ਵਰਲਡ ਸਿੱਖ ਚੈਂਬਰ ਆਫ਼ ਕਾਮਰਸ ਦੇ ਇੱਕ ਵਫ਼ਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਭਾਰਤ ਦੇ ਦਸ ਵੱਖ-ਵੱਖ ਸੂਬਿਆਂ ਤੋਂ 30 ਤੋਂ ਵੱਧ ਮੈਂਬਰ ਸ਼ਾਮਲ ਸਨ। ਵਫ਼ਦ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਟੇਕ ਸਿੰਘ ਨੂੰ ਸਿਰੋਪਾਓ, ਸ੍ਰੀ ਸਾਹਿਬ ਅਤੇ ਫੁੱਲਾਂ ਦੇ ਸਿਹਰੇ ਨਾਲ ਸਨਮਾਨਿਤ ਕੀਤਾ।
ਮੁਲਾਕਾਤ ਦੌਰਾਨ ਵਫ਼ਦ ਨੇ ਪੰਥਕ ਅਤੇ ਕੌਮੀ ਸਰੋਕਾਰਾਂ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਸਿੱਖ ਸ਼ਕਤੀ ਨੂੰ ਇਕਜੁੱਟ ਕਰਕੇ ਕੌਮ ਦੇ ਭਵਿੱਖ ਅਤੇ ਲੋੜਵੰਦਾਂ ਦੀ ਭਲਾਈ ਲਈ ਸਾਰਥਕ ਢੰਗ ਨਾਲ ਵਰਤਣ ਦਾ ਸੁਝਾਅ ਦਿੱਤਾ। ਵਫ਼ਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਅਤੇ ਇਸ ਲਈ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਨਾਲ ਹੀ, ਇੱਕ ਸੁਤੰਤਰ ਸਿੱਖ ਐਜੂਕੇਸ਼ਨ ਬੋਰਡ ਦੀ ਸਥਾਪਨਾ ਅਤੇ ਪੰਥਕ ਇਕਜੁੱਟਤਾ ਨੂੰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ।
ਲੰਗਰ ਦੀ ਸੇਵਾ ਨੂੰ ਸਾਰਥਕ ਢੰਗ ਨਾਲ ਜਾਰੀ ਰੱਖਣ ਲਈ ਸ਼ਕਤੀ ਅਤੇ ਸਾਧਨਾਂ ਦੀ ਵਰਤੋਂ ਸਬੰਧੀ ਵੀ ਚਰਚਾ ਹੋਈ।ਵਰਲਡ ਸਿੱਖ ਚੈਂਬਰ ਦੇ ਪ੍ਰਧਾਨ ਸ. ਪਰਮੀਤ ਸਿੰਘ ਨੇ ਜਥੇਦਾਰ ਗੜਗੱਜ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਇਸ ਮੁਲਾਕਾਤ ਨੂੰ ਸਿੱਖ ਸ਼ਕਤੀ ਨੂੰ ਸਮਰੱਥ ਅਤੇ ਪ੍ਰਗਤੀਸ਼ੀਲ ਬਣਾਉਣ ਲਈ ਇਤਿਹਾਸਕ ਦੱਸਿਆ। ਉਨ੍ਹਾਂ ਨੇ ਭਵਿੱਖ ਵਿੱਚ ਸਾਂਝੇ ਉਪਰਾਲਿਆਂ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਜਥੇਦਾਰ ਗੜਗੱਜ ਨੇ ਨੋਟਿਸ ਕੀਤਾ ਕਿ ਵਫ਼ਦ ਦੇ ਕੁਝ ਮੈਂਬਰਾਂ ਨੇ ਸਰਬਲੋਹ ਦੇ ਕੜੇ ਨਹੀਂ ਪਾਏ ਸਨ। ਉਨ੍ਹਾਂ ਨੇ ਮੌਕੇ ’ਤੇ ਹੀ ਕੜੇ ਮੰਗਵਾ ਕੇ ਮੈਂਬਰਾਂ ਨੂੰ ਪਹਿਨਾਏ ਅਤੇ ਅੰਮ੍ਰਿਤ ਛਕ ਕੇ ਪੰਜ ਕਕਾਰ ਧਾਰਨ ਕਰਨ ਲਈ ਪ੍ਰੇਰਿਆ। ਉਨ੍ਹਾਂ ਸੰਤੁਸ਼ਟੀ ਜਤਾਈ ਕਿ ਸਾਰੇ ਮੈਂਬਰ ਸਾਬਤ ਸੂਰਤ ਸਨ ਅਤੇ ਸਿੱਖ ਪਛਾਣ ਨੂੰ ਵਿਸ਼ਵ ਭਰ ਵਿੱਚ ਉੱਚਾ ਚੁੱਕਣ ਦੀ ਪ੍ਰੇਰਣਾ ਦਿੱਤੀ।ਜਥੇਦਾਰ ਨੇ ਕਿਹਾ ਕਿ ਸਿੱਖਾਂ ਦਾ ਆਰਥਿਕ ਤੌਰ ’ਤੇ ਮਜ਼ਬੂਤ ਹੋਣਾ ਜ਼ਰੂਰੀ ਹੈ, ਪਰ ਗੁਰੂ ਸਿਧਾਂਤਾਂ ਅਨੁਸਾਰ ਲੋੜਵੰਦਾਂ ਦੀ ਸੇਵਾ ਵੀ ਉਨੀ ਹੀ ਅਹਿਮ ਹੈ।
ਉਨ੍ਹਾਂ ਭਾਈ ਲੱਖੀ ਸ਼ਾਹ ਵਣਜਾਰਾ ਦੀ ਮਿਸਾਲ ਦਿੱਤੀ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸੇਵਾ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਜਥੇਦਾਰ ਨੇ ਅਰਦਾਸ ਕੀਤੀ ਕਿ ਸਿੱਖ ਵਿਸ਼ਵ ਭਰ ਵਿੱਚ ਤਰੱਕੀ ਕਰਨ ਪਰ ਗੁਰੂ ਦੀ ਭੈ-ਭਾਵਨੀ ਹਮੇਸ਼ਾ ਕਾਇਮ ਰੱਖਣ।