ਅੰਮ੍ਰਿਤਸਰ : ਵੱਖ ਵੱਖ ਜਥੇਬੰਦੀਆਂ ਦੇ ਸਿੱਖ ਲੀਡਰਾਂ ਨੇ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ( Sucha Singh Langah ) ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ( Shri Akal Takht Sahib ) ਵੱਲੋਂ ਮੁਆਫ਼ੀ ਦਿੱਤੇ ਜਾਣ ਦੇ ਰੋਸ ਵਜੋਂ ਸਾਰੇ ਖਾਲਸਾ ਪੰਥ ਦੇ ਨਾਂ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਲੰਗਾਹ ਨੂੰ ਮੁਆਫੀ ਦੇਣਾ ਖ਼ਾਲਸਾ ਪੰਥ ਦੀ ਮਰਿਆਦਾ ਦੇ ਉਲਟ ਦੱਸਿਆ ਗਿਆ ਹੈ।
ਸਿੱਖ ਆਗੂਆਂ ਨੇ ਚਿੱਠੀ ਵਿੱਚ ਲਿਖਿਆ ਕਿ ਪੰਥ ਵਿੱਚੋਂ ਛੇਕੇ ਵਿਅਕਤੀ ਨੂੰ ਸਾਦੇ ਕੁਰਹਿਤੀਏ ਵਾਂਗ ਹੀ ਤਨਖਾਹ ਲਾ ਕੇ ਪੰਥ ਵਿਚ ਸ਼ਾਮਲ ਕਰਨ ਦਾ ਫ਼ੈਸਲਾ ਸਿਧਾਂਤ ਅਤੇ ਮਰਿਆਦਾ ਤੋਂ ਊਣਾ ਫੈਸਲਾ ਕੀਤਾ ਹੈ। ਇਹ ਫੈਸਲਾ ਲੈਣ ਲੱਗਿਆਂ ਤਨਖਾਹ ਅਤੇ ਪੰਥ ਵਿਚੋਂ ਛੇਕੇ ਜਾਣ ਉੱਤੇ ਮੁੜ ਪੰਥ ਵਿਚ ਵਾਪਸੀ ਦੇ ਵਿਧੀ ਵਿਧਾਨ ਅਤੇ ਪ੍ਰਕਿਰਿਆ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ।
ਉਨ੍ਹਾਂ ਨੇ ਯਾਦ ਕਰਾਇਆ ਕਿ ਲੰਗਾਹ ਨੂੰ ਪੰਥ ਵਿੱਚੋਂ ਸਿਰਫ ਇਸ ਲਈ ਹੀ ਨਹੀਂ ਸੀ ਛੇਕਿਆ ਗਿਆ ਕਿ ਉਸ ਨੇ ਪਰ-ਇਸਤਰੀ ਗਮਨ ਕਰਨ ਕਰਕੇ ਬੱਜਰ ਕੁਰਹਿਤ ਕੀਤੀ ਸੀ। ਉਸ ਨੂੰ ਤਾਂ ਇਸ ਲਈ ਛੇਕਣਾ ਪਿਆ ਸੀ ਕਿਉਂਕਿ ਉਹ ਪੰਥਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜ਼ਿੰਮੇਵਾਰ ਅਹੁਦੇਦਾਰ ਸੀ ਤੇ ਉਸ ਨੇ ਇਹ ਬੱਜਰ ਕੁਰਹਿਤ ਕਰਕੇ ਸਿਰਫ਼ ਆਪਣੀ ਕਿਰਦਾਰਕੁਸ਼ੀ ਹੀ ਨਹੀਂ ਕੀਤੀ, ਸਗੋਂ ਇਸ ਸੰਸਥਾ ਤੇ ਪਾਰਟੀ ਦਾ ਅਪਮਾਨ ਵੀ ਕੀਤਾ ਸੀ। ਲੰਬੇ ਸਮੇ ਤੋਂ ਇਸ ਬੱਜਰ ਕੁਰਹਿਤ ਦਾ ਆਦੀ ਹੋਣ ਦੇ ਬਾਵਜੂਦ ਉਹ ਇਹਨਾਂ ਅਹੁਦਿਆਂ ’ਤੇ ਉਸ ਸਮੇਂ ਤੱਕ ਟਿਕਿਆ ਆ ਰਿਹਾ ਸੀ, ਜਿੰਨਾ ਚਿਰ ਉਸ ਦੀ ਅਸ਼ਲੀਲ ਵੀਡੀਉ ਜਨਤਕ ਨਹੀਂ ਹੋ ਗਈ ਤੇ ਉਸ ’ਤੇ ਇਸ ਗੁਨਾਹ ਦੀ ਐਫ਼. ਆਈ. ਆਰ. ਦਰਜ ਨਹੀਂ ਹੋ ਗਈ।
ਪੰਥ ਵਿੱਚੋਂ ਛੇਕੇ ਜਾਣ ਤੋਂ ਬਾਅਦ ਵੀ ਸੁੱਚਾ ਸਿੰਘ ਲੰਗਾਹ ਆਕੀ ਹੋਇਆ ਰਿਹਾ ਸੀ ਤੇ ਉਸ ਨੇ ਧਾਰਮਿਕ ਤੇ ਰਾਜਨੀਤਕ ਖੇਤਰ ਵਿੱਚ ਆਪਣੀਆਂ ਸਰਗਰਮੀਆਂ ਬੇਰੋਕ-ਟੋਕ ਜਾਰੀ ਰੱਖੀਆਂ ਹੋਈਆਂ ਸਨ। ਆਪਣੀ ਬੱਜਰ ਕੁਰਹਿਤ ਨੂੰ ਮੰਨਣ ਦੀ ਥਾਂ ਉਹ ਇਸ ਨੂੰ ਆਪਣੇ ਵਿਰੁੱਧ ਹੋਈ ਸਿਆਸੀ ਸਾਜ਼ਿਸ਼ ਪ੍ਰਚਾਰਦਾ ਰਿਹਾ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਜਾਣ ਵਾਲੇ ਗੁਨਾਹੀ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਦਾ ਹੁਕਮ ਹੁੰਦਾ ਹੈ। ਅਜਿਹਾ ਨਾਤਾ ਰੱਖਣ ਵਾਲਾ ਸਿੱਖ ਰਹਿਤ ਮਰਯਾਦਾ ਅਨੁਸਾਰ ਤਨਖਾਹੀਆ ਹੁੰਦਾ ਹੈ ਤੇ ਲੰਗਾਹ ਨਾਲ ਰਿਸ਼ਤਾ ਨਾਤਾ ਰੱਖਣ ਵਾਲੇ ਵੀ ਸਭ ਤਨਖ਼ਾਹੀਏ ਹਨ ਤੇ ਉਹਨਾਂ ਨੂੰ ਤਨਖ਼ਾਹੀਏ ਬਣਾਉਣ ਵਾਲਾ ਮੁੱਖ ਅਪਰਾਧੀ ਵੀ ਸੁੱਚਾ ਸਿੰਘ ਲੰਗਾਹ ਹੀ ਹੈ।
ਲੰਗਾਹ ਨੇ ਅੰਮ੍ਰਿਤ ਛਕਣ ਦਾ ਨਾਟਕ ਵੀ ਖੇਡਿਆ ਸੀ ਤੇ ਇਸ ਨਾਟਕ ਵਿੱਚ ਸ਼ਾਮਲ ਪਾਤਰਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਸਿੰਘ ਸਾਹਿਬਾਨ ਵਿੱਚ ਸ਼ਾਮਲ ਹੋ ਕੇ ਤਨਖ਼ਾਹ ਵੀ ਲਾਈ ਸੀ, ਪਰ ਉਸ ਨਾਟਕ ਦੇ ਮੁੱਖ ਪਾਤਰ ਲੰਗਾਹ ਨੂੰ ਹੁਣ ਇਸ ਅਪਰਾਧ ਬਾਰੇ ਪੁੱਛਣ ਤੋਂ ਮਿਥ ਕੇ ਸੰਕੋਚ ਕਰ ਲਿਆ ਗਿਆ ਹੈ ਤੇ ਉਸ ਨਾਲ ਨਾਤਾ ਬਣਾਈ ਰੱਖਣ ਵਾਲਿਆਂ ਦੀ ਗੱਲ ਵੀ ਨਹੀਂ ਕੀਤੀ ਗਈ।
ਸਿੱਖ ਰਹਿਤ ਮਰਯਾਦਾ ਅਨੁਸਾਰ ਚੌਹਾਂ ਬੱਜਰ ਕੁਰਹਿਤਾਂ ਵਿੱਚੋਂ ਕੋਈ ਬੱਜਰ ਕੁਰਹਿਤ ਕਰਨ ਵਾਲਾ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਆਪਣੀ ਕੁਰਹਿਤ ਦੀ ਗ਼ਲਤੀ ਮੰਨ ਕੇ ਤੇ ਭੁੱਲ ਬਖਸ਼ਾ ਕੇ ਕਿਸੇ ਵੀ ਸਥਾਨ ਤੋਂ ਮੁੜ ਅੰਮ੍ਰਿਤ ਛਕ ਸਕਦਾ ਹੈ, ਪਰ ਪੰਥ ਵਿੱਚੋਂ ਛੇਕਣ ਅਤੇ ਪੰਥ ਵਿੱਚੋਂ ਛੇਕੇ ਗਏ ਨੂੰ ਮੁੜ ਪੰਥ ਵਿੱਚ ਸ਼ਾਮਲ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਹੀ ਹੈ ਤੇ ਇਸ ਦਾ ਵਿਧੀ ਵਿਧਾਨ ਤੇ ਜੁਗਤ ਸਿੱਖ ਇਤਿਹਾਸ ਵਿੱਚ ਦਰਜ ਤੇ ਸਪਸ਼ਟ ਹੈ।
ਸੁੱਚਾ ਸਿੰਘ ਲੰਗਾਹ ਬਰੀ ਹੋਣ ਲਈ ਅਦਾਲਤ ਵਿੱਚ ਜਿਸ ਗੁਨਾਹ ਤੋਂ ਮੁੱਕਰ ਗਿਆ ਸੀ, ਹੁਣ ਉਹਨੇ ਉਹੋ ਗੁਨਾਹ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪ੍ਰਵਾਨ ਕੀਤਾ ਹੈ। ਉਸ ਨੂੰ ਤਨਖ਼ਾਹ ਲਾਉਣ ਤੋਂ ਪਹਿਲਾਂ ਉਸ ਵੱਲੋਂ ਕੀਤੇ ਗਏ ਸਾਰੇ ਗੁਨਾਹਾਂ ਦੀ ਪੁੱਛਗਿੱਛ ਕਰਨੀ ਜ਼ਰੂਰੀ ਸੀ, ਜਿਹੜੀ ਬਿਲਕੁਲ ਹੀ ਨਹੀਂ ਕੀਤੀ ਗਈ।
ਬੱਜਰ ਕੁਰਹਿਤੀਏ ਨੂੰ ਪੰਥ ਵਿੱਚ ਮੁੜ ਸ਼ਾਮਲ ਹੋਣ ਲਈ ਦੋਬਾਰਾ ਅੰਮ੍ਰਿਤ ਛਕਣਾ ਪੈਂਦਾ ਹੈ, ਪਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਨੂੰ ਜੋ ਤਨਖਾਹ ਲਾਈ ਹੈ, ਉਸ ਵਿੱਚ ਮੁੜ ਅੰਮ੍ਰਿਤ ਛਕਣ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਲੰਗਾਹ ਨੂੰ ਸਿਆਸੀ ਖੇਤਰ ਵਿੱਚ ਵਿਚਰਨ ਤੇ ਧਾਰਮਿਕ ਖੇਤਰ ਵਿੱਚ ਨਾ ਵਿਚਰਨ ਦਾ ਆਦੇਸ਼ ਦੇ ਕੇ ਮੀਰੀ-ਪੀਰੀ ਦੀ ਸੁਮੇਲਤਾ ਦੇ ਗੁਰਮਤਿ ਸਿਧਾਂਤ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਹੈ ਤੇ ਸਿਆਸੀ ਪ੍ਰਭਾਵ ਪ੍ਰਵਾਨ ਕਰਕੇ ਉਸ ਲਈ ਸਿਆਸੀ ਖੇਤਰ ਵਿੱਚ ਵਿਚਰਨ ਦਾ ਰਾਹ ਖੋਲ੍ਹਿਆ ਹੈ।
ਦਰਅਸਲ, 26 ਨਵੰਬਰ 2022 ਨੂੰ ਸੁੱਚਾ ਸਿੰਘ ਲੰਗਾਹ ਨੂੰ ਤਨਖਾਹ ਲਾ ਕੇ ਖਾਲਸਾ ਪੰਥ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਸੀ।