Punjab

ਮੂਸੇਵਾਲਾ ਦੇ ਪਿਤਾ ਸਿਆਸਤ ‘ਚ ਰੱਖਣਗੇ ਕਦਮ ? ਜਨਤਾ ‘ਚ ਖੁੱਲ ਕੇ ਬੋਲੇ !

sidhu moosawala,balkaur singh,father,politics

ਬਿਊਰੋ ਰਿਪੋਰਟ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਘਰ ਮਾਨਸਾ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇੱਕ ਵਾਰ ਮੁੜ ਤੋਂ ਮਾਨ ਸਰਕਾਰ ਨੂੰ ਸੂਬੇ ਦੇ ਕਾਨੂੰਨੀ ਹਾਲਾਤਾਂ ਨੂੰ ਲੈਕੇ ਨਸੀਹਤ ਦਿੱਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਸਿਆਸਤ ਵਿੱਚ ਆਉਣ ਬਾਰੇ ਵੀ ਵੱਡੀ ਗੱਲ ਕਹੀ । ਉਨ੍ਹਾਂ ਕਿਹਾ ‘ਕਈ ਲੋਕ ਮੇਰੀ 2- 3 ਗੱਲਾਂ ਫੜ ਲੈਂਦੇ ਹਨ ਕਹਿੰਦੇ ਹਨ ਲੀਡਰ ਬਣ ਗਿਆ ਹੈ,ਸੱਥਾ ਤੋਂ ਕੋਈ ਲੀਡਰ ਨਹੀਂ ਬਣ ਦਾ ਹੈ,ਜੇਕਰ ਕਿਸਮਤ ਵਿੱਚ ਹੋਇਆ ਤਾਂ ਬਣ ਜਾਵਾਂਗੇ,ਪੇਸ਼ੇ ਵੱਲੋਂ ਕੋਈ ਵੀ ਕਿਸੇ ਪਾਸੇ ਵੀ ਜਾ ਸਕਦਾ ਹੈ, ਅਸੀਂ ਕੋਈ ਚੰਗਾ ਕੰਮ ਕਰੀਏ’। ਬਲਕੌਰ ਸਿੰਘ ਦੇ ਇਸ ਬਿਆਨ ਨੂੰ ਲੈਕੇ ਕਾਫੀ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਿਆਸਤ ਵਿੱਚ ਨਜ਼ਰ ਆ ਸਕਦੇ ਹਨ ।

ਇਸ ਦੌਰਾਨ ਪਹਿਲੀ ਵਾਰ ਪਿਤਾ ਬਲਕੌਰ ਸਿੰਘ ਨੇ ਵਿੱਕੀ ਮਿੱਡੂਖੇੜਾ ਦੇ ਕਤਲਕਾਂਡ ਨੂੰ ਲੈਕੇ ਵੱਡਾ ਬਿਆਨ ਦਿੱਤਾ । ਉਨ੍ਹਾਂ ਕਿਹਾ ਸਾਡੀ ਕਿਸੇ ਨਾਲ ਨਿੱਜੀ ਰੰਜਿਸ਼ ਨਹੀਂ ਸੀ । ਜਦੋਂ ਵਿੱਕੀ ਮਿੱਡੂਖੇੜਾ ਦਾ ਕਤਲ ਹੋਇਆ ਤਾਂ ਸਾਨੂੰ ਦੁੱਖ ਹੋਇਆ ਮੈਂ ਆਪ ਸਿੱਧੂ ਦੇ ਨਾਲ ਘਰ ਅਫ਼ਸੋਸ ਕਰਨ ਗਿਆ ਅਤੇ ਪਰਿਵਾਰ ਨੂੰ ਕਿਹਾ ਕਿ ਜੇਕਰ ਉਸ ਦੇ ਪੁੱਤਰ ‘ਤੇ ਸ਼ੱਕ ਹੈ ਤਾਂ ਅਸੀਂ ਆਪ ਹੀ ਪੇਸ਼ ਹੋ ਜਾਵਾਂਗੇ, ਸਾਡਾ ਦਿਲ ਸਾਫ ਸੀ ਅਸੀਂ ਗਏ ਪਰ ਸਾਡੇ ਵੱਲ ਕੋਈ ਨਹੀਂ ਆਇਆ । ਪਿਤਾ ਬਲਕੌਰ ਸਿੰਘ ਨੇ ਕਿਹਾ ਮੈਂ ਕਿਸੇ ਨਿੱਜੀ ਰੰਜਿਸ਼ ਕਰਕੇ ਕਿਸੇ ਦਾ ਨਾਂ ਨਹੀਂ ਲਿਆ, ਕੁਝ ਲੋਕ ਕਹਿੰਦੇ ਹਨ । ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਿਆਨ ਦਿੱਤਾ ਹੈ। ਇਸੇ ਹਫ਼ਤੇ ਹੀ ਸਿੱਧੂ ਮਿੱਡੂਖੇੜਾ ਦੇ ਭਰਾ ਅਜੈ ਪਾਲ ਨੂੰ ਮਾਨਸਾ ਪੁਲਿਸ ਨੇ ਪੇਸ਼ ਹੋਣ ਲਈ ਬੁਲਾਇਆ ਸੀ । ਇਸ ਦੌਰਾਨ ਅਜੈਪਾਲ ਦੇ ਬਿਆਨ ਵੀ ਪੁਲਿਸ ਨੇ ਦਰਜ ਕੀਤੇ ਹਨ । ਇਸ ਤੋਂ ਇਲਾਵਾ ਗਾਇਕ ਮਨਕੀਰਤ ਔਲਖ ਅਤੇ ਬੱਬੂ ਮਾਨ ਤੋਂ ਵੀ ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਜਾਂਚ ਕੀਤੀ ਹੈ । ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਸੀ । ਬਲਕੌਰ ਸਿੰਘ ਨੇ ਕਈ ਵਾਰ ਜਨਤਕ ਤੌਰ ‘ਤੇ ਕਿਹਾ ਸੀ ਕਿ ਉਹ ਆਪਣੇ ਪੁੱਤਰ ਦੇ ਕਤਲਕਾਂਡ ਵਿੱਚ ਸ਼ਾਮਲ ਮਿਊਜ਼ਿਕ ਸਨਅਤ ਵਿੱਚ ਸ਼ਾਮਲ ਲੋਕਾਂ ਦਾ ਨਾਂ ਦੱਸਣਗੇ । ਉਧਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਹਾਲਾਤ ਸੁਧਾਰਨ ਦੀ ਅਪੀਲ ਕੀਤੀ ਹੈ ।

ਸਿੱਧੂ ਮੂਸੇਵਾਲਾ ਦੇ ਪਿਤਾ ਬਲੌਕਰ ਸਿੰਘ ਨੇ ਕਿਹਾ ਕਿ ਪੁੱਤਰ ਨੇ 5 ਸਾਲਾ ਦੇ ਅੰਦਰ ਹੀ ਬੁਲੰਦੀ ਹਾਸਲ ਕਰ ਲਈ ਸੀ ਇਸ ਲਈ ਕੁਝ ਲੋਕ ਉਸ ਤੋਂ ਚਿੜ ਦੇ ਸਨ। ਮੇਰੇ ਬੱਚੇ ਉੱਤੇ ਸਟੇਜ ‘ਤੇ ਹੀ ਪਰਚੇ ਕਰ ਦਿੱਤੇ ਜਾਂਦੇ ਸਨ । ਉਨ੍ਹਾਂ ਕਿਹਾ ਕੰਪੀਟੀਸ਼ਨ ਹੁੰਦਾ ਹੈ ਇਹ ਸੁਭਾਵਿਕ ਹੈ ਪਰ ਕਿਸੇ ਦੀ ਜਾਨ ਕਿਵੇਂ ਲਈ ਜਾ ਸਕਦੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਕਦੇ-ਕਦੇ ਲੱਗ ਦਾ ਹੈ ਸਿੱਧੂ ਹੁਣ ‘ਰੈਸਟ ਇਨ ਪੀਸ’ ਹੋਇਆ ਹੈ। ਬਲਕੌਰ ਸਿੰਘ ਨੇ ਗੈਂਗਸਟਰਾਂ ਵੱਲੋਂ ਹਾਲ ਹੀ ਵਿੱਚ ਇੱਕ ਵਪਾਰੀ ਅਤੇ ਪੁਲਿਸ ਮੁਲਾਜ਼ਮ ਦੇ ਕਤਲ ਦੇ ਮਾਮਲੇ ਵਿੱਚ ਮਾਨ ਸਰਕਾਰ ਨੂੰ ਨਸੀਹਤ ਦਿੱਤੀ ਹੈ । ਉਨ੍ਹਾਂ ਕਿਹਾ ਹੁਣ ਤਾਂ ਉਹ ਲੋਕ ਵੀ ਸੁਰੱਖਿਅਤ ਨਹੀਂ ਹਨ ਜਿੰਨਾਂ ਕੋਲ ਗੰਨ ਮੈਨ ਹਨ। ਪੁਲਿਸ ਸਟੇਸ਼ਨਾਂ ‘ਤੇ RPG ਨਾਲ ਅਟੈਕ ਹੋ ਰਹੇ ਹਨ । 9 ਮਹੀਨਿਆਂ ਦੇ ਅੰਦਰ 60 ਫਿਰੌਤੀ ਦੀਆਂ ਕਾਲ ਆ ਚੁੱਕੀਆਂ ਹਨ । ਬਲੌਕਰ ਸਿੰਘ ਨੇ ਕਿਹਾ ਜਿਹੜੇ ਲੋਕ ਟੈਕਸ ਦਿੰਦੇ ਹਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੇਰਾ ਪੁੱਤ ਤਾਂ ਚੱਲਾ ਗਿਆ ਪਰ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਹੋਰ ਕਿਸੇ ਦਾ ਪੁੱਤ ਨਾ ਜਾਵੇ,ਉਨ੍ਹਾਂ ਕਿਹਾ ਮੇਰੀ ਸਰਕਾਰ ਤੋਂ ਹੁਣ ਵੀ ਉਮੀਦ ਨਹੀਂ ਟੁੱਟੀ ਹੈ ਪਰ ਸਮਾਂ ਰਹਿੰਦੇ ਸੰਭਾਲ ਲਿਓ ਨਹੀਂ ਤਾਂ ਦੁੱਖੀ ਹੋਕੇ ਫੈਸਲਾ ਲੈਣਾ ਪਵੇਗਾ। ਉਨ੍ਹਾਂ ਕਿਹਾ ਸਾਡੇ ਕੋਲ ਗਵਾਉਣ ਨੂੰ ਹੁਣ ਕੁਝ ਨਹੀਂ ਹੈ ।