‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਗਨੀਪਥ ਯੋਜਨਾ ਤਹਿਤ ਫੌਜ ਵਿੱਚ ਭਰਤੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਵੇਗੀ। ਉਨ੍ਹਾਂ ਨੇ ਫੌਜ ਵਿੱਚ ਭਰਤੀ ਲਈ ਚਾਹਵਾਨ ਨੌਜਵਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਤਿਆਰੀਆਂ ਸ਼ੁਰੂ ਕਰ ਦੇਣ। ਉਨ੍ਹਾਂ ਨੇ ਅਗਨੀਪਥ ਯੋਜਨਾ ਨੂੰ ਦੇਸ਼ ਦੇ ਰੱਖਿਆ ਖੇਤਰ ਵਿੱਚ ਭਰਤੀ ਲਈ ‘ਸੁਨਹਿਰੀ ਮੌਕਾ’ ਦੱਸਦਿਆਂ ਪਹਿਲੇ ਬੈਚ ਦੀ ਭਰਤੀ ਪ੍ਰਕਿਰਿਆ ਲਈ ਉਮਰ ਹੱਦ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ।
- ਆਰਮੀ ਚੀਫ਼ ਜਨਰਲ ਮਨੋਜ ਪਾਂਡੇ ਨੇ ਕਿਹਾ ਹੈ ਕਿ ਅਗਨੀਵੀਰਾਂ ਦੀ ਪਹਿਲੀ ਟ੍ਰੇਨਿੰਗ ਦਿਸੰਬਰ 2022 ਤੋਂ ਸ਼ੁਰੂ ਕੀਤੀ ਜਾਵੇਗੀ। ਸਾਲ 2023 ਦੇ ਮੱਧ ਵਿੱਚ ਸਰਗਰਮ ਸੇਵਾ ਸ਼ੁਰੂ ਹੋਵੇਗੀ। ਭਾਰਤੀ ਹਵਾਈ ਸੈਨਾ ਦੇ ਮੁਖੀ ਵੀਆਰ ਚੌਧਰੀ ਨੇ ਕਿਹਾ ਹੈ ਕਿ ਏਅਰ ਫੋਰਸ ਦੀ ਭਰਤੀ 24 ਜੂਨ ਤੋਂ ਸ਼ੁਰੂ ਕੀਤੀ ਜਾਵੇਗੀ।

- ਪੁਲਿਸ ਅਫ਼ਸਰ ਪ੍ਰਣਵ ਮਹਾਜਨ ਨੇ ਕਿਹਾ ਕਿ ਜੋ ਵੀ ਵਿਅਕਤੀ ਜਨਤਕ ਪ੍ਰਾਪਰਟੀ ਦਾ ਨੁਕਸਾਨ ਪਹੁੰਚਾਉਂਦਾ ਹੈ, ਉਹ ਕਦੇ ਵੀ ਸਰਕਾਰੀ ਅਫ਼ਸਰ ਨਹੀਂ ਬਣ ਸਕੇਗਾ।

- ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦਿੱਲੀ ਗੇਟ, ਆਈਟੀਓ ਮੈਟਰੋ ਸਟੇਸ਼ਨ ਅਤੇ ਜਾਮਾ ਮਸਜਿਦ ਮੈਟਰੋ ਸਟੇਸ਼ਨਾਂ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਹਨ।

- ਹੈਦਰਾਬਾਦ ਵਿੱਚ ਪ੍ਰਦਰਸ਼ਨਕਾਰੀਆਂ ਨੇ 4 ਤੋਂ 5 ਰੇਲਗੱਡੀਆਂ ਦੇ ਇੰਜਣਾਂ ਅਤੇ ਦੋ-ਤਿੰਨ ਡੱਬਿਆਂ ਨੂੰ ਅੱਗ ਲਾ ਦਿੱਤੀ।

- ਹਰਿਆਣਾ ਦੇ ਗੁਰੂਗ੍ਰਾਮ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਚਾਰ ਲੋਕਾਂ ਤੋ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।
- ਪੂਰਬੀ ਮੱਧ ਰੇਲਵੇ ਨੇ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਹੋ ਰਹੇ ਵਿਰੋਧ ਦੇ ਵਿਚਕਾਰ ਕੁੱਝ ਰੇਲਵੇ ਸਟੇਸ਼ਨਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਨ੍ਹਾਂ ਰੇਲਵੇ ਸਟੇਸ਼ਨਾਂ ਵਿੱਚ ਦਲਤੋਗੰਜ, ਕੋਦਰਮਾ, ਧਨਬਾਦ, ਹਾਜੀਪੁਰ, ਖਗਾਰੀਆ, ਬਰਾਉਣੀ, ਸਹਾਰਸਾ, ਦਰਬੰਗਾ, ਗਯਾ, ਸਮਸਤੀਪੁਰ, ਦਾਨਾਪੁਰ ਸਮੇਤ ਹੋਰ ਕਈ ਰੇਲਵੇ ਸਟੇਸ਼ਨ ਸ਼ਾਮਿਲ ਹਨ।

- ਹਰਿਆਣਾ ਸਰਕਾਰ ਨੇ ਅਗਨੀਪਥ ਯੋਜਨਾ ਦੇ ਖਿਲਾਫ ਪਲਵਲ ਵਿੱਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਅਹਿਤਿਆਤ ਵਜੋਂ ਫਰੀਦਾਬਾਦ ਜ਼ਿਲ੍ਹੇ ਦੇ ਬੱਲਭਗੜ੍ਹ ਖੇਤਰ ਵਿੱਚ ਮੋਬਾਈਲ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ਨੂੰ 24 ਘੰਟਿਆਂ ਲਈ ਮੁਅੱਤਲ ਕਰ ਦਿੱਤਾ ਹੈ।
- ਇਹ ਹੁਕਮ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਜੋ ਅੱਜ ਸਵੇਰੇ 12 ਵਜੇ ਤੋਂ ਬਾਅਦ ਲਾਗੂ ਹੋਇਆ ਹੈ, ਜਿਸ ਨਾਲ ਮੋਬਾਈਲ ਇੰਟਰਨੈਟ ਸੇਵਾਵਾਂ, , ਬੈਂਕਿੰਗ ਅਤੇ ਮੋਬਾਈਲ ਰੀਚਾਰਜ ਨੂੰ ਛੱਡ ਕੇ ਸਾਰੀਆਂ ਐਸਐਮਐਸ ਸੇਵਾਵਾਂ ਅਤੇ ਡੋਂਗਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
- ਅਗਨੀਪੱਥ ਯੋਜਨਾ ਦੇ ਵਿਰੋਧ ਕਰਕੇ ਕੁੱਲ 200 ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਦੇਸ਼ ਭਰ ਵਿੱਚ 35 ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ 13 ਨੂੰ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।
- ਦੱਖਣੀ ਸੈਂਟਰਲ ਰੇਲਵੇ ਨੇ ਅਗਨੀਪੱਥ ਖਿਲਾਫ਼ ਹੋ ਰਹੇ ਵਿਰੋਧ ਦੇ ਮੱਦੇਨਜ਼ਰ ਮਲਟੀ ਮਾਡਲ ਟਰਾਂਸਪੋਰਟ ਸਿਸਟਮ ਸਰਵਿਸਜ਼ ਨੂੰ ਰੱਦ ਕਰ ਦਿੱਤਾ ਹੈ।