ਆਨੰਦਪੁਰ ਸਾਹਿਬ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖ਼ਾਲਸਾ ਪੰਥ ਗੁਰਮਤਾ ਕਰ ਕੇ ਆਪਣੇ ਸਾਂਝੇ ਫ਼ੈਸਲੇ ਲੈਂਦਾ ਰਿਹਾ ਹੈ,ਪਰ ਪਿਛਲੇ ਕੁੱਝ ਸਾਲਾਂ ਤੋਂ ਤਖ਼ਤ ਸਾਹਿਬ ਤੋਂ ਕੀਤੇ ਜਾਣ ਵਾਲੇ ਫ਼ੈਸਲਿਆਂ ਵਿੱਚ ਜਥੇਦਾਰਾਂ ਦੀ ਨਿਯੁਕਤੀਆਂ ਅਤੇ ਗੁਰਮਤਾ ਨੂੰ ਲੈ ਕੇ ਸਵਾਲ ਚੁੱਕੇ ਜਾਣ ਲੱਗੇ ਹਨ। ਇਸ ਦੇ ਪਿੱਛੇ ਵੱਡਾ ਕਾਰਨ ਸ੍ਰੀ ਅਕਾਲ ਤਖ਼ਤ ਦੀ ਸਿਰਜਨਾ ਦੇ ਸਿਧਾਂਤਾਂ ਤੋਂ ਦੂਰ ਹੋਣਾ ਹੈ। ਇਸੇ ਲਈ ਮੀਰੀ ਪੀਰੀ ਦੇ ਪਵਿੱਤਰ ਦਿਹਾੜੇ ਮੌਕੇ ਖ਼ਾਲਸਾ ਪੰਥ ਅਤੇ ਗੁਰ-ਸੰਗਤ ਦੀ ਸੇਵਾ ਵਿੱਚ ਵਿਚਰਦੇ ਜਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਦੌਰਾਨ ਇਕੱਤਰਤ ਹੋਏ ।
ਕਾਰਜਸ਼ੀਲ ਵੱਖ ਵੱਖ ਜਥਿਆਂ, ਸੰਸਥਾਵਾਂ,ਸੰਪਰਦਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵਿਚਾਰ ਪ੍ਰਾਪਤ ਕਰਨ ਉਪਰੰਤ ਗੁਰਮਤਾ ਕੀਤਾ ਗਿਆ ਕਿ ਖ਼ਾਲਸਾ ਪੰਥ ਮੌਜੂਦਾ ਪ੍ਰਬੰਧ ਅਧੀਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁਤੰਤਰ ਸਰਵਉੱਚ ਅਤੇ ਸਮੁੱਚੇ ਖ਼ਾਲਸਾ ਪੰਥ ਦੀ ਸ਼ਮੂਲੀਅਤ ਸਹਿਤ ਅਮਲ ਕਰਨ ਤੋਂ ਅਸਮਰਥ ਵੇਖਦਿਆਂ ਮੌਜੂਦਾ ਪ੍ਰਬੰਧ ਨੂੰ ਰੱਦ ਕਰਦਾ ਹੈ।
ਮੌਜੂਦਾ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ, ਜੋ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੁਨਿਆਵੀ ਤਖ਼ਤ ਦੇ ਅਧੀਨ ਕਰਨ ਦੀ ਪ੍ਰਕਿਰਿਆ ਹੈ। ਇਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੁਤੰਤਰਤਾ ਅਤੇ ਸਰਵਉੱਚਤਾ ਸਥਾਪਿਤ ਨਹੀਂ ਹੁੰਦੀ ਅਤੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਮੁੱਚੇ ਖ਼ਾਲਸਾ ਪੰਥ ਦੀ ਸ਼ਮੂਲੀਅਤ ਵਾਲਾ ਧੁਰਾ ਨਹੀਂ ਬਣਦਾ ਹੈ। ਇਸ ਲਈ ਇਸ ਪ੍ਰਬੰਧ ਨੂੰ ਰੱਦ ਕਰ ਕੇ ਬਦਲਵੇਂ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ਇੱਕ ਨਿਸ਼ਕਾਮ ਅਤੇ ਖ਼ੁਦ ਮੁਖ਼ਤਿਆਰ ਜਥਾ ਸਿਰਜਿਆ ਜਾਵੇ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਗੁਰਮਤਾ ਸੰਸਥਾ ਮੁਤਾਬਕ ਕਰੇ।
ਤਖ਼ਤ ਸਾਹਿਬ ਦੇ ਪ੍ਰਬੰਧਕ ਅਕਾਲੀ ਜਥੇ ਦੀਆਂ ਸ਼ਖ਼ਸੀਅਤਾਂ ਵਿੱਚ ਇਹ ਸਿਫ਼ਤਾਂ ਹੋਣੀਆਂ ਜ਼ਰੂਰੀ ਹਨ
1. ਗੁਰੂ ਕੇ ਲੰਗਰ ਵਿਚੋਂ ਪ੍ਰਸ਼ਾਦਾ ਛਕਣ ਅਤੇ ਸੰਗਤ ਵੱਲੋਂ ਬਖ਼ਸ਼ੇ ਸਿਰੋਪਾ ਸਾਹਿਬ ਨਾਲ ਸੰਤੁਸ਼ਟ ਹੋਣ।
2. ਜੀਵਨ ਵਿੱਚ ਪਵਿੱਤਰਤਾ ਹੋਵੇ ਭਾਵ ਰਹਿਤ ਵਿੱਚ ਪਰਪੱਕਤਾ ਹੋਵੇ।
3. ਨਾਮ ਬਾਣੀ ਦਾ ਅਭਿਆਸੀ ਹੋਵੇ।
4. ਨਿਰਭਉ ਨਿਰਵੈਰ ਵਿਚਰਨ ਵਾਲਾ ਹੋਵੇ।
5. ਸੇਵਾ, ਸੰਗਰਾਮ ਅਤੇ ਗੁਰਮਤਿ ਪਰਚਾਰ ਆਦਿ ਪੰਥਕ ਕਾਰਜਾਂ ਵਿਚ ਬੇਗ਼ਰਜ਼, ਨਿਸ਼ਕਾਮ ਹੋ ਕੇ ਵਿਚਰਨ ਵਾਲਾ ਹੋਵੇ। ਗੁਰਮਤਿ ਅਤੇ ਸਿੱਖ ਤਵਾਰੀਖ ਦਾ ਜਾਣੂ ਹੋਵੇ।
6. ਪੂਰਨ ਰੂਪ ਵਿਚ ਤਿਆਗੀਂ ਬਿਰਤੀ ਦਾ ਹੋਵੇ ਭਾਵ ਧੰਨ, ਪਦਾਰਥ ਜਾਂ ਜਾਇਦਾਦ ਦਾ ਦਾਵਾ ਨਾ ਰੱਖਦਾ ਹੋਵੇ।
7. ਆਪਣੀ ਪਰਿਵਾਰਕ ਅਤੇ ਕਿੱਤੇ ਦੀ ਪੇਸ਼ਾਵਰ ਜ਼ਿੰਮੇਵਾਰੀ ਤੋਂ ਪੂਰਨ ਰੂਪ ਵਿਚ ਮੁਕਤ ਹੋਵੇ।
8. ਕਿਸੇ ਦੁਨਿਆਵੀ ਰਾਜਸੀ ਪਰੰਬਧ ਵਿਚ ਅਹੁਦੇਦਾਰ ਬਣਨ ਦਾ ਇੱਛੁਕ ਨਾ ਹੋਵੇ।
9. ਪੱਛਮੀ ਤਰਜ਼ ਉੱਤੇ ਚੱਲ ਰਹੀਆਂ ਗੁਰਦੁਆਰਾ ਪਰਬੰਧਕ ਕਮੇਟੀਆਂ ਦਾ ਸੁਭਾਸਦ ਨਾ ਹੋਵੇ। ਕਿਸੇ ਸੰਪਰਦਾਇ, ਸੰਸਥਾ ਜਾਂ ਜਥੇਬੰਦੀ ਦੀਆਂ ਜ਼ਿੰਮੇਵਾਰੀਆਂ ਤੋਂ ਪੂਰਨ ਰੂਪ ਵਿਚ ਮੁਕਤ ਹੋਵੇ।
10. ਕਿਸੇ ਸੰਪਰਦਾਇ,ਸੰਸਥਾ ਜਾਂ ਜਥੇਬੰਦੀ ਦੀਆਂ ਜ਼ਿੰਮੇਵਾਰੀਆਂ ਤੋਂ ਦੂਰ ਪੂਰਨ ਰੂਪ ਵਿੱਚ ਮੁਕਤ ਹੋਵੇ
11. ਰਾਜਨੀਤੀ ਦਾ ਗਿਆਤਾ ਹੋਵੇ
12. ਕਿਸੇ ਵੀ ਦੁਨਿਆਵੀ ਰਾਜਸੀ ਹਕੂਮਤ ਜਾਂ ਕਿਸੇ ਹੋਰ ਅਦਾਰੇ ਦਾ ਨੌਕਰ ਨਾ ਹੋਵੇ
ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਤਖ਼ਤ ਸਾਹਿਬਾਨ ਦੇ ਪ੍ਰਬੰਧਕੀ ਜਥੇ ਦੀ ਸ਼ਖ਼ਸੀ ਤੇ ਸੰਗਤੀ ਰਹਿਤ ਅਸਲ ਪੰਥ ਅਕਾਲੀ ਚੱਲ ਦਾ ਵਹੀਰ ਜਥੇ ਦੀ ਤਰਜ਼ ਉੱਤੇ ਹੋਵੇ।
ਵਿਸ਼ਵ ਸਿੱਖ ਇਕੱਤਰਤਾ ਇਨ੍ਹਾਂ ਜਥੇਬੰਦੀਆਂ ਦਾ ਉਪਰਾਲਾ
ਵਿਸ਼ਵ ਸਿੱਖ ਇਕੱਤਰਤਾ ਦੇ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਾ ਪਾਰਕ ਨੇੜੇ ਸਥਿਤ ਬੁੰਗਾ ਕੁੱਕੜ ਪਿੰਡ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਦੀਵਾਨ ਸਜਾਏ ਗਏ। ਇਸ ਪੂਰੇ ਸਮਾਗਮ ਦੀ ਅਗਵਾਈ ਪੰਥ ਸੇਵਕ ਸ਼ਖ਼ਸੀਅਤਾਂ, ਜਿਨ੍ਹਾਂ ਵਿੱਚ ਖਾੜਕੂ ਸੰਘਰਸ਼ ਦੇ ਸਿਧਾਂਤਕ ਆਗੂ ਵਜੋਂ ਜਾਣੇ ਜਾਂਦੇ ਭਾਈ ਦਲਜੀਤ ਸਿੰਘ ਬਿੱਟੂ ਅਤੇ ਸੰਘਰਸ਼ ਦੇ ਪੈਂਡੇ ਉੱਤੇ ਦ੍ਰੜਤਾ ਨਾਲ ਚੱਲਣ ਵਾਲੇ ਭਾਈ ਨਰਾਇਣ ਸਿੰਘ ਚੌੜਾ,ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਦਮਦਮੀ ਟਕਸਾਲ ਅਜਨਾਲਾ, ਮਿਸਲ ਸ਼ਹੀਦਾਂ ਹਰੀਆਂ ਵੇਲਾਂ, ਪੰਥ ਸੇਵਕ ਜਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਖੰਡ ਕੀਰਤਨੀ ਜਥਾ, ਨਿਹੰਗ ਦਲ ਪੰਥ ਅਰਬਾਂ ਖਰਬਾਂ, ਸਾਹਿਬਜ਼ਾਦਾ ਅਜੀਤ ਸਿੰਘ ਦਲ ਪੰਥ ਚਮਕੌਰ ਸਾਹਿਬ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਦਲ ਖਾਲਸਾ, ਜਥਾ ਸਿਰਲੱਥ ਖਾਲਸਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਸਤਿਕਾਰ ਸਭਾ ਹਰਿਆਣਾ, ਨਿਰਮਲ ਸੰਪਰਦਾ, ਗੁਰੂ ਕੀ ਮਟੀਲੀ ਬਾਘਾ ਪੁਰਾਣਾ, ਦਲ ਬਾਬਾ ਬਿਧੀ ਚੰਦ ਜੀ ਸੁਰਸਿੰਘ, ਅੰਮ੍ਰਿਤ ਸੰਚਾਰ ਜਥਾ ਦਮਦਮੀ ਟਕਸਾਲ, ਦਮਦਮੀ ਟਕਸਾਲ ਜਥਾ ਲੰਗੇਆਣਾ, ਲੋਹ ਲੰਗਰ ਕਰਤਾਰਪੁਰ ਸਾਹਿਬ, ਕਾਰ ਸੇਵਾ ਖਡੂਰ ਸਾਹਿਬ, ਕਾਰ ਸੇਵਾ ਦੂਖਨਿਵਾਰਨ ਸਾਹਿਬ, ਅਕਾਲ ਫੈਡਰੇਸ਼ਨ, ਸਿੱਖ ਯੂਥ ਆਫ ਪੰਜਾਬ, ਏਕ ਨੂਰ ਖਾਲਸਾ ਫੌਜ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਦਰਬਾਰ-ਏ-ਖਾਲਸਾ, ਅੰਮ੍ਰਿਤ ਸੰਚਾਰ ਜਥਾ, ਗੁਰੂ ਆਸਰਾ ਟ੍ਰਸਟ ਮੋਹਾਲੀ, ਪੰਥਕ ਅਕਾਲੀ ਲਹਿਰ, ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਜਨੇਰ, ਮੀਰੀ ਪੀਰੀ ਸੇਵਾ ਦਲ, ਮਿਸਲ ਸ਼ਹੀਦਾਂ ਤਰਨਾ ਦਲ ਕੋਠਾ ਗੁਰੂ, ਸਿੱਖ ਜਥਾ ਮਾਲਵਾ, ਪੰਥ ਸੇਵਕ ਜਥਾ ਦੋਆਬਾ, ਛਾਉਣੀ ਸ਼ਹੀਦ ਭਾਈ ਮਹਾਰਾਜ ਸਿੰਘ ਜੀ ਨੌਰੰਗਾਬਾਦੀ, ਦਮਦਮੀ ਟਕਸਾਲ ਜਥਾ ਕਣਕਵਾਲ, ਵਾਰਿਸ ਪੰਜਾਬ ਦੇ, ਗੋਸਟਿ ਸਭਾ ਪੰਜਾਬੀ ਯੂਨੀਵਰਿਸਟੀ ਪਟਿਆਲਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਗਤਕਾ ਅਖਾੜਾ ਟਿਬਾ ਸਾਹਿਬ ਹੁਸ਼ਿਆਰਪੁਰ, ਸਿੱਖ ਯੂਥ ਪਾਵਰ ਆਫ ਪੰਜਾਬ, ਵਿਦਿਆਰਥੀ ਜਥੇਬੰਦੀ ਸੱਥ, ਸੈਫੀ, ਬੁੱਢਾ ਦਲ ਹੁਸ਼ਿਆਰਪੁਰ ਦੇ ਨੁਮਾਇੰਦੇ ਵੀ ਹਾਜ਼ਰ ਹੋਏ ਹਨ।
ਇਸ ਇਕੱਤਰਤਾ ਵਿਚੋਂ ਸੰਸਾਰ ਭਰ ਵਿਚ ਫੈਲੇ ਖਾਲਸਾ ਪੰਥ ਤੇ ਗੁਰਸੰਗਤ ਨੂੰ ਸਮਰਪਿਤ ਜਥਿਆਂ ਦੇ ਨੁਮਾਇੰਦਿਆਂ ਨੇ ਵੀ ਵਿਚਾਰ ਸਾਂਝੇ ਕੀਤੇ ਜਿਹਨਾ ਵਿਚ ਸਿੱਖ ਫੈਡਰੇਸ਼ਨ ਜਰਮਨੀ, ਬੱਬਰ ਖਾਲਸਾ ਜਰਮਨੀ, ਸਿੱਖ ਕੌਂਸਲ ਬੈਲਜੀਅਮ, ਸਿੱਖ ਫੈਡਰੇਸਨ ਬੈਲਜੀਅਮ, ਵਰਲਡ ਸਿੱਖ ਪਾਰਲੀਮੈਂਟ ਜਰਮਨੀ ਅਤੇ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ, ਗੁਰਦੁਆਰਾ ਸ੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ, ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਟ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਿਊਨਬਰਗ, ਗੁਰਦੁਆਰਾ ਗੁਰੂ ਨਾਨਕ ਦਰਬਾਰ ਮਿਊਚਿਨ, ਗੁਰਦੁਆਰਾ ਸਿੰਘ ਸਭਾ ਲਾੲਪਸਿਕ, ਗੁਰਦੁਆਰਾ ਸਿੰਘ ਸਭਾ ਰੀਗਨਸਬਰਗ, ਸਿੱਖ ਫੈਡਰੇਸ਼ਨ ਅਮਰੀਕਾ, ਸਿੱਖ ਯੂਥ ਆਫ ਅਮਰੀਕਾ, ਗੁਰਦੁਆਰਾ ਸਿੰਘ ਸਭਾ ਗਲੈਨਰੌਕ ਨਿਊਜਰਸੀ, ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ, ਫਿਲਿਡੈਲਫੀਆ ਸਿੱਖ ਸੁਸਾਇਟੀ, ਗੁਰਦੁਆਰਾ ਸਾਹਿਬ ਫਰੀਮੌਂਟ, ਫਰੀ ਅਕਾਲ ਤਖਤ ਮੂਵਮੈਂਟ, ਸਿੱਖ ਰਿਸਰਚ ਇੰਸੀਟਿਊਟ, ਸਿੱਖ ਫੈਡਰੇਸ਼ਨ ਯੂ.ਕੇ., ਸਿੱਖ ਸੰਗਤ ਆਫ ਵਿਕਟੋਰੀਆ (ਆਸਟ੍ਰੇਲੀਆ), ਸਿਡਨੀ ਸਿੱਖ ਸੰਗਤ, ਸਿੱਖ ਸੇਵਕ ਜਥਾ ਪਰਥ, ਪੈਰਿਸ ਸਿੱਖ ਸੰਗਤ, ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ., ਪੰਚ ਪ੍ਰਧਾਨੀ ਯੂ.ਕੇ., ਨੈਸ਼ਨਲ ਸਿੱਖ ਫੈਡਰੇਸ਼ਨ ਯੂ.ਕੇ., ਐਡੀਲੇਡ ਸਿੱਖ ਸੰਗਤ, ਵਿੰਡਸਰ ਸਿੱਖ ਪੰਥਕ ਜਥਾ ਅਤੇ ਬ੍ਰਿਸਬੇਨ ਸਿੱਖ ਸੰਗਤ, ਬੱਬਰ ਖਾਲਸਾ ਫਰਾਂਸ ਅਤੇ ਵਰਲਡ ਸਿੱਖ ਪਾਰਲੀਮੈਂਟ ਫਰਾਂਚ ਚੈਪਟਰ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕਰਕੇ ਆਪਣੇ ਵਿਚਾਰ ਪੰਜ ਸਿੰਘਾਂ ਅੱਗੇ ਰੱਖੇ ਹਨ।