‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰਵਾਚੌਥ ਮੌਕੇ ਪਤਨੀਆਂ ਸਵੇਰ ਤੋਂ ਹੀ ਭੁੱਖੀਆਂ ਰਹਿ ਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ ਤੇ ਅਰਦਾਸਾਂ ਕਰਦੀਆਂ ਹਨ। ਪਰ ਸੋਚੋ, ਜੇ ਕੋਈ ਸ਼ਰਾਬੀ ਪਤੀ ਬਾਜ਼ਾਰ ਕਰਵਾ ਚੌਥ ਦੀ ਪੂਜਾ ਦਾ ਸਾਮਾਨ ਲੈਣ ਗਿਆ ਉਨ੍ਹਾਂ ਪੈਸਿਆਂ ਦੀ ਸ਼ਰਾਬ ਪੀਣ ਬਹਿ ਜਾਵੇ ਤਾਂ ਪਤਨੀ ਦਾ ਪਾਰਾ ਕਿੰਨਾ ਕੁ ਚੜ੍ਹ ਸਕਦਾ ਹੈ। ਯੂਪੀ ਦੇ ਇਟਾਵਾ ਵਿੱਚ ਜੋ ਵਾਪਰਿਆ ਹੈ, ਉਹ ਸੁਣ ਕੇ ਕਈ ਪਤੀਆਂ ਦੇ ਪੈਰਾਂ ਹੇਠੋਂ ਜਮੀਨ ਨਿਕਲ ਜਾਵੇਗੀ ਤੇ ਉਹ ਇੱਧਰ-ਉੱਧਰ ਨਾ ਜਾ ਕੇ ਸਿੱਧੇ ਆਪਣੇ ਘਰ ਜਾਣਗੇ।

ਜਾਣਕਾਰੀ ਮੁਤਾਬਿਕ ਕਰਵਾ ਚੌਥ ਤੋਂ ਇੱਕ ਦਿਨ ਪਹਿਲਾਂ ਇੱਕ ਪਤਨੀ ਨੇ ਆਪਣੇ ਪਤੀ ਨੂੰ ਰਾਹ ਵਿੱਚ ਫੜ੍ਹ ਕੇ ਚੰਗੀ ਤਰ੍ਹਾਂ ਕੁੱਟਿਆ ਹੈ ਤੇ ਫਿਰ ਬਾਅਦ ਵਿੱਚ ਰੱਸੀ ਨਾਲ ਬੰਨ੍ਹ ਕੇ ਘਰ ਲੈ ਗਈ। ਇਸ ਕੁੱਟਮਾਰ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।
ਇਹ ਮਾਮਲਾ ਬਕੇਵਰ ਥਾਣਾ ਖੇਤਰ ਅਧੀਨ ਆਉਂਦੀ ਮਹੇਵਾ ਬਸਤੀ ਦਾ ਦੱਸਿਆ ਜਾ ਰਿਹਾ ਹੈ। ਬੀਤੀ ਸ਼ਾਮ ਚਤੂਰੀਬਾਬਾ ਰਸਗੁੱਲਾ ਦੀ ਦੁਕਾਨ ਦੇ ਸਾਹਮਣੇ ਇੱਕ ਵਿਅਕਤੀ ਸ਼ਰਾਬੀ ਹਾਲਤ ਵਿੱਚ ਘੁੰਮ ਰਿਹਾ ਸੀ ਤੇ ਮੌਕੇ ਉੱਤੇ ਪਹੁੰਚੀ ਔਰਤ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਮੌਕੇ ਉੱਤੇ ਪਹੁੰਚੇ ਲੋਕਾਂ ਨੇ ਜਦੋਂ ਮਾਮਲਾ ਜਾਨਣਾ ਚਾਹਿਆ ਤਾਂ ਪਤਾ ਲੱਗਾ ਕਿ ਇਹ ਹਾਈਵੇ ਕਿਨਾਰੇ ਇਕ ਪਿੰਡ ਵਿੱਚ ਰਹਿੰਦੇ ਹਨ ਤੇ ਪਤੀ ਨੂੰ ਪਤਨੀ ਨੇ ਕਰਵਾ ਚੌਥ ਦੀ ਪੂਜਾ ਲਈ ਸਮਾਨ ਲੈਣ ਘੱਲਿਆ ਸੀ। ਜਦੋਂ ਕਾਫੀ ਦੇਰ ਹੋਣ ਮਗਰੋਂ ਵੀ ਉਹ ਘਰ ਨਹੀਂ ਮੁੜਿਆ ਤਾਂ ਉਸਦੀ ਪਤਨੀ ਉਸਨੂੰ ਲੱਭਦੀ ਬਾਜਾਰ ਆ ਗਈ ਤੇ ਪਤੀ ਸ਼ਰਾਬ ਪੀਂਦਾ ਮਿਲ ਗਿਆ। ਇਹ ਵੇਖ ਕੇ ਔਰਤ ਭੜਕ ਗਈ ਤੇ ਉਸਨੇ ਕੁੱਟਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਹ ਆਪਣੇ ਪਤੀ ਨੂੰ ਰੱਸੀ ਨਾਲ ਬੰਨ੍ਹ ਕੇ ਘਰ ਲੈ ਗਈ।