260 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਅਤੇ ਇਸ ਦੀ ਉਮਰ 120 ਸਾਲ ਹੋਵੇਗੀ।
ਇਸ ਪੁਲ ਰਾਹੀਂ ਪਹਿਲੀ ਯਾਤਰੀ ਰੇਲਗੱਡੀ ਦਿੱਲੀ ਤੋਂ ਚੱਲੇਗੀ ਅਤੇ ਕੱਟੜਾ ਰਾਹੀਂ ਸ੍ਰੀਨਗਰ ਪਹੁੰਚੇਗੀ, ਜੋ ਕਿ ਮਾਤਾ ਵੈਸ਼ਨੋ ਦੇਵੀ ਤੀਰਥ ਦਾ ਅਧਾਰ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਉਹ ਸਕੂਲ ਵਿੱਚ ਪੜ੍ਹਦੇ ਸਮੇਂ ਤੋਂ ਹੀ ਕਸ਼ਮੀਰ ਜਾਣ ਵਾਲੀ ਰੇਲਗੱਡੀ ਬਾਰੇ ਸੁਣਦੇ ਆ ਰਹੇ ਸਨ। ਅਬਦੁੱਲਾ ਨੇ ਕੱਟੜਾ ਰੇਲਵੇ ਸਟੇਸ਼ਨ ’ਤੇ ਪੱਤਰਕਾਰਾਂ ਨੂੰ ਦੱਸਿਆ, ‘‘ਜੇ ਮੈਂ ਇਹ ਕਹਾਂ ਕਿ ਮੈਂ ਇਸ ਦਿਨ ਦੀ ਬਹੁਤ ਸਮੇਂ ਤੋਂ ਉਡੀਕ ਕਰ ਰਿਹਾ ਸੀ, ਤਾਂ ਇਸ ਵਿਚ ਕੁਝ ਵੀ ਗ਼ਲਤ ਨਹੀਂ ਹੈ। ਇਹ ਪ੍ਰੋਜੈਕਟ ਉਦੋਂ ਸ਼ੁਰੂ ਹੋਇਆ ਸੀ ਜਦੋਂ ਮੈਂ ਸਕੂਲ ਵਿੱਚ ਸੀ, ਸ਼ਾਇਦ 7ਵੀਂ ਜਾਂ 8ਵੀਂ ਜਮਾਤ ਵਿੱਚ। ਅੱਜ, ਮੇਰੇ ਬੱਚਿਆਂ ਨੇ ਵੀ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਹੁਣ ਕੰਮ ਕਰ ਰਹੇ ਹਨ।’’
ਪੀਆਈਬੀ ਵੱਲੋਂ ਜਾਰੀ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (USBRL) ਆਜ਼ਾਦ ਭਾਰਤ ਵਿੱਚ ਕੀਤੇ ਗਏ ਸਭ ਤੋਂ ਅਹਿਮ ਰੇਲਵੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 272 ਕਿਲੋਮੀਟਰ ਲੰਮੇ ਹਿਮਾਲਿਆ ਵਿੱਚੋਂ ਲੰਘਦੇ ਹੋਏ, ਇਹ ਪ੍ਰੋਜੈਕਟ 43,780 ਕਰੋੜ ਰੁਪਏ ਵਿੱਚ ਬਣਾਇਆ ਗਿਆ ਹੈ। ਇਸ ਪ੍ਰੋਜੈਕਟ ਵਿੱਚ 119 ਕਿਲੋਮੀਟਰ ਤੱਕ ਫੈਲੀਆਂ 36 ਸੁਰੰਗਾਂ ਅਤੇ 943 ਪੁਲ ਸ਼ਾਮਲ ਹਨ ਜੋ ਘਾਟੀਆਂ, ਪਹਾੜੀਆਂ ਅਤੇ ਪਹਾੜੀ ਰਸਤਿਆਂ ਨੂੰ ਆਪਸ ਵਿੱਚ ਜੋੜਦੇ ਹਨ।