‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਰਬਉੱਚ ਅਦਾਲਤ ਨੇ ਦਿੱਲੀ ਵਿੱਚ ਆਕਸੀਜਨ ਦੀ ਸਪਲਾਈ ‘ਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਸਾਨੂੰ ਸਖਤ ਰਸਤਾ ਅਪਣਾਉਣ ਲਈ ਮਜ਼ਬੂਰ ਨਾ ਕੀਤਾ ਜਾਵੇ। ਅੱਜ ਅਦਾਲਤ ਵਿੱਚ ਸੁਣਵਾਈ ਦੌਰਾਨ ਜਸਟਿਸ ਚੰਦਰਚੂੜ ਅਤੇ ਐੱਮਆਰ ਸ਼ਾਹ ਨੇ ਕਿਹਾ ਕਿ ਰਾਜਧਾਨੀ ਵਿੱਚ ਸਿਰਫ ਇੱਕ ਦਿਨ ਵਿੱਚ 700 ਐੱਮਟੀ ਆਕਸੀਜਨ ਦੀ ਸਪਲਾਈ ਨਹੀਂ, ਬਲਕਿ ਹਰ ਦਿਨ ਇੰਨੀ ਸਪਲਾਈ ਕਰਨੀ ਹੋਵੇਗੀ।
ਅਦਾਲਤ ਵਿੱਚ ਦਿੱਲੀ ਵਿੱਚ ਆਕਸੀਜਨ ਦੀ ਵੰਡ, ਸਪਲਾਈ ਅਤੇ ਵੰਡ ਲਈ ਕੇਂਦਰ ਦੀ ‘ਵਿਆਪਕ ਯੋਜਨਾ’ ਦਾ ਵੇਰਵਾ ਦੇਣ ਤੋਂ ਬਾਅਦ ਅਦਾਲਤ ਨੇ ਇਹ ਟਿੱਪਣੀਆਂ ਕੀਤੀਆਂ ਹਨ। ਜਸਟਿਸ ਚੰਦਰਚੂੜ ਨੇ ਕੇਂਦਰ ਸਰਕਾਰ ਦਾ ਪੱਖ ਰੱਖ ਰਹੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ‘ਤੁਸੀਂ 700 ਐੱਮਟੀ ਤੋਂ ਸ਼ੁਰੂਆਤ ਕਰਦੇ ਹੋ ਅਤੇ ਫਿਰ ਜਿਵੇਂ ਹੀ ਤੁਸੀਂ ਅੱਗੇ ਵੱਧਦੇ ਹੋ ਤਾਂ ਕੰਟੇਨਰ ਲਿਆਉਣ ਦੀ ਗੱਲ ਕਰਦੇ ਹੋ। ਅਸੀਂ ਕੰਟੇਨਰ ਡਰਾਈਵਰ ਨਹੀਂ ਹਾਂ। ਅਸੀਂ ਰੋਜ਼ 700 ਐੱਮਟੀ ਚਾਹੁੰਦੇ ਹਾਂ ਅਤੇ ਇਸਨੂੰ ਲੈ ਕੇ ਅਸੀਂ ਬੇਹੱਦ ਗੰਭੀਰ ਹਾਂ।