‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੱਲ੍ਹਾ ਭਾਰਤ ਹੀ ਨਹੀਂ, ਸਾਰੀ ਦੁਨੀਆਂ ਵਿੱਚ ਵਸਦੇ ਨੌਜਵਾਨਾਂ ਵਿੱਚ ਦਿਲ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਇਹ ਹੁਣ ਆਮ ਬਿਮਾਰੀ ਬਣ ਰਹੀ ਹੈ, ਹਰ ਤੀਜਾ ਬੰਦਾ ਇਹ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਮੇਰਾ ਬੀਪੀ ਘੱਟਦਾ ਜਾਂ ਵਧਦਾ ਹੈ। ਪਰ ਨਵੀਂ ਰਿਪੋਰਟ ਅਨੁਸਾਰ ਔਰਤਾਂ ਤੇ ਲੜਕੀਆਂ ਵਿੱਚ ਹੁਣ ਹਾਰਟ ਨਾਲ ਜੁੜੇ ਰਿਸਕ ਵਧ ਰਹੇ ਹਨ। ਘਟ ਉਮਰ ਦੀਆਂ ਕੁੜੀਆਂ ਤੇ ਔਰਤਾਂ ਨੂੰ ਵੀ ਦਿਲ ਦੀਆਂ ਬੀਮਰੀਆਂ ਘੇਰ ਰਹੀਆਂ ਹਨ। ਅੱਜ ਵਰਲਡ ਹਾਰਟ ਡੇ ਮੌਕੇ ਆਓ ਚਰਚਾ ਕਰਦੇ ਹਾਂ ਕਿ ਡਾਕਟਰ ਕੀ ਸਲਾਹ ਦਿੰਦੇ ਹਨ ਤੇ ਅਸੀਂ ਦਿਲ ਦੀਆਂ ਬੀਮਾਰੀਆਂ ਤੋਂ ਕਿਵੇਂ ਬਚ ਸਕਦੇ ਹਾਂ….
ਤਣਾਅ
ਤਣਾਅ ਕਿਸੇ ਵੀ ਤਰ੍ਹਾਂ ਦਾ ਹੋਵੇ, ਖਤਰਨਾਕ ਸਾਬਤ ਹੁੰਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਔਰਤਾਂ ਨਾ ਸਿਰਫ ਘਰ ਸੰਭਾਲਦੀਆਂ ਹਨ, ਸਗੋਂ ਦਫਤਰ ਦੀ ਜਿੰਮੇਦਾਰੀ ਵੀ ਉਨ੍ਹਾਂ ਦੇ ਮੋਢਿਆਂ ਉੱਤੇ ਹੀ ਹੁੰਦੀ ਹੈ। ਕਈ ਵਾਰ ਦੋਨੋਂ ਪਾਸੇ ਬੈਲੇਂਸ ਕਰਦਿਆਂ ਤਣਾਅ ਆ ਜਾਂਦਾ ਹੈ। ਤਣਾਅ ਦੇ ਕਾਰਣ ਕੋਰੋਨਰੀ ਧਮਣੀਆਂ ਵਿੱਚ ਐਥਰੋਸਕਲੇਰੋਸਿਸ ਜਾਂ ਪਲਾਕ ਹੋ ਸਕਦਾ ਹੈ, ਜਿਸ ਨਾਲ ਖੂਨ ਦਾ ਸੰਚਾਰ ਪ੍ਰਭਾਵਿਤ ਹੁੰਦਾ ਹੈ। ਜੋ ਹਾਰਟ ਅਟੈਕ ਦਾ ਕਾਰਣ ਬਣਦਾ ਹੈ।
ਸਰੀਰਕ ਕਸਰਤਾਂ ਦੀ ਘਾਟ
ਅੱਜ ਦੇ ਦੌਰ ਵਿੱਚ ਸਰੀਰਕ ਕਸਰਤਾਂ ਘਟ ਗਈਆਂ ਹਨ। ਬਹੁਤ ਥੋੜ੍ਹੇ ਲੋਕ ਸਵੇਰ ਦੀ ਸੈਰ ਤੇ ਜਿੰਮ ਵਗੈਰਾਂ ਜਾ ਕੇ ਸਰੀਰ ਦਾ ਖਿਆਲ ਰੱਖਦੇ ਹਨ। ਕੰਮਕਾਜੀ ਥਾਵਾਂ ਉੱਤੇ ਕੰਪਿਊਟਰ ਨਾਲ ਹੀ ਬੈਠਿਆਂ ਕਿੰਨੇ ਕੰਮ ਹੋ ਜਾਂਦੇ ਹਨ। ਇਸ ਨਾਲ ਹੋਲੀ ਹੋਲੀ ਸਾਡਾ ਦਿਮਾਗ ਬੇਸ਼ੱਕ ਤੇਜ ਹੋ ਜਾਵੇ ਪਰ ਸਰੀਰ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਹੌਲੀ ਹੌਲੀ ਮਾਸ਼ਪੇਸ਼ੀਆਂ ਕਮਜੋਰ ਹੋ ਜਾਂਦੀਆਂ ਹਨ ਤੇ ਦਿਲ ਕਈ ਬਿਮਾਰੀਆਂ ਦੀ ਜਕੜ ਵਿੱਚ ਆ ਜਾਂਦਾ ਹੈ।
ਠੀਕ ਨੀਂਦ ਨਾ ਲੈਣਾ
ਦਿਲ ਨੂੰ ਠੀਕ ਰੱਖਣ ਲਈ ਚੰਗੀ ਡਾਇਟ ਦੇ ਨਾਲ ਨਾਲ ਚੰਗੀ ਨੀਂਦ ਬਹੁਤ ਜਰੂਰੀ ਹੈ। ਨੀਂਦ ਠੀਕ ਨਾ ਲੈਣ ਨਾਲ ਸਾਡਾ ਬਲੱਡ ਦਾ ਫਲੋ ਵਿਗੜਦਾ ਹੈ। ਮਨ ਚਿੜਚਿੜਾ ਰਹਿੰਦਾ ਹੈ ਤੇ ਅਸੀਂ ਗੁੱਸਾ ਜਿਆਦਾ ਕਰਨ ਲੱਗਦੇ ਹਾਂ। ਡਾਕਟਰਾਂ ਦੀ ਸਲਾਹ ਮੰਨੀਏ ਤਾਂ ਹਰੇਕ ਲਈ 7 ਤੋਂ 8 ਘੰਟੇ ਦੀ ਨੀਂਦ ਬਹੁਤ ਜਰੂਰੀ ਹੈ।
ਬੇਲੋੜੀ ਸ਼ਰਾਬ ਪੀਣਾ ਤੇ ਸਿਗਰਟਨੋਸ਼ੀ ਕਰਨਾ
ਨੌਜਵਾਨ ਕੁੜੀਆਂ ਵਿੱਚ ਸ਼ਰਾਬ ਪੀਣ ਦੀ ਲਤ ਵਧ ਰਹੀ ਹੈ। ਜਿਸ ਨਾਲ ਦਿਲ ਦੀਆਂ ਬੀਮਾਰੀਆਂ ਵੀ ਵਧ ਰਹੀਆਂ ਹਨ। ਸ਼ਰਾਬ ਜਿਆਦਾ ਪੀਣ ਨਾਲ ਨੌਜਵਾਨਾਂ ਵਿੱਚ ਕਾਰਡਿਕ ਅਰੇਸਟ ਤੇ ਹਾਰਟ ਅਟੈਕ ਵਧ ਰਹੇ ਹਨ।
ਗਰਭਨਿਰੋਧਕ ਗੋਲੀਆਂ ਦਾ ਵਧ ਸੇਵਨ
ਨੌਜਵਾਨ ਔਰਤ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਅਹਿਮ ਕਾਰਣ ਗਰਭਨਿਰੋਧਕ ਗੋਲੀਆਂ ਵੀ ਮੰਨਿਆਂ ਦਾ ਜਾ ਰਿਹਾ ਹੈ। ਇਨ੍ਹਾਂ ਕਾਰਣ ਔਰਤਾਂ ਵਿਚ ਹਾਰਮੋਨਲ ਪ੍ਰਭਾਵ ਵੀ ਪੈਂਦਾ ਹੈ। ਹਾਰਮੋਨ ਦਾ ਪੱਧਰ ਵਧਣ ਕਾਰਨ ਬਲੱਡ ਪ੍ਰੈਸ਼ਰ ਵਧਦਾ ਹੈ। ਜੇ ਗੋਲੀਆਂ ਦੀ ਸੰਖਿਆਂ ਵਧਦੀ ਜਾ ਰਹੀ ਹੈ ਤਾਂ ਅਟੈਕ ਹੋਣ ਦੇ ਕਾਰਣ ਵਧ ਜਾਂਦੇ ਹਨ।
ਮੋਟਾਪਾ
ਕੁੜੀਆਂ ਤੇ ਔਰਤਾਂ ਵਿੱਚ ਹਾਰਟ ਅਟੈਕ ਦਾ ਇਕ ਕਾਰਣ ਮੋਟਾਪਾ ਵੀ ਹੈ। ਇਸ ਨਾਲ ਹਾਰਟ ਅਟੈਕ ਆਮ ਗੱਲ ਹੈ। ਹਾਈ ਬੀਪੀ ਔਰਤਾਂ ਵਿਚ ਦਿਲ ਦੇ ਦੌਰੇ ਜਾਂ ਅਟੈਕ ਨੂੰ ਵਧਾਉਂਦਾ ਹੈ। ਖੂਨ ਵਿੱਚ ਕੋਲੇਸਟ੍ਰਾਲ ਦੀ ਮਾਤਰਾ ਜੇਕਰ ਕੰਟਰੋਲ ਵਿਚ ਨਹੀਂ ਤਾਂ ਹਾਲਾਤ ਜਿਆਦਾ ਖਰਾਬ ਹੋ ਸਕਦੇ ਹਨ।
ਸ਼ੂਗਰ
ਸਿਹਤ ਮਾਹਿਰ ਮੰਨਦੇ ਹਨ ਕਿ ਸ਼ੂਗਰ ਕਿਡਨੀ ਦੇ ਨਾਲ ਨਾਲ ਦਿਲ ਦੀਆਂ ਬਿਮਾਰੀਆਂ ਨੂੰ ਪ੍ਰਭਾਵਿਤ ਕਰਦਾ ਹੈ। ਪਿਛਲੇ ਇਕ ਦਹਾਕੇ ਵਿਚ ਇਸ ਨਾਲ ਔਰਤਾਂ ਤੇ ਨੌਜਵਾਨ ਕੁੜੀਆਂ ਬਹੁਤ ਪ੍ਰਭਾਵਿਤ ਹੋਈਆਂ ਹਨ। ਸ਼ੂਗਰ ਨਾਲ ਮੇਟਾਬੋਲਿਕ ਅਬਨੋਮਵਿਟੀਜ ਨੌਜਵਾਨ ਲੜਕੀਆਂ ਵਿਚ ਸਟ੍ਰੋਕ ਜਾਂ ਦਿਲ ਦੇ ਦੌਰੇ ਦਾ ਖਤਰਾ ਵਧ ਜਾਂਦਾ ਹੈ। ਡਾਕਟਰ ਇਹ ਵੀ ਸਲਾਹ ਦਿੰਦੇ ਹਨ ਕਿ ਇਨ੍ਹਾਂ ਸਭ ਤੋਂ ਬਚਣ ਲਈ ਸਾਨੂੰ ਖਾਣ ਪੀਣ ਵਿਚ ਬਦਲਾਅ, ਚੰਗੀ ਨੀਂਦ ਸਰੀਰਕ ਕਸਰਤ ਤੇ ਦੇ ਨਾਲ ਨਾਲ ਹੋਰ ਚੰਗੀਆਂ ਆਦਤਾਂ ਅਪਨਾਉਣੀਆਂ ਚਾਹੀਦੀਆਂ ਹਨ ਤਾਂ ਜੋ ਦਿਲ ਦੀਆਂ ਬਿਮਾਰੀਆਂ ਤੋਂ ਆਪਣਾ ਬਚਾਅ ਕੀਤਾ ਜਾ ਸਕੇ।