‘ਦ ਖ਼ਾਲਸ ਬਿਊਰੋ (ਜਗਜੀਵਨਮੀਤ):-ਪੂਰਾ ਸੰਸਾਰ ਅੱਜ ਵਿਸ਼ਵ ਪਾਣੀ ਦਿਵਸ ਮਨਾ ਰਿਹਾ ਹੈ। ਜਾਣਕਾਰੀ ਅਨੁਸਾਰ ਧਰਤੀ ਦੇ ਚਾਰ ਹਿੱਸਿਆਂ ਵਿੱਚੋਂ ਤਿੰਨ ਹਿੱਸੇ ਸਮੁੰਦਰ ਹੈ ਭਾਵ ਤਿੰਨੇ ਹਿੱਸੇ ਪਾਣੀ ਹੈ। ਧਰਤੀ ’ਤੇ ਜਿੰਨਾ ਵੀ ਪਾਣੀ ਮੌਜੂਦ ਹੈ, ਇਸ ਵਿੱਚੋਂ 3 ਫ਼ੀਸਦੀ ਹੀ ਸਾਡੇ ਕੰਮ ਆਉਣ ਵਾਲਾ ਹੈ। ਹੈਰਾਨ ਕਰਨ ਵਾਲੇ ਅੰਕੜੇ ਹਨ ਕਿ ਸਿਰਫ 1 ਫੀਸਦ ਪਾਣੀ ਹੀ ਇਨਸਾਨ ਦੇ ਪੀਣ ਯੋਗ ਹੈ।
ਰੋਜ਼ਾਨਾ ਭੱਜ ਦੌੜ ਦੀ ਜਿੰਦਗੀ ਵਿੱਚ ਅਸੀਂ ਇਹ ਵੀ ਭੁੱਲ ਗਏ ਹਾਂ ਕਿ ਦੁਨੀਆਂ ਦੀ ਸਭ ਤੋਂ ਜ਼ਰੂਰੀ ਚੀਜ਼ ਪਾਣੀ ਬਗੈਰ ਜਿੰਦਗੀ ਦੀ ਕਲਪਨਾ ਵੀ ਨਹੀਂ ਹੋ ਸਕਦੀ ਤੇ ਅਸੀਂ ਇਸੇ ਵੱਡਮੁੱਲੀ ਚੀਜ਼ ਨੂੰ ਅੰਨ੍ਹੇਵਾਹ ਗਵਾਉਂਦੇ ਚਲੇ ਜਾ ਰਹੇ ਹਾਂ। ਪਾਣੀ ਬਚਾਉਣ ਲਈ ਵਿਚਾਰ ਚਰਚਾਵਾਂ ਜ਼ਰੂਰ ਹੁੰਦੀਆਂ ਹਨ ਪਰ ਪਾਣੀ ਬਚਾਉਣ ਦੀ ਵਿਅਕਤੀਗਤ ਜਿੰਮੇਦਾਰੀ ਲੈਣ ਲਈ ਕੋਈ ਤਿਆਰ ਨਹੀਂ ਹੈ। ਪਾਣੀ ਨਾਲ ਜੁੜੇ ਅੰਕੜੇ ਵੀ ਸਾਨੂੰ ਗਣਿਤ ਦੇ ਸਵਾਲ ਵਰਗੇ ਲੱਗਦੇ ਹਨ, ਪਰ ਇਹ ਉਹ ਅੰਕੜੇ ਹਨ ਜਿਨ੍ਹਾਂ ਨਾਲ ਸਾਡੀ ਹੋਂਦ ਜੁੜੀ ਹੋਈ ਹੈ।
ਵਿਸ਼ਵ ਜਲ ਦਿਵਸ ਮੌਕੇ ਸੰਯੁਕਤ ਰਾਸ਼ਟਰ ਸੰਘ (UNO) ਦੀ ਉੱਚ ਪੱਧਰੀ ਕੌਮਾਂਤਰੀ ਕਾਨਫ਼ਰੰਸ ਹੋਣ ਜਾ ਰਹੀ ਹੈ। ਆਪਣੇ ਸੰਦੇਸ਼ ਵਿੱਚ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਸਿੱਖਿਆ, ਸਿਹਤ, ਭੋਜਨ, ਘਰੇਲੂ ਜ਼ਰੂਰਤਾਂ, ਆਰਥਿਕ ਗਤੀਵਿਧੀਆਂ, ਕੌਮਾਂਤਰੀ ਵਣਜ ਵਪਾਰ ਤੋਂ ਵੀ ਜ਼ਿਆਦਾ ਜ਼ਰੂਰੀ ਪਾਣੀ ਹੈ।
ਏਸ਼ਿਆਈ ਵਿਕਾਸ ਬੈਂਕ ਯਾਨੀ ADB ਮੁਤਾਬਕ ਭਾਰਤ ’ਚ ਸਾਲ 2030 ਤੱਕ ਪਾਣੀ ਅੱਧਾ ਰਹਿ ਜਾਵੇਗਾ। ਨੀਤੀ ਆਯੋਗ ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਇਤਿਹਾਸ ਵਿੱਚ ਆਪਣੇ ਸਭ ਤੋਂ ਖ਼ਰਾਬ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਭਾਰਤ ’ਚ ਪਾਣੀ ਦੀ ਸਾਲਾਨਾ ਪ੍ਰਤੀ ਵਿਅਕਤੀ ਉਪਲਬਧਤਾ 1951 ਵਿੱਚ 5,177 ਕਿਊਬਿਕ ਮੀਟਰ ਹੁੰਦੀ ਸੀ, ਉਹ ਸਾਲ 2019 ’ਚ ਘਟ ਕੇ 1,720 ਕਿਊਬਿਕ ਮੀਟਰ ਰਹਿ ਗਈ ਹੈ। ਦਿੱਲੀ, ਬੈਂਗਲੁਰੂ, ਚੇਨਈ ਤੇ ਹੈਦਰਾਬਾਦ ਸਮੇਤ 21 ਸ਼ਹਿਰਾਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ।
ਪਾਣੀ ਬਚਾਉਣ ਦਾ ਇੱਕੋ-ਇੱਕ ਤਰੀਕਾ ਹੈ, ਸੰਯਮ ਨਾਲ ਵਰਤੋਂ ਤੇ ਆਪਣੇ ਘਰ ਦੀ ਟੂਟੀ ਤੋਂ ਪਾਣੀ ਬਚਾਉਣ ਦੀ ਸ਼ੁਰੂਆਤ। ਪਾਣੀ ਸਾਡੇ ਸਾਰਿਆਂ ਲਈ ਜ਼ਰੂਰੀ ਹੈ ਪਰ ਨਿਜੀ ਤੌਰ ‘ਤੇ ਪਾਣੀ ਪ੍ਰਤੀ ਵਿਅਕਤੀ ਦੀ ਜਿੰਦਗੀ ਦਾ ਹਿੱਸਾ ਹੈ। ਇਸ ਲਈ ਦੂਜਿਆਂ ‘ਤੇ ਪਾਣੀ ਬਚਾਉਣ ਦੀ ਜਿੰਮੇਦਾਰੀ ਨਾ ਪਾ ਕੇ ਇਸਦੀ ਸ਼ੁਰੂਆਤ ਖੁਦ ਕਰਨੀ ਪਵੇਗੀ ਤਾਂ ਹੀ ਸਦੀਆਂ ਤੱਕ ਇਨਸਾਨ ਦੀ ਹੋਂਦ ਕਾਇਮ ਰਹਿ ਸਕਦੀ ਹੈ।