International

ਅਮਰੀਕਾ ‘ਚ ਮੈਟਰੋ ‘ਚ ਸੜ ਕੇ ਔਰਤ ਦੀ ਮੌਤ: ਮੁਲਜ਼ਮ ਨੇ ਕੱਪੜਿਆਂ ਨੂੰ ਲਾਈ ਅੱਗ

ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਐਤਵਾਰ ਨੂੰ ਸਬਵੇਅ ‘ਚ ਇਕ ਔਰਤ ਨੂੰ ਅੱਗ ਲਗਾ ਦਿੱਤੀ ਗਈ। ਪੁਲਸ ਨੇ ਕਤਲ ਦੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਨਿਊਯਾਰਕ ਪੁਲਿਸ ਦੇ ਅਨੁਸਾਰ, ਦੋਸ਼ੀ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਸਬਵੇਅ ਵਿੱਚ ਔਰਤ ਕੋਲ ਪਹੁੰਚਿਆ ਅਤੇ ਸਟੇਸ਼ਨ ਉੱਤੇ ਉਤਰਨ ਤੋਂ ਪਹਿਲਾਂ ਸਬਵੇਅ ਨੂੰ ਅੱਗ ਲਗਾ ਦਿੱਤੀ। ਅੱਗ ‘ਚ ਝੁਲਸਣ ਕਾਰਨ ਔਰਤ ਦੀ ਮੌਤ ਹੋ ਗਈ।

ਨਿਊਯਾਰਕ ਪੁਲਿਸ ਕਮਿਸ਼ਨਰ ਜੈਸਿਕਾ ਟਿਸ਼ ਨੇ ਦੱਸਿਆ ਕਿ ਦੋਸ਼ੀ ਨੇ ਔਰਤ ਦੀ ਸਫ਼ੈਦ ਡਰੈੱਸ ਨੂੰ ਲਾਈਟਰ ਨਾਲ ਅੱਗ ਲਗਾ ਦਿੱਤੀ ਸੀ। ਅੱਗ ਲੱਗਣ ਕਾਰਨ ਕੱਪੜਾ ਕੁਝ ਹੀ ਸਕਿੰਟਾਂ ਵਿੱਚ ਸੜ ਕੇ ਸੁਆਹ ਹੋ ਗਿਆ। ਇਸ ਤੋਂ ਬਾਅਦ ਅੱਗ ਔਰਤ ਦੇ ਹੋਰ ਕੱਪੜਿਆਂ ਵਿੱਚ ਫੈਲ ਗਈ।

ਪੀੜਤ ਔਰਤ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਅੱਗ ਲਗਾਉਣ ਤੋਂ ਬਾਅਦ ਦੋਸ਼ੀ ਮੈਟਰੋ ਤੋਂ ਉਤਰ ਕੇ ਸਟੇਸ਼ਨ ‘ਤੇ ਬੈਠ ਗਿਆ। ਪਲੇਟਫਾਰਮ ‘ਤੇ ਬੈਠਾ ਉਹ ਔਰਤ ਨੂੰ ਸੜਦਾ ਦੇਖ ਰਿਹਾ ਸੀ।

ਜਦੋਂ ਅੱਗ ਲੱਗੀ ਤਾਂ ਔਰਤ ਸੌਂ ਰਹੀ ਸੀ

ਟਿਸ਼ ਨੇ ਕਿਹਾ ਕਿ ਮੈਟਰੋ ਸਟੇਸ਼ਨ ‘ਤੇ ਗਸ਼ਤ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਟਰੇਨ ‘ਚੋਂ ਧੂੰਆਂ ਨਿਕਲਦਾ ਦੇਖਿਆ ਅਤੇ ਸੁੰਘਿਆ। ਇਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਦੇਖਿਆ ਕਿ ਪੀੜਤ ਨੂੰ ਅੱਗ ਲੱਗੀ ਹੋਈ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਅੱਗ ਬੁਝਾਈ।

ਮੌਕੇ ‘ਤੇ ਪਹੁੰਚੇ ਐਮਰਜੈਂਸੀ ਸੇਵਾ ਦੇ ਕਰਮਚਾਰੀਆਂ ਨੇ ਜਾਂਚ ਤੋਂ ਬਾਅਦ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਸ਼ੁਰੂਆਤੀ ਬਿਆਨ ‘ਚ ਕਿਹਾ ਕਿ ਘਟਨਾ ਦੇ ਸਮੇਂ ਔਰਤ ਸੌਂ ਰਹੀ ਸੀ। ਅੱਗ ਲਾਉਣ ਤੋਂ ਪਹਿਲਾਂ ਮੁਲਜ਼ਮ ਅਤੇ ਔਰਤ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਸੀ। ਪੁਲਿਸ ਮੁਤਾਬਕ ਦੋਵੇਂ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ।

ਸੀਐਨਐਨ ਦੀ ਰਿਪੋਰਟ ਮੁਤਾਬਕ ਮੁਲਜ਼ਮ ਨੇ ਔਰਤ ਦੇ ਕੰਬਲ ਨੂੰ ਅੱਗ ਲਾ ਦਿੱਤੀ ਸੀ। ਅੱਗ ਉਦੋਂ ਤੱਕ ਫੈਲਦੀ ਰਹੀ ਜਦੋਂ ਤੱਕ ਔਰਤ ਅੱਗ ਦੀਆਂ ਲਪਟਾਂ ਵਿੱਚ ਘਿਰ ਗਈ।

ਸਕੂਲੀ ਬੱਚਿਆਂ ਨੇ ਮੁਲਜ਼ਮ ਨੂੰ ਫੜ ਲਿਆ

ਸਟੇਸ਼ਨ ‘ਤੇ ਬੈਠੇ ਮੁਲਜ਼ਮਾਂ ਦੀਆਂ ਤਸਵੀਰਾਂ ਪੁਲਸ ਦੇ ਬਾਡੀ ਕੈਮਰਿਆਂ ‘ਚ ਕੈਦ ਹੋ ਗਈਆਂ। ਹਾਲਾਂਕਿ ਉਸ ਸਮੇਂ ਉਸ ਦੀ ਪਛਾਣ ਨਹੀਂ ਹੋ ਸਕੀ ਸੀ। ਮੈਟਰੋ ਦੇ ਸੀਸੀਟੀਵੀ ਤੋਂ ਪ੍ਰਾਪਤ ਵੀਡੀਓ ਵਿੱਚ ਉਸਦੀ ਦਿੱਖ ਦੇ ਅਧਾਰ ‘ਤੇ ਦੋਸ਼ੀ ਦੀ ਪਛਾਣ ਕੀਤੀ ਗਈ ਸੀ।

ਇਸ ਤੋਂ ਬਾਅਦ ਪੁਲਿਸ ਨੇ ਬਾਡੀ ਕੈਮਰਿਆਂ ਤੋਂ ਮਿਲੀ ਫੁਟੇਜ ਨੂੰ ਜਨਤਕ ਕੀਤਾ ਅਤੇ ਮੁਲਜ਼ਮਾਂ ਨੂੰ ਫੜਨ ਲਈ ਲੋਕਾਂ ਤੋਂ ਮਦਦ ਮੰਗੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਮਦਦ ਲਈ 10,000 ਡਾਲਰ ਦੇ ਇਨਾਮ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਬਾਅਦ 3 ਸਕੂਲੀ ਬੱਚਿਆਂ ਨੇ ਦੋਸ਼ੀ ਨੂੰ ਦੇਖਿਆ ਅਤੇ ਉਸ ਬਾਰੇ ਜਾਣਕਾਰੀ ਦਿੱਤੀ। ਘਟਨਾ ਦੇ 8 ਘੰਟੇ ਬਾਅਦ ਹੀ ਪੁਲਿਸ ਨੇ ਉਸ ਨੂੰ ਇਕ ਹੋਰ ਮੈਟਰੋ ਟਰੇਨ ਤੋਂ ਗ੍ਰਿਫਤਾਰ ਕਰ ਲਿਆ।