ਬਠਿੰਡਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਅੱਜ ਪਿੰਡ ਬਾਦਲ ਵਿਖੇ ਹੋਈ। ਇਸੇ ਦੌਰਾਨ ਅੰਤਿਮ ਅਰਦਾਸ ‘ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਹਨ। ਗ੍ਰਹਿ ਮੰਤਰੀ ਨੇ ਆਉਂਦਿਆਂ ਹੀ ਮਰਹੂਮ ਬਾਦਲ ਦੀ ਤਸਵੀਰ ਅੱਗੇ ਮੱਥਾ ਟੇਕਿਆ। ਅਮਿਤ ਸ਼ਾਹ ਨਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਵੀ ਸ਼ਾਮਲ ਹੋਏ ਹਨ
ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਨਾਲ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨਾਂ ਨੇ ਕਿਹਾ ਕਿ ਪ੍ਰਕਾਸ਼ ਬਾਦਲ ਦੇ ਜਾਣ ਨਾਲ ਸਿੱਖ ਪੰਥ ਨੇ ਇੱਕ ਸੱਚੇ ਸਿਪਾਹੀ ਨੂੰ ਗਵਾਇਆ ਹੈ ਅਤੇ ਦੇਸ਼ ਨੇ ਇੱਕ ਦੇਸ਼ ਭਗਤ ਗਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਰੇ ਦੇਸ਼ ਵਿੱਚ ਦੀਵਾ ਲੈ ਕੇ ਵੀ ਕਿਸੇ ਨੂੰ ਲੱਭਿਆ ਜਾਵੇ ਤਾਂ ਪ੍ਰਕਾਸ਼ ਸਿੰਘ ਬਾਦਲ ਜਿਹਾ ਇਨਸਾਨ ਕਿਤੇ ਵੀ ਨਹੀਂ ਮਿਲਣਾ।
ਸ਼ਾਹ ਨੇ ਕਿਹਾ ਕਿ ਕਿਸਾਨਾਂ ਨੇ ਆਪਣਾ ਸੱਚਾ ਹਮਦਰਦ ਗਵਾਇਆ ਹੈ। ਉਨਾਂ ਨੇ ਕਿਹਾ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਕਿ ਕਿਸੇ ਇੰਨਸਾਨ ਦਾ ਕੋਈ ਦੁਸ਼ਮਣ ਨਾ ਹੋਏ ਪਰ ਬਾਦਲ ਸਾਬ ਦੇਸ਼ ਦੇ ਇਕਲੌਤੇ ਅਜਿਹੇ ਸਿਆਸਤਦਾਨ ਰਹੇ ਜਿਹਨਾਂ ਨੇ 7 ਦਹਾਕੇ ਸਿਆਸਤ ਕੀਤੀ ਪਰ ਕੋਈ ਵੀ ਉਹਨਾਂ ਦਾ ਵਿਰੋਧੀ ਨਹੀਂ ਰਿਹਾ। ਉਨਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਅੱਜ ਆਪਣਾ ਸੱਚਾ ਹਿਤੈਸ਼ੀ ਗੁਆ ਲਿਆ ਹੈ। ਉਨਾਂ ਨੇ ਕਿਹਾ ਕਿ ਬਾਦਲ ਸਾਬ੍ਹ ਤੋਂ ਬਿਨਾ ਅਜਿਹਾ ਜੀਵਨ ਕੋਈ ਨਹੀਂ ਜੀ ਸਕਦਾ।
ਅਮਿਤ ਸ਼ਾਹ ਨੇ ਕਿਹਾ ਕਿ ਉਹ ਜਿੰਨੇ ਵਾਰ ਮਰਹੂਮ ਪ੍ਰਕਾਸ਼ ਬਾਦਲ ਨੂੰ ਮਿਲੇ ਤਾਂ ਉਨਾਂ ਨੂੰ ਬਾਦਲ ਤੋਂ ਕੁਝ ਨਾ ਕੁਝ ਸਿੱਖਣ ਨੂੰ ਜਰੂਰ ਮਿਲਿਆ । ਉਨਾਂ ਨੇ ਕਿਹਾ ਕਿ ਬਾਦਲ ਨੇ ਹਮੇਸ਼ਾ ਸਾਨੂੰ ਸੱਚਾਈ ਦੀ ਰਾਹ ‘ਤੇ ਤੁਰਨ ਦੀ ਪ੍ਰੇਣਾ ਦਿੱਤੀ। ਸ਼ਾਹ ਨੇ ਕਿਹਾ ਕਿ ਭਾਵੇਂ ਉਨਾਂ ਦੀਆਂ ਪਾਰਟੀਆਂ ਵੱਖ-ਵੱਖ ਸਨ ਪਰ ਬਾਦਲ ਨੇ ਹਮੇਸ਼ਾ ਉਹੀ ਕਿਹਾ ਅਤੇ ਕੀਤਾ ਜੋ ਸਭ ਲਈ ਠੀਕ ਸੀ।
ਉਨਾਂ ਨੇ ਕਿਹਾ ਕਿ ਨਵੇਂ ਪੰਜਾਬ ਦੀ ਨੀਂਹ ਰੱਖਣ ਦਾ ਕੰਮ ਪ੍ਰਕਾਸ਼ ਬਾਦਲ ਨੇ ਹੀ ਕੀਤਾ ਹੈ। ਸ਼ਾਹ ਨੇ ਕਿਹਾ ਕਿ ਬਾਦਲ ਦੇ ਜਾਣ ਨਾਲ ਸਾਡੇ ਵਿੱਚੋਂ ਭਾਈਚਾਰੇ ਦਾ ਇੱਕ ਸਰਦਾਰ ਚਲਾ ਗਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਬਾਦਲ ਨੇ ਆਪਣਾ ਸਾਰਾ ਜੀਵਨ ਹਿੰਦੂ-ਸਿੱਖ ਭਾਈਚਾਰਕ ਏਕਤਾ ਲਈ ਸਮਰਪਣ ਕਰ ਦਿੱਤਾ ਸੀ।