ਬਿਊਰੋ ਰਿਪੋਰਟ (ਮੁਹਾਲੀ, 15 ਸਤੰਬਰ 2025): ਸੋਮਵਾਰ ਨੂੰ ਐਸਸੀ ਬੀਸੀ ਮਹਾਂਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਸ 7 ਦੀਆਂ ਬੱਤੀਆਂ ’ਤੇ ਚੱਲ ਰਹੇ ਮੋਰਚੇ ’ਤੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਵਿੱਚ ਇੱਕ ਔਰਤ ਮਨਦੀਪ ਕੌਰ ਪੁੱਤਰੀ ਹਰਦੀਪ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਥਾਣਾ ਸਿਟੀ ਖਰੜ ਜ਼ਿਲ੍ਹਾ ਮੁਹਾਲੀ ਵਿੱਚ ਉਸ ਨਾਲ ਬਦਸਲੂਕੀ ਕੀਤੀ ਗਈ ਹੈ। ਮਨਦੀਪ ਕੌਰ ਨੇ ਥਾਣਾ ਸਿਟੀ ਖਰੜ ਦੇ ਪੜਤਾਲੀ ਅਫ਼ਸਰ ਦਲਜੀਤ ਸਿੰਘ ਏਐਸਆਈ ’ਤੇ ਉਨ੍ਹਾਂ ਨੂੰ ਸਾਰਾ ਸਾਰਾ ਦਿਨ ਥਾਣੇ ਵਿੱਚ ਬਿਠਾਕੇ ਤੰਗ ਪਰੇਸ਼ਾਨ ਕਰਨ ਅਤੇ ਗੰਦੀਆਂ ਗਾਲ੍ਹਾਂ ਕੱਢਣ ਅਤੇ ਡਰਾਉਣ-ਧਮਕਾਉਣ ਦੇ ਇਲਜ਼ਾਮ ਲਾਏ ਹਨ।
ਉਸਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਮੇਰਾ ਕਮਲਪ੍ਰੀਤ ਸਿੰਘ ਨਾਲ ਵਿਆਹ ਹੋਇਆ ਸੀ। ਅਸੀਂ ਦੋਨੋਂ ਕਰੀਬ ਦੋ ਮਹੀਨੇ ਤੱਕ ਅੱਛੇ ਰਿਸ਼ਤੇ ’ਚ ਰਹੇ ਪਰ ਮੇਰੇ ਸਹੁਰੇ ਪਰਿਵਾਰ ਨੇ ਸਾਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਅਸੀਂ ਕਿਰਾਏ ਦੇ ਮਕਾਨ ’ਤੇ ਰਹਿਣ ਲੱਗੇ। ਮੈਨੂੰ ਪਤਾ ਲੱਗਾ ਕਿ ਮੇਰੀ ਨਣਦ ਵਿਦੇਸ਼ ਗਈ ਹੋਈ ਹੈ ਪਰ ਬਾਅਦ ਇਸ ਗੱਲ ਦੀ ਅਸਲੀਅਤ ਪਤਾ ਲੱਗੀ ਕਿ ਉਹ ਨਸ਼ਾ ਤਸਕਰੀ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਉਸ ਨੂੰ ਛੁਡਵਾਉਣ ਲਈ 90 ਲੱਖ ਰੁਪਏ ਦਾ ਇੰਤਜ਼ਾਮ ਕਰ ਜਾਂ ਨਸ਼ਾ ਵੇਚਣਾ ਸ਼ੁਰੂ ਕਰ। ਮੇਰੇ ਇਨਕਾਰ ਕਰਨ ਤੇ ਮੇਰੀ ਕੁੱਟਮਾਰ ਕੀਤੀ ਗਈ।
ਮੈਂ ਥਾਣਾ ਸਿਟੀ ਖਰੜ ਜਾਕੇ ਸ਼ਿਕਾਇਤ ਕੀਤੀ ਤੇ ਉਹਨਾਂ ਨੇ ਐਫਆਈਆਰ ਨੰਬਰ 334/6.9.2025/ਥਾਣਾ ਸਿਟੀ ਖਰੜ ਦਰਜ ਕੀਤੀ। ਇਸ ਮਾਮਲੇ ਬਾਰੇ ਜਦੋਂ ਮੈਂ ਥਾਣਾ ਸਿਟੀ ਖਰੜ ਦੇ ਪੜਤਾਲੀ ਅਫਸਰ ਦਲਜੀਤ ਸਿੰਘ ਏਐਸਆਈ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੈਨੂੰ ਸਾਰਾ ਸਾਰਾ ਦਿਨ ਥਾਣੇ ਵਿੱਚ ਬਿਠਾਕੇ ਤੰਗ ਪਰੇਸ਼ਾਨ ਕੀਤਾ। ਮੈਨੂੰ ਗੰਦੀਆਂ ਗਾਲ੍ਹਾਂ ਕੱਢੀਆਂ ਤੇ ਡਰਾਇਆ ਧਮਕਾਇਆ। ਮੈਂ ਮਾਣਯੋਗ ਐਸਐਸਪੀ ਮੁਹਾਲੀ ਅਤੇ ਮਾਨਯੋਗ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਕੋਲ ਵੀ ਸ਼ਿਕਾਇਤ ਕੀਤੀ। ਪਰ ਕੋਈ ਕਾਰਵਾਈ ਨਹੀਂ ਹੋਈ।
ਮਨਦੀਪ ਕੌਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪੜਤਾਲੀ ਅਫ਼ਸਰ ਦਲਜੀਤ ਸਿੰਘ ਦੀ ਗਾਲ੍ਹਾਂ ਕੱਢਣ ਵਾਲੀ ਆਡੀਓ ਵੀ ਸੁਣਾਈ ਤੇ ਆਪਣੇ ਸਬੂਤ ਵੀ ਦਿਖਾਏ। ਮਹਿਲਾ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ।
ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਮੁਹਾਲੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਡੇ ਕੋਲ ਆਏ ਹਨ। ਅਸੀਂ ਐਸਐਸਪੀ ਮੁਹਾਲੀ ਨੂੰ ਅਪੀਲ ਕਰਦੇ ਹਾਂ ਕਿ ਤਿੰਨ ਦਿਨਾਂ ਵਿੱਚ ਜੇ ਮਨਦੀਪ ਕੌਰ ਦੇ ਕੇਸ ਦੀ ਸੁਣਵਾਈ ਨਾ ਹੋਈ ਤੇ ਏਐਸਆਈ ਦਲਜੀਤ ਸਿੰਘ ਨੂੰ ਬਰਖ਼ਾਸਤ ਨਾ ਕੀਤਾ ਤਾਂ 19 ਸਤੰਬਰ ਦਿਨ ਸ਼ੁਕਰਵਾਰ ਨੂੰ ਐਸਐਸਪੀ ਮੁਹਾਲੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਜਿਸ ਵਿੱਚ ਇਲਾਕੇ ਦੀਆਂ ਸਮੂਹ ਜਥੇਬੰਦੀਆਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣਗੀਆਂ।
ਇਸ ਤੋਂ ਇਲਾਵਾ ਹੋਰ ਵੀ ਮੁਹਾਲੀ ਪੁਲਿਸ ਦੇ ਪੀੜਤ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਕਿ 19 ਸਤੰਬਰ ਨੂੰ ਆਪਣੇ ਦਸਤਾਵੇਜ ਅਤੇ ਸਬੂਤਾਂ ਸਮੇਤ ਇਸ ਘਰਾਓ ਵਿੱਚ ਸ਼ਾਮਿਲ ਹੋਣ।
ਇਸ ਮੌਕੇ ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਕਰਮ ਸਿੰਘ ਕੁਰੜੀ, ਹਰਵਿੰਦਰ ਸਿੰਘ ਕੋਹਲੀ, ਅਵਤਾਰ ਸਿੰਘ, ਮਹਿਕ ਸ਼ਰਮਾ, ਬੂਟਾ ਸਿੰਘ, ਚਰਨਜੀਤ ਸਿੰਘ, ਹਰਮਨਜੀਤ ਕੌਰ, ਜਸਬੀਰ ਕੌਰ, ਕਰਮਜੀਤ ਸਿੰਘ, ਬਲਜੀਤ ਸਿੰਘ, ਪੂਨਮ ਰਾਣੀ ਆਦਿ ਹਾਜ਼ਰ ਹੋਏ।