India Sports

ਹੁੱਡਾ ਨੇ ਵਿਨੇਸ਼ ਫੋਗਾਟ ਨੂੰ ਰਾਜ ਸਭਾ ਭੇਜਣ ਦੀ ਕੀਤੀ ਮੰਗ! ‘ਤੁਸੀਂ ਹਾਰੇ ਨਹੀਂ, ਹਰਾਏ ਗਏ ਹੋ!’

ਬਿਉਰੋ ਰਿਪੋਰਟ – ਵਿਨੇਸ਼ ਫੋਗਾਟ ਨੂੰ ਲੈ ਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਜੇ ਵਿਧਾਨ ਸਭਾ ਵਿੱਚ ਸਾਡਾ ਬਹੁਮਤ ਹੁੰਦਾ ਤਾਂ ਅਸੀਂ ਵਿਨੇਸ਼ ਫੋਗਾਟ ਨੂੰ ਰਾਜ ਸਭਾ ਜ਼ਰੂਰ ਭੇਜ ਦਿੰਦੇ। ਹਰਿਆਣਾ ਦੀ 1 ਰਾਜ ਸਭਾ ਸੀਟ ਲਈ 3 ਸਤੰਬਰ ਨੂੰ ਵੋਟਿੰਗ ਹੋਵੇਗੀ। ਹੁੱਡਾ ਨੇ ਕਿਹਾ ਵਿਨੇਸ਼ ਸਾਡੇ ਦੇਸ਼ ਦਾ ਮਾਣ ਹੈ ਜੋ ਉਸ ਦੇ ਨਾਲ ਹੋਇਆ ਉਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਅੱਜ ਹੀ ਵਿਨੇਸ਼ ਫੋਗਾਟ ਕੁਸ਼ਤੀ ਤੋਂ ਰਿਟਾਇਡ ਹੋਣ ਦਾ ਐਲਾਨ ਕਰਕੇ ਭਾਵੁਕ ਹੋ ਗਈ।

ਵਿਨੇਸ਼ ਨੇ X ‘ਤੇ ਲਿਖਿਆ ‘ਮਾਂ ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ।’ ਵਿਨੇਸ਼ ਫੋਗਾਟ ਨੇ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਅਤੇ ਕਿਹਾ ਕਿ ਹੁਣ ਉਸ ਦਾ ਹੌਂਸਲਾ ਜਵਾਬ ਦੇ ਗਿਆ ਹੈ ਅਤੇ ਉਹ ਹੁਣ ਕੁਸ਼ਤੀ ਨਹੀਂ ਕਰ ਸਕਦੀ। ਉਸ ਨੇ ਕਿਹਾ, ‘ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ। ਮੈਨੂੰ ਮਾਫ਼ ਕਰੋ, ਮੇਰਾ ਸੁਪਨਾ, ਮੇਰਾ ਹੌਂਸਲਾ ਸਭ ਟੁੱਟ ਗਿਆ। ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ। ਅਲਵਿਦਾ ਕੁਸ਼ਤੀ 2001-2024। ਮੈਂ ਆਪ ਸਭ ਦੀ ਸਦਾ ਰਿਣੀ ਰਹਾਂਗੀ। ਮਾਫ਼ੀ।’ ਹਾਲਾਂਕਿ ਵਿਨੇਸ਼ ਦੇ ਚਾਚਾ ਅਤੇ ਕੋਚ ਮਹਾਵੀਰ ਫੋਗਾਟ ਨੇ ਫੈਸਲੇ ’ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿਨੇਸ਼ ਦੇ ਪੈਰਿਸ ਤੋਂ ਵਾਪਸ ਆਉਣ ਤੋਂ ਬਾਅਦ ਉਹ ਉਸ ਨੂੰ ਅਗਲੇ ਓਲੰਪਿਕ ਲਈ ਮਨਾ ਲੈਣਗੇ।

ਉਧਰ ਰਾਜ ਸਭਾ ਐੱਮਪੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਨਿਯਮ ਮੁਤਾਬਿਕ ਹੀ ਵਿਨੇਸ਼ ਇਕ ਦਿਨ ਪਹਿਲਾਂ 50 ਕਿਲੋ ਤੋਂ ਘੱਟ ਭਾਰ ਹੋਣ ਦੀ ਵਜ੍ਹਾ ਕਰਕੇ ਸੈਮੀਫਾਈਨਲ ਵਿੱਚ ਪਹੁੰਚੀ ਸੀ। ਇਸ ਲਿਹਾਜ਼ ਨਾਲ ਉਨ੍ਹਾਂ ਨੂੰ ਸਿਲਵਰ ਮਿਲਣਾ ਚਾਹੀਦਾ ਹੈ। ਮੈਂ ਭਾਰਤ ਸਰਕਾਰ, ਓਲੰਪਿਕ ਐਸੋਸੀਏਸ਼ਨ ਨੂੰ ਅਪੀਲ ਕਰਦਾ ਹਾਂ ਕਿ ਇਸ ਨੂੰ ਛੱਡੋ ਨਹੀਂ ਬਲਕਿ ਕੌਮਾਂਤਰੀ ਓਲੰਪਿਕ ਐਸੋਸੀਏਸ਼ਨ ਤੱਕ ਅਪੀਲ ਕੀਤੀ ਜਾਵੇ।

ਹਰਿਆਣਾ ਦੇ ਮੁੱਖ ਮੰਤਰੀ ਨਾਇਸ ਸੈਣੀ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵਿਨੇਸ਼ ਨੂੰ ਓਲੰਪਿਕ ਚਾਂਦੀ ਦਾ ਤਗਮਾ ਜਿੱਤਣ ਵਾਲੀ ਖਿਡਾਰਨ ਦੇ ਬਰਾਬਰ ਸਨਮਾਨ ਅਤੇ ਇਨਾਮ ਦੇਵੇਗੀ।

ਸੋਸ਼ਲ ਮੀਡੀਆ ’ਤੇ ਪੋਸਟ ਦੇ ਜ਼ਰੀਏ ਸੈਣੀ ਨੇ ਲਿਖਿਆ “ਹਰਿਆਣਾ ਦੀ ਸਾਡੀ ਬਹਾਦਰ ਧੀ ਵਿਨੇਸ਼ ਫੋਗਾਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਓਲੰਪਿਕ ਵਿੱਚ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਕੁਝ ਕਾਰਨਾਂ ਕਰਕੇ ਉਹ ਓਲੰਪਿਕ ਫਾਈਨਲ ਨਹੀਂ ਖੇਡ ਸਕੀ ਪਰ ਸਾਡੇ ਸਾਰਿਆਂ ਲਈ ਉਹ ਚੈਂਪੀਅਨ ਹੈ।”

ਉਨ੍ਹਾਂ ਲਿਖਿਆ ਹੈ ਕਿ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਿਨੇਸ਼ ਫੋਗਾਟ ਦਾ ਤਗਮਾ ਜੇਤੂ ਵਾਂਗ ਸੁਆਗਤ ਅਤੇ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ “ਹਰਿਆਣਾ ਸਰਕਾਰ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਨੂੰ ਜੋ ਵੀ ਸਨਮਾਨ, ਇਨਾਮ ਅਤੇ ਸਹੂਲਤਾਂ ਦਿੰਦੀ ਹੈ, ਉਹ ਸਹੂਲਤਾਂ ਵਿਨੇਸ਼ ਫੋਗਾਟ ਨੂੰ ਵੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਲਿਖਿਆ- “ਸਾਨੂੰ ਤੁਹਾਡੇ ’ਤੇ ਮਾਣ ਹੈ ਵਿਨੇਸ਼!”

ਭਲਵਾਨ ਬਜਰੰਗ ਪੁਨੀਆ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਵਿਨੇਸ਼ ਤੁਸੀਂ ਹਾਰੇ ਨਹੀਂ ਹਰਾਇਆ ਗਿਆ ਹੈ, ਸਾਡੇ ਲਈ ਤੁਸੀਂ ਹਮੇਸ਼ਾ ਜੇਤੂ ਹੀ ਰਹੋਗੇ। ਵਿਨੇਸ਼ ਦੀ ਭੈਣ ਗੀਤਾ ਫੋਗਾਟ ਨੇ ਕਿਹਾ ਭੈਣ ਵਿਨੇਸ਼ ਫੋਗਾਟ ਤੁਸੀਂ ਸਾਡੇ ਲਈ ਗੋਲਡਨ ਗਰਲ ਹੋ, ਤੁਸੀਂ ਜੋ ਕੀਤਾ ਉਸ ਨੂੰ ਇਤਿਹਾਸ ਹਮੇਸ਼ਾ ਯਾਦ ਰੱਖੇਗਾ, ਜ਼ਿੰਦਗੀ ਇਕ ਸੰਘਰਸ਼ ਹੈ ਅਤੇ ਸੰਘਰਸ਼ ਦਾ ਨਾਂ ਵਿਨੇਸ਼ ਹੈ। ਤੁਸੀਂ ਓਲੰਪਿਕ ਦੇ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ।

ਸਾਬਕਾ ਓਲੰਪੀਅਨ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਸਾਕਸ਼ੀ ਮਲਿਕ ਨੇ ਕਿਹਾ ਵਿਨੇਸ਼ ਤੁਸੀਂ ਹਾਰੇ ਨਹੀਂ, ਹਰ ਉਹ ਧੀ ਹਾਰੀ ਹੈ, ਜਿਸ ਦੇ ਲਈ ਤੁਸੀਂ ਲੜੇ ਅਤੇ ਜਿੱਤੇ।