India Khalas Tv Special

ਸੋਸ਼ਲ ਮੀਡੀਆ ਉੱਤੇ ਵੀਡੀਓ ਬਣਾ ਕੇ ਨੱਚਣ ਵਾਲਿਓ ਸਿੱਖੋ, ਇੱਦਾਂ ਹੁੰਦਾ ਮਾਂ ਪਿਓ ਦਾ ਨਾਂ ਰੌਸ਼ਨ

‘ਦ ਖ਼ਾਲਸ ਟੀਵੀ ਬਿਊਰੋ:- ਕਈ ਵਾਰ ਇਹ ਗੱਲਾਂ ਬਹੁਤ ਅਜੀਬ ਲੱਗਦੀਆਂ ਹਨ ਕਿ ਕਿਸੇ ਰਿਕਸ਼ੇ ਵਾਲੇ ਜਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਦੇ ਬੱਚੇ ਹੀ ਕੋਈ ਮਾਰਕਾ ਕਿਉਂ ਮਾਰਦੇ ਹਨ ਜਾਂ ਪੜ੍ਹ ਲਿਖ ਕੇ ਵੱਡੇ ਅਫਸਰ ਕਿਉਂ ਬਣਦੇ ਹਨ। ਇਸਦੇ ਪਿੱਛੇ ਵੀ ਵੱਡਾ ਕਾਰਣ ਹੈ। ਦਰਅਸਲ ਇਹ ਬੱਚੇ ਆਪਣੇ ਮਾਂ-ਬਾਪ ਦੀ ਮਿਹਨਤ ਨੂੰ ਹਰੇਕ ਵੇਲੇ ਨੰਗੀ ਅੱਖ ਨਾਲ ਵੇਖਦੇ ਹਨ ਤੇ ਇਨ੍ਹਾਂ ਦੀ ਜਿੰਦਗੀ ਵਿੱਚ ਕੋਈ ਅਜਿਹਾ ਹਿੱਸਾ ਨਹੀਂ ਹੁੰਦਾ ਜੋ ਇਨ੍ਹਾਂ ਨੂੰ ਇਹ ਮਿਹਨਤ ਮਹਿਸੂਸਣ ਤੋਂ ਰੋਕ ਸਕੇ। ਇੱਥੇ ਇਕ ਅਜਿਹੀ ਹੀ ਮਿਹਨਤ ਦੇ ਮੁੱਲ ਦੀ ਕਹਾਣੀ ਸਾਂਝੀ ਕਰ ਰਹੇ ਹਾਂ।

ਤੁਸੀਂ ਇਹ ਤਾਂ ਸੁਣਿਆ ਹੋਵੇਗਾ ਕਿ ਰਿਕਸ਼ੇ ਜਾਂ ਆਟੋ ਚਾਲਕ ਦੀ ਕੁੜੀ ਜੱਜ ਜਾਂ ਡੀਸੀ ਲੱਗ ਗਈ ਹੋਵੇ, ਪਰ ਸ਼ਾਇਦ ਇਹ ਪਹਿਲੀ ਘਟਨਾ ਹੈ ਕਿ ਦਿਨ ਰਾਤ ਪੈਟਰੋਲ ਪੰਪ ਉੱਤੇ ਲੱਤਾਂ ਭਾਰ ਖੜ੍ਹੇ ਰਹਿ ਕੇ ਮਿਹਨਤ ਕਰਨ ਵਾਲੇ ਪੈਟਰੋਲ ਪੰਪ ਦੇ ਕਿਸੇ ਕਰਮਚਾਰੀ ਦੀ ਕੁੜੀ ਨੇ ਪੈਟਰੋਲੀਅਮ ਇੰਜੀਨੀਅਰਿੰਗ ‘ਚ ਪੋਸਟ ਗ੍ਰੈਜੂਏਸ਼ਨ ਲਈ ਆਈਆਈਟੀ ਕਾਨਪੁਰ ਵਿੱਚ ਦਾਖਲਾ ਹਾਸਿਲ ਕਰ ਲਿਆ ਹੋਵੇ।

ਪੈਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਇਸ ਲੜਕੀ ਦੇ ਪਿਤਾ ਦਾ ਨਾਂ ਸ਼੍ਰੀਰਾਜ ਗੋਪਾਲਨ ਹੈ ਤੇ ਉਸਦੀ ਧੀ ਰਾਜਗੋਪਾਲਨ ਨੇ ਉਸਦੇ ਸੁਪਨੇ ਨੂੰ ਸਾਕਾਰ ਕਰਨ ਲਈ ਨਵਾਂ ਰਾਹ ਚੁਣ ਲਿਆ ਹੈ।
ਉਸ ਦੇ ਪਿਤਾ ਸ਼੍ਰੀਰਾਜ ਗੋਪਾਲਨ ਪਿਛਲੇ 20 ਸਾਲਾਂ ਤੋਂ ਆਰੀਆ ਨੂੰ ਉਸ ਦੀ ਮੰਜ਼ਿਲ ‘ਤੇ ਲਿਜਾਣ ਲਈ ਇੱਕ ਪੈਟਰੋਲ ਪੰਪ ‘ਤੇ ਕੰਮ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਆਰੀਆ ਦੀ ਇਸ ਪ੍ਰਾਪਤੀ ਨੂੰ ਸ਼ਾਨਦਾਰ ਦੱਸਿਆ ਹੈ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਨੂੰ ਨਿਉ ਇੰਡੀਆ ਦੇ ਰੋਲ ਮਾਡਲ ਦੱਸਿਆ ਹੈ।

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਰੀਆ ਅਤੇ ਉਨ੍ਹਾਂ ਦੇ ਪਿਤਾ ਸ਼੍ਰੀਰਾਜ ਗੋਪਾਲਨ ਦੀ ਤਸਵੀਰ ਦੇ ਨਾਲ ਟਵੀਟ ਕੀਤਾ ਹੈ। ਟਵੀਟ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇਹ ਦਿਲ ਨੂੰ ਛੂਹਣ ਵਾਲੀ ਖਬਰ ਹੈ। ਆਰੀਆ ਰਾਜਗੋਪਾਲਨ ਨੇ ਆਪਣੇ ਪਿਤਾ ਸ਼੍ਰੀਰਾਜ ਗੋਪਾਲਨ ਦੇ ਨਾਲ-ਨਾਲ ਦੇਸ਼ ਦੇ ਊਰਜਾ ਖੇਤਰ ਨਾਲ ਜੁੜੇ ਹਰ ਵਿਅਕਤੀ ਦਾ ਆਪਣੀ ਸਫਲਤਾ ਦੇ ਨਾਲ ਮਾਣ ਵਧਾਇਆ ਹੈ। ਪਿਤਾ ਅਤੇ ਧੀ ਦੀ ਇਹ ਜੋੜੀ ਸਾਡੇ ਲਈ ਇੱਕ ਰੋਲ ਮਾਡਲ ਹਨ। ਸਾਰਿਆਂ ਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।