Punjab

ਪੰਜਾਬ ਦੀਆਂ ਔਰਤਾਂ ਲਾਇਸੈਂਸੀ ਹਥਿਆਰ ਰੱਖਣ ਦੇ ਮਾਮਲੇ ‘ਚ ਦੇਸ਼ ‘ਚ ਦੂਜੇ ਨੰਬਰ ‘ਤੇ

ਮਰਦਾਂ ਦੇ ਮੁਕਾਬਲੇ ਦੇਸ਼ ਵਿੱਚ ਸਿਰਫ਼ ਇੱਕ ਫ਼ੀਸਦੀ ਔਰਤਾਂ ਹੀ ਸੁਰੱਖਿਆ ਲਈ ਹਥਿਆਰਾਂ ਦੀ ਲੋੜ ਮਹਿਸੂਸ ਕਰਦੀਆਂ ਹਨ। ਹਥਿਆਰਾਂ ਦੇ ਸ਼ੌਕੀਨਾਂ ਵਿੱਚ ਉੱਤਰ ਪ੍ਰਦੇਸ਼ ਤੋਂ ਬਾਅਦ ਪੰਜਾਬ ਦੀਆਂ ਔਰਤਾਂ ਦੂਜੇ ਨੰਬਰ ‘ਤੇ ਹਨ। ਹਾਲਾਂਕਿ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿੱਚ ਵੀ ਔਰਤਾਂ ਦੀ ਭਾਗੀਦਾਰੀ ਇੱਕ ਫੀਸਦੀ ਤੋਂ ਵੱਧ ਹੈ।

ਉੱਤਰ ਪ੍ਰਦੇਸ਼ ਵਿਚ ਕੁੱਲ 13,80,375 ਲੋਕਾਂ ਕੋਲ ਹਥਿਆਰਾਂ ਦੇ ਲਾਇਸੰਸ ਹਨ, ਇਨ੍ਹਾਂ ਵਿਚੋਂ 20,016 ਲਾਇਸੰਸ ਔਰਤਾਂ ਦੇ ਨਾਂਅ ਉਤੇ ਹਨ। ਕੁੱਲ 3.17 ਕਰੋੜ ਦੀ ਆਬਾਦੀ ਵਾਲੇ ਪੰਜਾਬ ਵਿਚ 4,39,427 ਹਥਿਆਰ ਹਨ ਅਤੇ ਔਰਤਾਂ ਦੇ ਨਾਂਅ ਉਤੇ 4703 ਲਾਇਸੰਸ ਹਨ। ਕਰੀਬ 2.12 ਕਰੋੜ ਦੀ ਆਬਾਦੀ ਵਾਲੇ ਹਰਿਆਣਾ ਵਿਚ 1,58,524 ਲਾਇਸੰਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ 1404 ਔਰਤਾਂ ਦੇ ਨਾਂਅ ਹਨ। ਚੰਡੀਗੜ੍ਹ ਵਿਚ ਕੁੱਲ 7055 ਲਾਇਸੰਸ ਹਨ, ਇਨ੍ਹਾਂ ਵਿਚੋਂ 444 ਔਰਤਾਂ ਦੇ ਨਾਂਅ ਹਨ।

ਪੰਜਾਬ ਦੇ ਕਿਸ ਜ਼ਿਲ੍ਹੇ ਵਿਚ ਕਿੰਨੇ ਲਾਇਸੰਸ

ਪੰਜਾਬ ਵਿਚ ਲਾਇਸੰਸੀ ਅਸਲੇ ਦੇ ਮਾਮਲੇ ਵਿਚ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ (40,212) ਅਤੇ ਗੁਰਦਾਸਪੁਰ (38,945) ਸੱਭ ਤੋਂ ਉੱਪਰ ਹਨ। ਸਨਅਤੀ ਜ਼ਿਲ੍ਹਾ ਲੁਧਿਆਣਾ 35,230 ਲਾਇਸੰਸਾਂ ਨਾਲ ਸੂਚੀ ਵਿਚ ਤੀਜੇ ਨੰਬਰ ਉਤੇ ਹਨ। ਇਸ ਤੋਂ ਬਾਅਦ ਪਟਿਆਲਾ (33,147) ਚੌਥੇ ਨੰਬਰ ਉਤੇ ਹੈ। ਇਸ ਤੋਂ ਇਲਾਵਾ ਸੂਚੀ ਵਿਚ ਫਿਰੋਜ਼ਪੁਰ (30,904), ਮੋਗਾ (29,831), ਤਰਨਤਾਰਨ (27,104), ਸੰਗਰੂਰ (26,396), ਬਠਿੰਡਾ (26,381), ਸ੍ਰੀ ਮੁਕਤਸਰ ਸਾਹਿਬ (24,489), ਜਲੰਧਰ (17,116) ਫਾਜ਼ਿਲਕਾ (16,532), ਫਰੀਦਕੋਟ (15,507), ਮਾਨਸਾ (13,166), ਬਰਨਾਲਾ (11,420), ਹੁਸ਼ਿਆਰਪੁਰ (11,367) ਫਤਿਹਗੜ੍ਹ ਸਾਹਿਬ (10,753), ਮੋਹਾਲੀ (10,101), ਕਪੂਰਥਲਾ (8,479), ਰੂਪਨਗਰ (5,411), ਪਠਾਨਕੋਟ (3,696), ਸ਼ਹੀਦ ਭਗਤ ਸਿੰਘ ਨਗਰ (2,907), ਮਲੇਰਕੋਟਲਾ (332) ਸ਼ਾਮਲ ਹਨ।

ਗੁਰਦਾਸਪੁਰ ਦੇ ਗੰਨ ਹਾਊਸ ਵਿਚ ਕੰਮ ਕਰਨ ਵਾਲੇ ਤਰਨਦੀਪ ਸਿੰਘ ਗੋਲਡੀ ਦਾ ਕਹਿਣਾ ਹੈ ਕਿ, “2016 ਤੋਂ ਇਕ ਲਾਇਸੰਸ ਉਤੇ ਦੋ ਹਥਿਆਰ ਰੱਖਣ ਦੇ ਨਿਯਮ ਤੋਂ ਬਾਅਦ 12 ਬੋਰ ਵਾਲੀਆਂ ਜ਼ਿਆਦਾਤਰ ਬੰਦੂਕਾਂ ਲੋਕਾਂ ਨੇ ਸਰੰਡਰ ਕਰ ਦਿਤੀਆਂ ਹਨ। ਹੁਣ ਲੋਕ ਛੋਟੇ ਹਥਿਆਰਾਂ ਨੂੰ ਤਰਜੀਹ ਦਿੰਦੇ ਹਨ, ਜੋ ਬਚਾਅ ਲਈ ਹੋਵੇ ਅਤੇ ਜਿਸ ਨੂੰ ਰੱਖਣਾ ਆਸਾਨ ਹੋਵੇ। ਖੇਤਾਂ ਵਿਚ ਰਹਿਣ ਵਾਲੇ ਅਤੇ ਸਰਹੱਦ ਨੇੜਲੇ ਲੋਕ ਹੁਣ ਵੀ ਅਸਲਾ ਖਰੀਦਦੇ ਹਨ। 90 ਫ਼ੀ ਸਦੀ ਲੋਕਾਂ ਦੀ ਪਸੰਦ ਪਿਸਤੌਲ ਹੈ। ਹੁਣ ਦੁਨਾਲੀ ਲਗਭਗ ਬੰਦ ਹੋ ਗਈ ਹੈ”।

ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਚੇਅਰਪਰਸਨ ਡਾ. ਵਿਨੋਦ ਚੌਧਰੀ ਦਾ ਕਹਿਣਾ ਹੈ, “ਪੰਜਾਬ, ਹਰਿਆਣਾ ਦੀ ਆਬਾਦੀ ਇਤਿਹਾਸਕ ਕਾਰਨਾਂ ਕਾਰਨ ਯੋਧਾ ਕੌਮ ਰਹੀ ਹੈ। ਵਿਦੇਸ਼ੀ ਹਮਲਾਵਰਾਂ ਕਾਰਨ ਇਥੇ ਬਚਾਅ ਲਈ ਹਮੇਸ਼ਾ ਹਥਿਆਰ ਰੱਖੇ ਜਾਂਦੇ ਹਨ। ਜ਼ਮੀਨਾਂ ਦੇ ਝਗੜਿਆਂ ਕਾਰਨ ਵੀ ਇਥੇ ਹਥਿਆਰ ਰੱਖੇ ਜਾਂਦੇ ਹਨ। ਜ਼ਿਮੀਦਾਰ ਪਰਿਵਾਰਾਂ ਦੀਆਂ ਔਰਤਾਂ, ਜਿਨ੍ਹਾਂ ਦੇ ਪਤੀ ਵਿਦੇਸ਼ਾਂ ਵਿਚ ਹਨ ਅਤੇ ਬੱਚੇ ਛੋਟੇ ਹਨ, ਉਨ੍ਹਾਂ ਲਈ ਵੀ ਹਥਿਆਰ ਜ਼ਰੂਰੀ ਹੈ।”