Punjab

ਕੀ ਪੰਜਾਬ ਦੇ ਲੋਕਾਂ ਨੂੰ ਮਿਲ ਸਕੇਗੀ ਕਰੋਨਾ ਵੈਕਸੀਨ ! ਕੈਪਟਨ ਦੀ ਕੇਂਦਰ ਸਰਕਾਰ ਨੂੰ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਵੈਕਸੀਨ ਅਤੇ ਆਕਸੀਜਨ ਦਾ ਸਟਾਕ ਖਤਮ ਹੋਣ ਦੇ ਕਿਨਾਰੇ ‘ਤੇ ਹੈ ਅਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਤੁਰੰਤ ਕਰੋਨਾ ਵੈਕਸੀਨ ਭੇਜਣ ਦੀ ਅਪੀਲ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਵਿੱਚ ਦੋ ਨਵੇਂ ਆਕਸੀਜਨ ਪਲਾਂਟ ਲਾਉਣ ਦੀ ਮਨਜ਼ੂਰੀ ਦੇਣ ਦੀ ਵੀ ਮੰਗ ਕੀਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਵੈਕਸੀਨ ਦਾ ਸਿਰਫ ਤਿੰਨ ਦਿਨਾਂ ਦਾ ਸਟਾਕ ਬਚਿਆ ਹੈ। ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਵੱਲੋਂ ਅੰਮ੍ਰਿਤਸਰ ਦੇ ਇੱਕ ਹਸਪਤਾਲ ’ਚ ਮੈਡੀਕਲ ਆਕਸੀਜਨ ਦੀ ਤੋਟ ਦਾ ਹਵਾਲਾ ਦੇਣ ’ਤੇ ਵਿਨੀ ਮਹਾਜਨ ਨੇ ਕਿਹਾ ਕਿ ਭਾਵੇਂ ਇੰਡੀਅਨ ਆਇਲ ਲਿਮੀਟਿਡ ਵੱਲੋਂ ਸੂਬੇ ’ਚ ਸਪਲਾਈ ਦਿੱਤੀ ਜਾ ਰਹੀ ਹੈ ਪਰ ਫਿਰ ਵੀ ਇਹ ਚਿੰਤਾ ਵਾਲਾ ਮਾਮਲਾ ਹੈ।

ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਆਕਸੀਜਨ ਦੇ ਤਿੰਨ ਪਲਾਂਟ ਕਰੋਨਾ ਲਾਗ ਦੇ ਪਿਛਲੇ ਉਭਾਰ ਤੋਂ ਲੈ ਕੇ ਚੱਲ ਰਹੇ ਹਨ ਪਰ ਅੰਮ੍ਰਿਤਸਰ ਅਤੇ ਪਟਿਆਲਾ ਦੇ ਦੋ ਮੈਡੀਕਲ ਕਾਲਜਾਂ ’ਚ ਆਕਸੀਜਨ ਪਲਾਂਟਾਂ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਦੀ ਉਡੀਕ ਹੈ। ਕੈਪਟਨ ਨੇ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਨੂੰ ਕਰੋਨਾ ਟੀਕਿਆਂ ਦੀ ਤੁਰੰਤ ਸਪਲਾਈ ਕਰਨ ਦੀ ਅਪੀਲ ਕੀਤੀ ਅਤੇ ਸੂਬੇ ’ਚ ਦੋ ਆਕਸੀਜਨ ਪਲਾਂਟਾਂ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ।