International Punjab

ਲਾਪਰਵਾਹੀ ਨਾਲ 16 ਜਾਨਾਂ ਲੈਣ ਵਾਲੇ ਜਸਕੀਰਤ ਦੇ ਗੁਨਾਹ ਨੂੰ ਕੈਨੇਡਾ ਦੇ ਲੋਕ ਮੁਆਫ ਕਰਨਗੇ ? ਅਦਾਲਤ ਨੇ ਦਿੱਤਾ ਇਸ ਵੱਡੇ ਸਵਾਲ ਦਾ ਜਵਾਬ

 

ਬਿਉਰੋ ਰਿਪੋਰਟ : ਕੈਨੇਡਾ ਦੀ ਧਰਤੀ ‘ਤ ਲਾਪਰਵਾਹੀ ਨਾਲ 16 ਲੋਕਾਂ ਦੀ ਜਾਨ ਲੈਣ ਅਤੇ 13 ਨੂੰ ਜਖ਼ਮੀ ਕਰਨ ਵਾਲੇ ਜਸਕੀਰਤ ਸਿੰਘ ਦੀ ਡਿਪੋਰਟ ਨਾ ਕਰਨ ਦੀ ਅਰਜ਼ੀ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ । 2018 ਵਿੱਚ ਜਸਕੀਰਤ ਦੇ ਟਰੱਕ ਨਾਲ 16 ਲੋਕਾਂ ਦੀ ਮੌਤ ਹੋ ਗਈ ਸੀ । ਉਸ ਨੇ ਅਦਾਲਤ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਸੀ ਜਿਸ ਤੋਂ ਬਾਅਦ ਉਸ ਨੂੰ 8 ਸਾਲ ਦੀ ਸਜ਼ਾ ਹੋਈ ਸੀ। ਹੁਣ ਜਦੋਂ ਉਹ ਪੈਰੋਲ ਤੇ ਬਾਹਰ ਆਇਆ ਤਾਂ ਉਸ ਨੂੰ ਕੈਨੇਡਾ ਬੌਰਡਰ ਸਰਵਿਸਸ ਏਜੰਸੀ ਨੇ ਡਿਪੋਰਟ ਕਰਨ ਦੀ ਸਿਫਾਰਿਸ਼ ਕਰ ਦਿੱਤੀ ।ਇਸ ਦੇ ਖਿਲਾਫ ਹੀ ਜਸਕੀਰਤ ਨੇ ਅਦਾਲਤ ਵਿੱਚ ਪਟੀਸ਼ਨ ਪਾਈ ਸੀ ।

ਜਸਕੀਰਤ ਨੇ ਪੇਂਡੂ ਇਲਾਕੇ ਵਿੱਚ ਪੈਂਦੇ ਇੱਕ ਚੌਰਾਹੇ ‘ਤੇ ਰੁਕਣ ਦੇ ਸਾਈਨ ਬੋਰਡ ਦੀ ਪਰਵਾਰ ਕੀਤੇ ਬਗੈਰ ਆਪਣਾ ਟਰੱਕ ਵਾੜ ਦਿੱਤਾ ਸੀ । ਜਿਸ ਤੋਂ ਬਾਅਦ ਟਰੱਕ ਜੂਨੀਅਰ ਹਾਕੀ ਟੀਮ ਨੂੰ ਖੇਡ ਮੈਦਾਨ ਵੱਲ ਲੈ ਕੇ ਜਾ ਰਹੇ ਬੱਸ ਵਿੱਚ ਵਜਿਆ ਅਤੇ 16 ਲੋਕਾਂ ਦੀ ਮੌਤ ਹੋ ਗਈ । ਇਸ ਜੂਨੀਅਰ ਹਾਕੀ ਟੀਮ ਦਾ ਨਾਂ ਹਮਬੋਲਡਟ ਬ੍ਰੇਨਕੋਸ ਸੀ । ਇਹ ਘਟਨਾ ਸਸਕੈਚਵੈਨ ਦੇ ਟਿਸਡੇਲ ਦੇ ਨੇੜੇ ਹੋਈ ਸੀ ।

ਜਸਕੀਰਤ ਦੇ ਵਕੀਲ ਦਾ ਤਰਕ

ਜਸਕੀਰਤ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਬੌਰਡਰ ਸਰਵਿਸ ਦੇ ਅਧਿਕਾਰੀਆਂ ਨੇ ਉਸ ਦੇ ਬੇਦਾਗ ਰਿਕਾਰਡ ਨੂੰ ਨਹੀਂ ਵੇਖਿਆ । ਉਸ ਕੋਲ ਪੀਆਰ ਸੀ । ਉਸ ਨੂੰ ਘਟਨਾ ਦੇ ਬਾਅਦ ਅਫਸੋਸ ਵੀ ਹੋਇਆ ਸੀ । ਜਸਕੀਰਤ ਦੇ ਵਕੀਲ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹ ਬੌਰਡਰ ਸਰਵਿਸ ਨੂੰ ਕਹਿਣ ਕਿ ਉਹ ਦੂਜੀ ਵਾਰ ਆਪਣੇ ਫੈਸਲੇ ਤੇ ਵਿਚਾਰ ਕਰਨ । ਪਰ ਅਦਾਲਤ ਨੇ ਕਿਹਾ ਏਜੰਸੀ ਦਾ ਫੈਸਲਾ ਬਿਲਕੁਲ ਠੀਕ ਹੈ । ਜੱਜ ਪੌਲ ਕਰੈਂਪਟਨ ਨੇ ਕਿਹਾ ਸਿੱਧੂ ਦੇ ਕੇਸ ਵਿੱਚ ਤੱਥ ਸਾਰਿਆਂ ਦੇ ਲਈ ਦੁਖਦਾਈ ਸਨ। ਕਈ ਜਾਨਾਂ ਗਈਆਂ ਕਈ ਜ਼ਿੰਦਗੀਆਂ ਤਬਾਹ ਹੋ ਗਈਆਂ ਕਈ ਉਮੀਦਾਂ ਤੇ ਸੁਪਣੇ ਟੁੱਟ ਗਏ । ਬਦਕਿਸਮਤੀ ਹੈ ਕਿ ਅਸੀਂ ਫੈਸਲੇ ਵਿੱਚ ਦੁਰਘਟਨਾ ਦੇ ਨਤੀਜਿਆਂ ਨੂੰ ਨਹੀਂ ਬਦਲ ਸਕਦੇ ਹਾਂ। ਉਨ੍ਹਾਂ ਨੇ ਕਿਹਾ ਬੌਰਡ ਏਜੰਸੀ ਨੇ ਕਾਰਵਾਈ ਵਿੱਚ ਠੀਕ ਭੂਮਿਕਾ ਨਿਭਾਈ ਹੈ । ਉਸ ਦੇ ਰਿਕਾਰਡ ਨੂੰ ਵੇਖਿਆ ਗਿਆ ਹੈ ।

ਪੀੜਤ ਪਰਿਵਾਰਾਂ ਦੇ ਬਿਆਨ

ਉਧਰ ਪੀੜਤ ਪਰਿਵਾਰ ਕਹਿੰਦੇ ਹਨ ਕਿ ਅਸੀਂ ਚਾਹੁੰਦੇ ਹਾਂ ਜਸਕੀਰਤ ਸਿੰਘ ਸਾਡੇ ਦੇਸ਼ ਤੋਂ ਚੱਲਾ ਜਾਏ। ਹਾਦਸੇ ਵਿੱਚ ਜਾਨ ਗਵਾਉਣ ਵਾਲੇ 21 ਸਾਲ ਦੇ ਪੁੱਤਰ ਦੇ ਪਿਤਾ ਟੋਬੀ ਬਾਓਲੇਟ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਪਣੀ ਜ਼ਿੰਦਗੀ ਦੇ ਨਾਲ ਅੱਗੇ ਵਧਣ ਦੇ ਲਈ ਜਸਕੀਰਤ ਦਾ ਜੇਲ੍ਹ ਵਿੱਚ ਰਹਿਣਾ ਜ਼ਰੂਰੀ ਨਹੀਂ ਹੈ । ਪਰ ਉਹ ਨਹੀਂ ਚਾਹੁੰਦੇ ਹਨ ਕਿ ਜਸਕੀਰਤ ਕੈਨੇਡਾ ਵਿੱਚ ਰਹਿਣ। ਸਾਡੇ ਦਿਲ ਵਿੱਚ ਉਸ ਲਈ ਮਾੜੇ ਵਿਚਾਰ ਨਹੀਂ ਹਨ ਪਰ ਅਸੀਂ ਉਸ ਨੂੰ ਕਦੇ ਆਪਣੇ ਸਾਹਮਣੇ ਨਹੀਂ ਵੇਖਣਾ ਚਾਹੁੰਦੇ ਹਾਂ। ਯਾਨੀ ਇਸ ਨੂੰ ਡਿਪੋਰਟ ਕਰ ਦਿੱਤਾ ਜਾਵੇ। ਇਕ ਹੋਰ ਪੀੜਤ ਬੱਚੇ ਸੇਂਟ ਉਲਬਟਰਾ ਵੀ ਜਸਕੀਰਤ ਨੂੰ ਵਾਪਸ ਆਪਣੇ ਮੁਲਕ ਭੇਜਣ ਦੀ ਸ਼ਿਫਾਰਿਸ਼ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਸਾਰਾ ਕੁਝ ਪੰਜ ਸਾਲਾਂ ਤੋਂ ਚੱਲ ਰਿਹਾ ਹੈ ਸਾਡਾ ਇਹ ਦਰਦ ਕਦੇ ਵੀ ਖਤਮ ਨਹੀਂ ਹੋਵੇਗਾ।

ਸਕੌਟ ਥੌਮਸ,ਈਵਾਨ ਥੌਮਸ ਦੇ ਪਿਤਾ ਹਨ ਜਿਹੜੇ ਇਸ ਹਾਦਸੇ ਦਾ ਸ਼ਿਕਾਰ ਹੋਏ ਸਨ । ਉਹ ਸਿੱਧੂ ਨੂੰ ਕੈਨੇਡਾ ਵਿੱਚ ਰੱਖੇ ਜਾਣ ਦੀ ਵਕਾਲਤ ਕਰਦੇ ਹਨ। ਉਹ ਕਹਿੰਦੇ ਹਨ ਕਿ ਮੈਨੂੰ ਪਰਵਾ ਨਹੀਂ ਹੈ ਕਿ ਉਸ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ,ਪਰ ਸਾਰੀ ਉਮਰ ਉਸ ਦਾ ਮਨ ਜੇਲ੍ਹ ਵਿੱਚ ਹੀ ਰਹੇਗਾ । ਜਸਕੀਰਤ ਦੇ ਵਕੀਲ ਦਾ ਕਹਿਣਾ ਹੈ ਕਿ ਅਦਾਲਤ ਨਵੇਂ ਸਾਲ ਦੌਰਾਨ ਆਪਣਾ ਫੈਸਲਾ ਸੁਣਾ ਦੇਵੇਗੀ ਅਤੇ ਉਸ ਨੂੰ ਮੁਲਕ ਵਾਪਸ ਜਾਣਾ ਹੋਵੇਗਾ । ਪਰ ਹੁਣ ਵੀ ਉਸ ਕੋਲ ਇੱਕ ਰਾਹ ਹੈ ।

ਵਕੀਲ ਨੇ ਕਿਹਾ ਜੇਕਰ ਜਸਕੀਰਤ ਸਾਬਿਤ ਕਰਦਾ ਹੈ ਕਿ ਜਿਸ ਮੁਲਕ ਵਿੱਚ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਉਹ ਉਸ ਦੇ ਲਈ ਸੁਰੱਖਿਅਤ ਨਹੀਂ ਹੈ ਤਾਂ ਉਸ ਨੂੰ ਡਿਪੋਰਟ ਨਹੀਂ ਕੀਤਾ ਜਾਵੇਗਾ। ਇਹ ਰਿਸਕ ਅਸੈਸਮੈਂਟ ਹੁੰਦਾ ਹੈ । ਉਹ ਮਨੁੱਖੀ ਅਧਾਰ ਅਤੇ ਤਰਸ ਕਰਕੇ ਕੈਨੇਡਾ ਵਿੱਚ ਰਹਿ ਸਕਦਾ ਹੈ। ਵਕੀਲ ਨੇ ਦੱਸਿਆ ਕਿ ਅਰਜ਼ੀ ਵਿੱਚ ਉਸ ਦੇ ਪਰਿਵਾਰ ਅਤੇ ਬੱਚਿਆਂ ਦਾ ਹਵਾਲਾ ਵੀ ਦਿੱਤਾ ਜਾ ਸਕਦਾ ਹੈ। ਜਸਕੀਰਤ ਦਾ ਇੱਕ 9 ਸਾਲ ਦਾ ਪੁੱਤਰ ਹੈ ਜਿਸ ਨੂੰ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੈ । ਵਕੀਲ ਨੇ ਕਿਹਾ ਕਿ ਇਹ ਕਨੈਡਾ ਦੇ ਲੋਕਾਂ ਦਾ ਇਮਤਿਹਾਨ ਹੈ ਕਿ ਉਹ ਜਸਕੀਰਨ ਨੂੰ ਮੁਆਫ ਕਰਦੇ ਹਨ ਜਾਂ ਨਹੀਂ । ਉਨ੍ਹਾਂ ਕਿਹਾ ਕੈਨੇਡਾ ਦੇ ਲੋਕਾਂ ਦਾ ਮੁਆਫ ਕਰਨ ਵਾਲਾ ਵੱਡਾ ਦਿਲ ਹੈ ਮੈਨੂੰ ਉਮੀਦ ਹੈ ਕਿ ਉਹ ਜ਼ਰੂਰ ਮੁਆਫ ਕਰਨਗੇ।