ਮਹਾਰਾਸ਼ਟਰ : ਇੱਕ ਤੋਂ ਬਾਅਦ ਇੱਕ ਅਜਿਹੇ ਕੇਸ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਪਤਨੀ ਵੱਲੋਂ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਹੀ ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਦਾ ਉਸਦੀ ਪਤਨੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਅਜਿਹਾ ਹੀ ਇੱਕ ਮਾਮਲਾ ਮਹਾਰਾਸ਼ਟਰ ਤੋਂ ਸਾਹਮਮੇ ਆਇਆ ਜਿੱਥੇ ਪਤਨੀ ਨੇ ਵਿਆਹ ਤੋਂ ਕਰੀਬ 15 ਦਿਨਾਂ ਬਾਅਦ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਸਾਂਗਲੀ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ 27 ਸਾਲਾ ਔਰਤ ਨੇ ਆਪਣੇ ਵਿਆਹ ਤੋਂ ਸਿਰਫ਼ ਪੰਦਰਾਂ ਦਿਨ ਬਾਅਦ ਹੀ ਆਪਣੇ ਪਤੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਔਰਤ ਨੇ ਬੁੱਧਵਾਰ ਨੂੰ ਸਵੇਰੇ 12:30 ਵਜੇ ਦੇ ਕਰੀਬ ਆਪਣੇ 53 ਸਾਲਾ ਪਤੀ ਅਨਿਲ ਲੋਖੰਡੇ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਜੋੜਾ ਸਾਂਗਲੀ ਜ਼ਿਲ੍ਹੇ ਦੀ ਕੁਪਵਾੜ ਤਹਿਸੀਲ ਦਾ ਵਸਨੀਕ ਸੀ। ਉਨ੍ਹਾਂ ਕਿਹਾ ਕਿ ਲੋਖੰਡੇ ਦੀ ਪਹਿਲੀ ਪਤਨੀ ਕੈਂਸਰ ਨਾਲ ਮੌਤ ਹੋ ਗਈ ਸੀ ਅਤੇ ਇਹ ਉਸ ਦਾ ਦੂਜਾ ਵਿਆਹ ਸੀ।
ਪੁਲਿਸ ਦੇ ਅਨੁਸਾਰ ਲੋਖੰਡੇ ਵੱਲੋਂ ਸਰੀਰਕ ਸਬੰਧ ਬਣਾਉਣ ਲਈ ਜ਼ੋਰ ਪਾਏ ਜਾਣ ਕਰਕੇ ਉਸ ਦੀ ਪਤਨੀ ਨਾਰਾਜ਼ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਕਾਫ਼ੀ ਬਹਿਸ ਹੋਈ। ਕੁਪਵਾੜ ਐੱਮਆਈਡੀਸੀ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ, ‘‘ਗੁੱਸੇ ਵਿੱਚ ਆ ਕੇ ਦੋਸ਼ੀ,ਜਿਸਦੀ ਪਛਾਣ ਰਾਧਿਕਾ ਵਜੋਂ ਹੋਈ ਹੈ, ਨੇ ਆਪਣੇ ਪਤੀ ’ਤੇ ਕੁਹਾੜੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਜਦੋਂ ਉਹ ਬਿਸਤਰੇ ’ਤੇ ਸੌਂ ਰਿਹਾ ਸੀ।’’ ਉਨ੍ਹਾਂ ਕਿਹਾ ਕਿ ਔਰਤ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਰਾਜਾ ਰਘੂਵੰਸ਼ੀ ਕਤਲ ਮਾਮਲਾ
ਮੇਘਾਲਿਆ ਵਿਚ ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਉਸਦੀ ਪਤਨੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਸੋਨਮ ਅਤੇ ਉਸਦੇ ਪਤੀ ਰਾਜਾ ਰਘੂਵੰਸ਼ੀ, ਜੋ ਕਿ ਇੰਦੌਰ ਤੋਂ ਇੱਕ ਟਰਾਂਸਪੋਰਟ ਕਾਰੋਬਾਰੀ ਸਨ, 11 ਮਈ 2025 ਨੂੰ ਵਿਆਹ ਤੋਂ ਬਾਅਦ ਹਨੀਮੂਨ ਲਈ ਸ਼ਿਲਾਂਗ ਗਏ ਸਨ। 20 ਮਈ ਨੂੰ ਮੇਘਾਲਿਆ ਪਹੁੰਚੇ ਇਸ ਜੋੜੇ ਦਾ ਪਰਿਵਾਰ ਨਾਲ ਆਖਰੀ ਸੰਪਰਕ 23 ਮਈ ਨੂੰ ਹੋਇਆ ਸੀ।
ਤੋਂ ਬਾਅਦ, ਉਨ੍ਹਾਂ ਦੋਵਾਂ ਦੇ ਫੋਨ ਬੰਦ ਹੋ ਗਏ ਸਨ, ਅਤੇ ਉਨ੍ਹਾਂ ਦੀ ਕਿਰਾਏ ਦੀ ਐਕਟਿਵਾ ਸਕੂਟੀ ਸੋਹਰਾਰੀਮ ਵਿੱਚ ਛੱਡੀ ਹੋਈ ਮਿਲੀ ਸੀ। 2 ਜੂਨ ਨੂੰ, ਰਾਜਾ ਦੀ ਸੜੀ ਹੋਈ ਲਾਸ਼ ਵੇਈ ਸੋਡੋਂਗ ਝਰਨੇ ਦੇ ਨੇੜੇ ਇੱਕ ਡੂੰਘੀ ਖਾਈ ਵਿੱਚ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਕਤਲ ਦਾ ਕੇਸ ਦਰਜ ਕੀਤਾ। ਪਰ ਸੋਨਮ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਕਾਰਨ ਪਰਿਵਾਰ ਨੂੰ ਅਗਵਾ ਅਤੇ ਤਸਕਰੀ ਦਾ ਸ਼ੱਕ ਹੋਣ ਲੱਗਾ।
ਮਾਵਲਾਖੀਅਤ ਦੇ ਇੱਕ ਗਾਈਡ, ਐਲਬਰਟ ਪੀਡੀ ਨੇ ਕਿਹਾ ਕਿ ਉਸਨੇ 23 ਮਈ ਨੂੰ ਸਵੇਰੇ 10 ਵਜੇ ਦੇ ਕਰੀਬ ਤਿੰਨ ਪੁਰਸ਼ ਸੈਲਾਨੀਆਂ ਨਾਲ ਨੋਂਗਰੀਆਟ ਤੋਂ ਮਾਵਲਾਖੀਅਤ ਤੱਕ 3000 ਤੋਂ ਵੱਧ ਪੌੜੀਆਂ ਚੜ੍ਹਦੇ ਜੋੜੇ ਨੂੰ ਦੇਖਿਆ ਸੀ। ਉਸਨੇ ਕਿਹਾ ਕਿ ਉਸਨੇ ਜੋੜੇ ਨੂੰ ਪਛਾਣ ਲਿਆ ਕਿਉਂਕਿ ਉਨ੍ਹਾਂ ਨੇ ਪਿਛਲੇ ਦਿਨ ਨੋਂਗਰੀਆਟ ਤੱਕ ਉਤਰਨ ਲਈ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਸੀ, ਪਰ ਉਸਨੇ ਨਿਮਰਤਾ ਨਾਲ ਇਨਕਾਰ ਕਰ ਦਿੱਤਾ ਸੀ ਅਤੇ ਇੱਕ ਹੋਰ ਗਾਈਡ ਨੂੰ ਨਿਯੁਕਤ ਕੀਤਾ ਸੀ। ਚਾਰ ਆਦਮੀ ਅੱਗੇ ਚੱਲ ਰਹੇ ਸਨ, ਜਦੋਂ ਕਿ ਔਰਤ ਪਿੱਛੇ ਸੀ। ਚਾਰ ਆਦਮੀ ਹਿੰਦੀ ਵਿੱਚ ਗੱਲਬਾਤ ਕਰ ਰਹੇ ਸਨ, ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਹਿ ਰਹੇ ਹਨ, ਕਿਉਂਕਿ ਮੈਂ ਸਿਰਫ਼ ਖਾਸੀ ਅਤੇ ਅੰਗਰੇਜ਼ੀ ਜਾਣਦਾ ਹਾਂ।
ਸੋਨਮ ਗਾਜ਼ੀਪੁਰ ਵਿੱਚ ਕਿਵੇਂ ਮਿਲੀ?
17 ਦਿਨਾਂ ਬਾਅਦ, ਯਾਨੀ 9 ਜੂਨ, 2025 ਨੂੰ, ਸੋਨਮ ਨੂੰ ਗਾਜ਼ੀਪੁਰ ਦੇ ਇੱਕ ਢਾਬੇ ‘ਤੇ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸਨੇ ਢਾਬੇ ਤੋਂ ਆਪਣੇ ਪਰਿਵਾਰ ਨੂੰ ਫ਼ੋਨ ਕੀਤਾ ਅਤੇ ਆਪਣੀ ਸਥਿਤੀ ਦੱਸੀ। ਪਰਿਵਾਰ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਗਾਜ਼ੀਪੁਰ ਪੁਲਿਸ ਨੇ ਸੋਨਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਰਾਜਾ ਰਘੂਵੰਸ਼ੀ ਕੇਸ ‘ਚ ਉਸਦੀ ਪਤਨੀ ਸੋਨਮ ਅਤੇ ਪਤਨੀ ਦੇ ਸਾਥੀ ਰਾਜ ਸਮੇਤ 5 ਮੁਲਜ਼ਮਾਂ ਨੂੰ 8 ਦਿਨਾਂ ਦੇ ਰਿਮਾਂਡ ‘ਤੇ ਮੇਘਾਲਿਆ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸਾਰੇ ਮੁਲਜ਼ਮਾਂ ਨੂੰ 9 ਜੂਨ ਨੂੰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਬੁੱਧਵਾਰ ਨੂੰ ਮੇਘਾਲਿਆ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ ਉਨ੍ਹਾਂ ਦਾ ਰਿਮਾਂਡ ਮੰਗਿਆ ਸੀ, ਜੋ ਅਦਾਲਤ ਨੇ ਮਨਜ਼ੂਰ ਕਰ ਲਿਆ।
ਰਿਮਾਂਡ ਮਿਲਣ ਤੋਂ ਬਾਅਦ ਮੇਘਾਲਿਆ ਪੁਲਿਸ ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਕਰ ਸਕਦੀ ਹੈ ਅਤੇ ਕਰਾਈਮ ਸੀਨ ਨੂੰ ਵੀ ਰੀ ਕ੍ਰੀਏਟ ਕਰ ਸਕਦੀ ਹੈ। ਗੱਲ ਇਹ ਵੀ ਸਾਹਮਣੇ ਆਈ ਹੈ ਕਿ ਰਘੂਵੰਸ਼ੀ ਦੀ ਪਤਨੀ ਸੋਨਮ ਅਤੇ ਉਸਦੇ ਕਥਿਤ ਪ੍ਰੇਮੀ ਰਾਜ ਕੁਸ਼ਵਾਹਾ ਦੇ ਪੁਲਿਸ ਹਿਰਾਸਤ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਵਿਚਕਾਰ ਦਰਾਰ ਪੈਦਾ ਹੋਣ ਲੱਗ ਪਈ ਹੈ ਕਿਉਂਕਿ ਦੋਵੇਂ ਇੱਕ ਦੂਜੇ ਨੂੰ ਇਸ ਪੂਰੇ ਪਲੈਨ ਦਾ ਮਾਸਟਰਮਾਈਂਡ ਦੱਸ ਰਹੇ ਹਨ।
ਸੌਰਭ ਰਾਜਪੂਤ ਕਤਲ ਕੇਸ
3 ਮਾਰਚ ਨੂੰ ਹੋਏ ਸੌਰਭ ਰਾਜਪੂਤ ਕਤਲ ਕੇਸ ਵਿੱਚ, ਉਸਦੀ ਪਤਨੀ ਮੁਸਕਾਨ ਰਸਤੋਗੀ ਅਤੇ ਉਸਦੇ ਪ੍ਰੇਮੀ ਸਾਹਿਲ ਸ਼ੁਕਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ, ਪੁਲਿਸ ਨੇ ਕਿਹਾ ਕਿ ਮੁਸਕਾਨ ਅਤੇ ਸਾਹਿਲ ਨੇ ਮਿਲ ਕੇ ਸੌਰਭ ਦੀ ਹੱਤਿਆ ਕੀਤੀ। ਕਤਲ ਤੋਂ ਬਾਅਦ, ਉਨ੍ਹਾਂ ਨੇ ਲਾਸ਼ ਨੂੰ ਇੱਕ ਡਰੱਮ ਵਿੱਚ ਪਾ ਦਿੱਤਾ ਅਤੇ ਉਸ ਵਿੱਚ ਸੀਮਿੰਟ ਅਤੇ ਰੇਤ ਭਰ ਦਿੱਤੀ। ਇਸ ਤੋਂ ਬਾਅਦ, ਉਹ ਸ਼ਿਮਲਾ, ਮਨਾਲੀ ਅਤੇ ਕਸੌਲੀ ਘੁੰਮਣ ਗਏ।
ਪੁਲਿਸ ਨੇ ਢੋਲ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਇਸਨੂੰ ਥਾਣੇ ਲੈ ਆਈ ਅਤੇ ਫਿਰ ਢੋਲ ਨੂੰ ਕਟਰ ਨਾਲ ਕੱਟ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ। ਸੌਰਭ ਰਾਜਪੂਤ ਦੇ ਵੱਡੇ ਭਰਾ ਰਾਹੁਲ ਉਰਫ਼ ਬਬਲੂ ਦੀ ਸ਼ਿਕਾਇਤ ‘ਤੇ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰਵਾਈ ਗਈ ਹੈ। ਦੋਵਾਂ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਏਐਸਪੀ ਮੇਰਠ ਆਯੂਸ਼ ਵਿਕਰਮ ਸਿੰਘ ਨੇ ਬੁੱਧਵਾਰ ਨੂੰ ਕਤਲ ਬਾਰੇ ਮੀਡੀਆ ਨੂੰ ਦੱਸਿਆ , “ਸੌਰਭ ਰਾਜਪੂਤ 4 ਮਾਰਚ ਤੋਂ ਨਹੀਂ ਦੇਖਿਆ ਗਿਆ ਸੀ। ਸ਼ੱਕ ਦੇ ਆਧਾਰ ‘ਤੇ, ਉਸਦੀ ਪਤਨੀ ਮੁਸਕਾਨ ਅਤੇ ਉਸਦੇ ਪ੍ਰੇਮੀ ਸਾਹਿਲ ਸ਼ੁਕਲਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ।”
“ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਸਾਹਿਲ ਨੇ ਮੁਸਕਾਨ ਨਾਲ ਮਿਲ ਕੇ ਸੌਰਭ ਦਾ ਕਤਲ ਕੀਤਾ ਸੀ। ਕਤਲ ਤੋਂ ਬਾਅਦ, ਲਾਸ਼ ਦਾ ਸਿਰ ਅਤੇ ਦੋਵਾਂ ਹੱਥਾਂ ਦੀਆਂ ਹਥੇਲੀਆਂ ਕੱਟ ਕੇ ਇੱਕ ਡਰੰਮ ਵਿੱਚ ਪਾ ਕੇ ਸੀਮਿੰਟ ਅਤੇ ਰੇਤ ਦੇ ਮਿਸ਼ਰਣ ਨਾਲ ਭਰ ਦਿੱਤੀਆਂ ਗਈਆਂ। ਇਸ ਤੋਂ ਬਾਅਦ, ਦੋਵੇਂ ਦੋਸ਼ੀ ਸ਼ਿਮਲਾ, ਮਨਾਲੀ ਅਤੇ ਕਸੌਲੀ ਘੁੰਮਣ ਲਈ ਗਏ।”
ਮੇਰਠ ਦੇ ਬ੍ਰਹਮਪੁਰੀ ਇਲਾਕੇ ਦੇ ਰਹਿਣ ਵਾਲੇ ਸੌਰਭ ਰਾਜਪੂਤ ਨੇ 2016 ਵਿੱਚ ਆਪਣੇ ਘਰ ਤੋਂ ਥੋੜ੍ਹੀ ਦੂਰੀ ‘ਤੇ ਰਹਿਣ ਵਾਲੀ ਮੁਸਕਾਨ ਰਸਤੋਗੀ ਨਾਲ ਪ੍ਰੇਮ ਵਿਆਹ ਕੀਤਾ ਸੀ। ਦੋਵਾਂ ਨੇ ਆਪਣੇ ਪਰਿਵਾਰਾਂ ਦੇ ਵਿਰੋਧ ਦੇ ਬਾਵਜੂਦ ਵਿਆਹ ਕਰਵਾ ਲਿਆ। 2019 ਵਿੱਚ, ਮੁਸਕਾਨ ਨੇ ਇੱਕ ਧੀ ਨੂੰ ਜਨਮ ਦਿੱਤਾ।