‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਦੌਰਾਨ ਸਕੂਲ ਬੰਦ ਕਰਨ ਦਾ ਵਿਸ਼ਵ ਬੈਂਕ ਵੱਲੋਂ ਵਿਰੋਧ ਕੀਤਾ ਗਿਆ ਹੈ। ਵਿਸ਼ਵ ਬੈਂਕ ਦੇ ਵਿਸ਼ਵ ਸਿੱਖਿਆ ਨਿਰਦੇਸ਼ਕ ਜੈਮੀ ਸਾਵੇਦਰਾ ਨੇ ਕਿਹਾ ਕਿ ਮਹਾਂਮਾਰੀ ਦੇ ਮੱਦੇਨਜ਼ਰ ਸਕੂਲਾਂ ਨੂੰ ਬੰਦ ਰੱਖਣਾ ਹੁਣ ਜਾਇਜ਼ ਨਹੀਂ ਹੈ ; ਭਾਵੇਂ ਕਿ ਨਵੀਆਂ ਲਹਿਰਾਂ ਆਉਣ ਨਾਲ ਸਕੂਲਾਂ ਨੂੰ ਬੰਦ ਕਰਨਾ ਅੰਤਿਮ ਉਪਾਅ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਹੁਣ ਸਕੂਲਾਂ ਨੂੰ ਬੰਦ ਰੱਖਣ ਦੀ ਕੋਈ ਤੁੱਕ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੋਵਿਡ ਤੋਂ ਬੱਚਿਆਂ ਨੂੰ ਖ਼ਤਰਾ ਘੱਟ ਹੈ ਪਰ ਸਕੂਲ ਬੰਦ ਹੋਣ ਦੀ ਕੀਮਤ ਬਹੁਤ ਜ਼ਿਆਦਾ ਹੈ। ਸਕੂਲਾਂ ਨੂੰ ਦੁਬਾਰਾ ਖੋਲ੍ਹਣ ਲਈ ਬੱਚਿਆਂ ਦੇ ਟੀਕਾਕਰਨ ਦੀ ਉਡੀਕ ਕਰਨ ਦਾ ਕੋਈ ਮਤਲਬ ਨਹੀਂ ਹੈ ਅਤੇ ਇਸ ਦੇ ਪਿੱਛੇ ‘ਕੋਈ ਵਿਗਿਆਨ’ ਨਹੀਂ ਹੈ।
ਸਾਵੇਦਰਾ ਦੀ ਟੀਮ ਸਿੱਖਿਆ ਖੇਤਰ ’ਤੇ ਕੋਵਿਡ-19 ਦੇ ਪ੍ਰਭਾਵ ਉੱਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਹੈ ਕਿ ਸਕੂਲਾਂ ਨੂੰ ਮੁੜ ਖੋਲ੍ਹਣ ਨਾਲ ਕਰੋਨਾਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਅਤੇ ਸਕੂਲ ‘‘ਸੁਰੱਖਿਅਤ ਥਾਂ’’ ਨਹੀਂ ਹਨ। ਸਾਵੇਦਰਾ ਨੇ ਕਿਹਾ ਕਿ ਲੋਕ ਨੀਤੀ ਦੇ ਨਜ਼ਰੀਏ ਨਾਲ ਬੱਚਿਆਂ ਦੇ ਟੀਕਾਕਰਨ ਤੱਕ ਇੰਤਜ਼ਾਰ ਕਰਨ ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਇਸ ਦੇ ਪਿੱਛੇ ਕੋਈ ਵਿਗਿਆਨ ਨਹੀਂ ਹੈ।
ਸਾਵੇਦਰਾ ਨੇ ਕਿਹਾ ਕਿ, ‘‘ਸਕੂਲ ਖੋਲ੍ਹਣ ਅਤੇ ਕਰੋਨਾਵਾਇਰਸ ਦੇ ਪ੍ਰਸਾਰ ਵਿਚਾਲੇ ਕੋਈ ਸਬੰਧ ਨਹੀਂ ਹੈ। ਦੋਹਾਂ ਨੂੰ ਜੋੜਨ ਦਾ ਕੋਈ ਸਬੂਤ ਨਹੀਂ ਹੈ ਅਤੇ ਹੁਣ ਸਕੂਲਾਂ ਨੂੰ ਬੰਦ ਰੱਖਣ ਦਾ ਕੋਈ ਤੁੱਕ ਨਹੀਂ ਹੈ। ਭਾਵੇਂ ਕਿ ਕੋਵਿਡ-19 ਦੀਆਂ ਨਵੀਆਂ ਲਹਿਰਾਂ ਆਉਣ, ਸਕੂਲਾਂ ਨੂੰ ਬੰਦ ਕਰਨਾ ਅੰਤਿਮ ਉਪਾਅ ਹੀ ਹੋਣਾ ਚਾਹੀਦਾ ਹੈ।’’
ਉਨ੍ਹਾਂ ਕਿਹਾ ਕਿ, ‘‘ਰੈਸਟੋਰੈਂਟਾਂ, ਬਾਰ ਅਤੇ ਸ਼ਾਪਿੰਗ ਮਾਲਾਂ ਨੂੰ ਖੁੱਲ੍ਹਾ ਰੱਖਣ ਅਤੇ ਸਕੂਲਾਂ ਨੂੰ ਬੰਦ ਰੱਖਣ ਦਾ ਕੋਈ ਮਤਲਬ ਨਹੀਂ ਹੈ। ਕੋਈ ਬਹਾਨਾ ਨਹੀਂ ਹੋ ਸਕਦਾ।’’ ਵਿਸ਼ਵ ਬੈਂਕ ਦੇ ਵੱਖ-ਵੱਖ ਅਧਿਐਨਾਂ ਅਨੁਸਾਰ ਜੇਕਰ ਸਕੂਲ ਖੋਲ੍ਹੇ ਜਾਂਦੇ ਹਨ ਤਾਂ ਬੱਚਿਆਂ ਲਈ ਸਿਹਤ ਦਾ ਖ਼ਤਰਾ ਘੱਟ ਹੁੰਦਾ ਹੈ ਅਤੇ ਬੰਦ ਹੋਣ ਦੀ ਲਾਗਤ ਬਹੁਤ ਜ਼ਿਆਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ, ‘‘2020 ਦੌਰਾਨ ਅਸੀਂ ਨਾਸਮਝੀ ਵਿੱਚ ਕਦਮ ਉਠਾ ਰਹੇ ਸੀ। ਸਾਨੂੰ ਅਜੇ ਵੀ ਇਹ ਨਹੀਂ ਪਤਾ ਕਿ ਮਹਾਂਮਾਰੀ ਨਾਲ ਨਜਿੱਠਣ ਦਾ ਸਭ ਤੋਂ ਚੰਗਾ ਤਰੀਕਾ ਕੀ ਹੈ ਅਤੇ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਤੁਰੰਤ ਸਕੂਲਾਂ ਨੂੰ ਬੰਦ ਕਰਨ ਵਰਗੇ ਕਦਮ ਉਠਾਏ ਗਏ ਹਨ। ਉਦੋਂ ਤੋਂ ਕਾਫੀ ਸਮਾਂ ਬੀਤ ਚੁੱਕਾ ਹੈ ਅਤੇ 2020 ਤੇ 2021 ਦੌਰਾਨ ਕਰੋਨਾ ਦੀਆਂ ਕਈ ਲਹਿਰਾਂ ਆ ਚੁੱਕੀਆਂ ਹਨ ਅਤੇ ਅਜਿਹੇ ਕਈ ਦੇਸ਼ ਹਨ, ਜਿਨ੍ਹਾਂ ਨੇ ਸਕੂਲ ਖੋਲ੍ਹੇ ਹਨ।’’
ਸਕੂਲ ਬੰਦ ਹੋਣ ਨਾਲ ਵਿਦਿਆਰਥੀਆਂ ‘ਤੇ ਪਿਆ ਅਸਰ
ਤੁਹਾਨੂੰ ਦੱਸ ਦੇਈਏ ਕਿ ਕੌਮਾਂਤਰੀ ਪੱਧਰ ‘ਤੇ ਸਿੱਖਿਆ ਬਾਰੇ ਦੀਆਂ ਪਿਛਲੇ ਦਸ ਸਾਲਾਂ ਦੀਆਂ ਰਿਪੋਰਟਾਂ ਮੁਤਾਬਕ ਸਾਡੇ ਵਰਗੇ ਦੇਸ਼ਾਂ ਵਿੱਚ ਵਿਦਿਆਰਥੀਆਂ ਦੀ ਲਰਨਿੰਗ ਆਊਟਕਮ ਬਹੁਤ ਘੱਟ ਆ ਰਹੀ ਹੈ। ਲਰਨਿੰਗ ਆਊਟਕਮ ਤਾਂ ਵੱਧਦੀ ਹੈ ਜੇ ਸਕੂਲਾਂ ਵਿੱਚ ਚੰਗੀ ਪੜ੍ਹਾਈ ਹੋਵੇ, ਅਧਿਆਪਕ ਆਉਣ, ਗਰੀਬ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਮਿਲੇ ਪਰ ਕੋਵਿਡ ਦੌਰਾਨ ਇਹ ਸਭ ਨਹੀਂ ਹੋਇਆ ਅਤੇ ਭਾਰਤ ਵਰਗੇ ਮੁਲਕਾਂ ਵਿੱਚ ਵਿਦਿਆਰਥੀਆਂ ਕੋਲ ਆਨਲਾਈਨ ਪੜ੍ਹਾਈ ਦੇ ਸਾਧਨ ਵੀ ਨਹੀਂ ਸਨ।
ਸਰਕਾਰਾਂ ਨੂੰ ਕੋਈ ਅਜਿਹਾ ਸਿਸਟਮ ਤਿਆਰ ਕਰਨਾ ਚਾਹੀਦਾ ਸੀ ਕਿ ਇਸ ਸਮੇਂ ਦੌਰਾਨ ਸਿੱਖਿਆ ਦੀ ਪ੍ਰਕਿਰਿਆ ਬੰਦ ਨਾ ਹੋਵੇ ਕਿਉਂਕਿ ਸਿੱਖਿਆ ਪ੍ਰਣਾਲੀ ਵਿੱਚ ਨਿਰੰਤਰਤਾ ਬੇਹੱਦ ਜ਼ਰੂਰੀ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਕਈ ਸੂਬਿਆਂ ਵਿੱਚ ਚੋਣਾਂ ਹੋਈਆਂ ਅਤੇ ਹੋ ਰਹੀਆਂ ਹਨ, ਹੋਰ ਵੀ ਕਈ ਥਾਂਈਂ ਹਜ਼ਾਰਾਂ-ਲੱਖਾਂ ਲੋਕ ਇਕੱਠੇ ਹੋ ਰਹੇ ਹਨ ਪਰ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਜੇ ਹੋਰ ਚੀਜ਼ਾਂ ਹੋ ਸਕਦੀਆਂ ਹਨ ਤਾਂ ਪੂਰੇ ਪ੍ਰਬੰਧ ਕਰਕੇ ਸਕੂਲਾਂ ਵਿੱਚ ਪੜ੍ਹਾਈ ਵੀ ਹੋ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ। ਇੱਥੋਂ ਤੱਕ ਕਿ ਜਦੋਂ ਸਕੂਲ ਕੁੱਝ ਸਮੇਂ ਲਈ ਖੋਲ੍ਹੇ ਵੀ ਗਏ ਤਾਂ ਕੋਵਿਡ ਦੇ ਮੱਦੇਨਜ਼ਰ ਪ੍ਰਬੰਧ ਨਹੀਂ ਦਿਸੇ।”