ਬਿਉਰੋ ਰਿਪੋਰਟ : ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਇਟਲੀ ਵਿੱਚ ਇਸਾਈ ਭਾਈਚਾਰੇ ਦੇ ਸਭ ਤੋਂ ਪਵਿੱਤਰ ਸ਼ਹਿਰ ਵੈਟੀਕਨ ਵਿੱਚ ਗਾਇਨ ਕੀਤਾ ਗਿਆ। ਮੌਕਾ ਸੀ 5 ਅਕਤੂਬਰ ਵਿਸ਼ਵ ਅਧਿਆਪਕ ਦਿਹਾੜੇ ਦਾ। ਪੌਪ ਫਰਾਂਸਿਸ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਦੁਨੀਆ ਭਰ ਤੋਂ ਸਿੱਖਿਆ ਖੇਤਰ ਨਾਲ ਜੁੜੀਆਂ ਹਸਤੀਆਂ ਸ਼ਾਮਲ ਹੋਈਆਂ। ਸਿੱਖ ਭਾਈਚਾਰੇ ਵੱਲੋਂ ਅਮਰੀਕਾ ਦੀ ਮਸ਼ਹੂਰ ਸੰਸਥਾ ECO SIKH ਦੇ ਮੁਖੀ ਡਾਕਟਰ ਰਾਜਵੰਤ ਸਿੰਘ ਸ਼ਾਮਲ ਹੋਏ। ਡਾਕਟਰ ਰਾਜਵੰਤ ਸਿੰਘ ਨੇ ਇਸ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ‘ਗਿਆਨ’ ਨੂੰ ਸਿੱਖ ਧਰਮ ਵਿੱਚ ਕਿਸ ਤਰ੍ਹਾਂ ਪ੍ਰਭਾਸ਼ਿਤ ਕੀਤਾ ਗਿਆ ਹੈ, ਉਸ ਬਾਰੇ ਦੱਸਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ‘ਐਸਾ ਗਿਆਨੁ ਜਪਹੁ ਮਨ ਮੇਰੇ॥ ਹੋਵਹੁ ਚਾਕਰ ਸਾਚੇ ਕੇਰੇ॥ ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥ ਦਾ ਗਾਇਨ ਕੀਤਾ ਅਤੇ ਫਿਰ ਇਸ ਸ਼ਬਦ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਮਤਲਬ ਸਮਝਾਇਆ।
ਡਾਕਟਰ ਰਾਜਵੰਤ ਸਿੰਘ ਨੇ ਦੱਸਿਆ ਕਿ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ, ਜੋ ਸਾਡੇ ਗੁਰੂ ਹਨ ਜਿਸ ਦਾ ਮਤਲਬ ਹੁੰਦਾ ਹੈ ਸਿੱਖਿਅਕ। ਸਾਡੇ ਧਰਮ ਵਿੱਚ ਸਿੱਖਿਆ ਦਾ ਮਤਲਬ ਹੈ ਅਜਿਹਾ ਗਿਆਨ ਜਿਹੜਾ ਬਿਨਾਂ ਭੇਦਭਾਵ ਦੇ ਹਰ ਇੱਕ ਵਿੱਚ ਵੰਡਿਆ ਜਾਵੇ, ਜਿਸ ‘ਤੇ ਸਭ ਦਾ ਬਰਾਬਰ ਦਾ ਅਧਿਕਾਰ ਹੋਵੇ। ਉਸ ਵਿੱਚ ਮਨੁੱਖੀ ਕਦਰਾਂ ਕੀਮਤਾਂ ਦੀ ਅਹਿਮੀਅਤ ਹੋਵੇ, ਔਰਤਾਂ ਦੀ ਇੱਜ਼ਤ, ਕੁਦਰਤ ਨੂੰ ਸੰਭਾਲ ਕੇ ਰੱਖਣ ਅਤੇ ਮੌਜੂਦਾ ਦੌਰ ਵਿੱਚ ਆਪਣੀ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਨੂੰ ਵੀ ਸੰਭਾਲਣ ਦੀ ਸੋਚ ਰੱਖੇ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ ਵਿਦਿਆ ਵੀਚਾਰੀ ਤਾ ਪਰਉਪਕਾਰੀ ॥ ਯਾਨੀ ਸਿਰਫ ਕਿਤਾਬ ਪੜਨਾ ਹੀ ਗਿਆਨ ਨਹੀਂ ਹੈ ਬਲਕਿ ਉਸ ਨੂੰ ਵਿਚਾਰ ਕੇ ਜੀਵਨ ਦਾ ਹਿੱਸਾ ਬਣਾਉਣਾ ਉਸ ਦਾ ਅਸਲੀ ਮਨੋਰਥ ਹੋਣਾ ਚਾਹੀਦਾ ਹੈ। ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਕਿਵੇਂ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਰੇ ਧਰਮ ਪਰਮਾਤਮਾ ਨਾਲ ਮਿਲਣ ਦਾ ਰਸਤਾ ਦੱਸਦੇ ਹਨ। ਇਹ ਦੁਨੀਆ ਬਹੁਤ ਸੁੰਦਰ ਹੈ ਜੋ ਸਾਨੂੰ ਦੱਸਦੀ ਹੈ ਅਸੀਂ ਸਾਰੇ ਇੱਕੋ ਹੀ ਹਾਂ।