India International

ਯੂ.ਕੇ ’ਚ ਕਿਉਂ ਹੋ ਰਿਹਾ ਵਿਰੋਧ , ਜਾਣੋ ਇਸ ਖਾਸ ਰਿਪੋਰਟ ‘ਚ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਦਾ ਵਿਰੋਧ ਹੁਣ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਹੋਣ ਲੱਗ ਪਿਆ ਹੈ। ਅੱਜ ਤੀਜੇ ਦਿਨ ਵੀ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਦਾ ਦਾਅਵਾ ਕਰ ਰਹੀ ਹੈ ਉੱਧਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਪੰਜਾਬ ਤੋਂ ਕਿਤੇ ਬਾਹਰ ਲਿਜਾਣ ਦੀ ਯੋਜਨਾ ਹੈ। ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਵੀ ਇਹੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਪੁੱਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਉੱਤੇ ਗੇਮ ਖੇਡਣ ਦਾ ਦੋਸ਼ ਲਗਾਇਆ ਹੈ।

ਇਸੇ ਦੇ ਚੱਲਦਿਆਂ ਲੰਡਨ ਵਿਚਲੇ ਹਾਈ ਕਮਿਸ਼ਨ ਵਿੱਚ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਪੰਜਾਬ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਐਤਵਾਰ ਨੂੰ ਕੁਝ ਸਿੱਖ ਜਥੇਬੰਦੀਆਂ ਵਲੋਂ ਮੁਜ਼ਾਹਰੇ ਦੌਰਾਨ ਭੰਨਤੋੜ ਕੀਤੀ ਗਈ। ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਮੁਜ਼ਾਹਰਾਕਾਰੀ ਇਮਾਰਤ ਦੇ ਅੰਦਰ ਦਾਖਲ ਹੋ ਗਏ ਅਤੇ ਹਾਈ ਕਮਿਸ਼ਨ ਦੀ ਇਮਾਰਤ ਤੋਂ ਭਾਰਤੀ ਝੰਡਾ ਉਤਾਰ ਦਿੱਤਾ ਗਿਆ, ਜਿਸ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵੀ ਦੇਖੀਆਂ ਗਈਆਂ ਹਨ।

ਇਸ ਘਟਨਾ ਦੇ ਸਬੰਧ ਵਿੱਚ ਭਾਰਤ ਸਰਕਾਰ ਨੇ ਦਿੱਲੀ ਵਿੱਚ ਬ੍ਰਿਟੇਨ ਦੇ ਸੀਨੀਅਰ ਕੂਟਨੀਤਿਕ ਨੂੰ ਤਲਬ ਕਰਕੇ ਜਵਾਬ ਮੰਗਿਆ ਹੈ। ਨਵੀਂ ਦਿੱਲੀ ਵਿੱਚ ਬ੍ਰਿਟੇਨ ਦੇ ਸਭ ਤੋਂ ਸੀਨੀਅਰ ਕੂਟਨੀਤਿਕ ਨੂੰ ਐਤਵਾਰ ਦੇਰ ਸ਼ਾਮ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਖ਼ਿਲਾਫ਼ ”ਵੱਖਵਾਦੀ ਅਤੇ ਕੱਟੜਪੰਥੀ ਅਨਸਰਾਂ” ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ‘ਤੇ ਭਾਰਤ ਦਾ ਸਖ਼ਤ ਵਿਰੋਧ ਦਰਜ ਕਰਵਾਉਣ ਲਈ ਤਲਬ ਕੀਤਾ ਗਿਆ।

ਇਸ ਦੌਰਾਨ ਹਿੰਸਕ ਹੋਈ ਭੀੜ ਨੇ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਦੀਆਂ ਖਿੜਕੀਆਂ ਤੋੜ ਦਿੱਤੀਆਂ। ਇਸ ਮਾਮਲੇ ਵਿੱਚ ਹਿੰਸਕ ਵਿਵਹਾਰ ਅਖ਼ਤਿਆਰ ਕਰਨ ਦੇ ਸ਼ੱਕ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਿੰਸਕ ਪ੍ਰਦਰਸ਼ਨ ’ਤੇ ਕਾਬੂ ਪਾਉਣ ਲਈ ਪੁਲਿਸ ਨੂੰ ਐਤਵਾਰ ਨੂੰ ਵੈਸਟਮਿੰਸਟਰ ਦੇ ਐਲਡਵਿਚ ਵਿਚਲੀ ਇਮਾਰਤ ਵਿੱਚ ਬੁਲਾਇਆ ਗਿਆ ਸੀ।

ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਿੱਚ ਭੀੜ ਨੂੰ ਹੱਥਾਂ ਵਿੱਚ ‘ਖਾਲਿਸਤਾਨ’ ਦੇ ਬੈਨਰ ਲਹਿਰਾਉਂਦੇ ਹੋਏ ਦਿਖਾਇਆ ਗਿਆ ਅਤੇ ਇੱਕ ਵਿਅਕਤੀ ਇਮਾਰਤ ਦੀ ਪਹਿਲੀ ਮੰਜ਼ਿਲ ਦੀ ਬਾਲਕੋਨੀ ਤੋਂ ਭਾਰਤੀ ਝੰਡਾ ਲਾਹੁੰਦਿਆ ਦੇਖਿਆ ਗਿਆ ਸੀ। ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਇਸ ਘਟਨਾ ਵਿੱਚ ਦੋ ਸੁਰੱਖਿਆ ਗਾਰਡ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣ ਦੀ ਲੋੜ ਨਹੀਂ ਪਈ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਅਧਿਕਾਰੀਆਂ ਨੂੰ ਐਤਵਾਰ ਨੂੰ ਬਰਤਾਨਵੀ ਸਮੇਂ ਮੁਤਾਬਕ ਕਰੀਬ 13:50 ਵਜੇ ਭਾਰਤੀ ਹਾਈ ਕਮਿਸ਼ਨ ਵਿੱਚ ਬੁਲਾਇਆ ਗਿਆ ਸੀ। ਮੈਟਰੋਪੋਲੀਟੀਅਨ ਪੁਲਿਸ ਦੇ ਇੱਕ ਬੁਲਾਰੇ ਮੁਤਾਬਕ ਉਥੇ ਮੌਜੂਦ ਭੀੜ ਵਿੱਚੋਂ ਜ਼ਿਆਦਾਤਰ ਲੋਕ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਥੋਂ ਚਲੇ ਗਏ ਸਨ। ਪੁਲਿਸ ਮੁਤਾਬਕ ਮੁਜ਼ਾਹਰੇ ਦੌਰਾਨ ਜਦੋਂ ਮੁਜ਼ਾਹਰਾਕਾਰੀ ਹਾਈ ਕਮਿਸ਼ਨ ਦੀ ਇਮਾਰਤ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੂੰ ਰੋਕਣ ਸਮੇਂ ਦੋ ਸੁਰੱਖਿਆ ਗਾਰਡ ਮਾਮੂਲੀ ਜਿਹੇ ਜਖ਼ਮੀ ਵੀ ਹੋਏ।

ਇਸ ਘਟਨਾ ਦਾ ਵੱਡੇ ਪੱਧਰ ਉੱਤੇ ਵਿਰੋਧ ਵੀ ਹੋਇਆ ਹੈ। ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਇੱਕ ਟਵੀਟ ਕਰਕੇ ਹੋਈਆਂ ਹਿੰਸਕ ਕਾਰਵਾਈਆਂ ਅਤੇ ਭੰਨਤੋੜ ਦੀ ਸਖ਼ਤ ਦੀ ਨਿੰਦਾ ਕੀਤੀ ਹੈ।ਉਨ੍ਹਾਂ ਲਿਖਿਆ,“ਸਾਡੇ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਵਿਵਹਾਰ ਲਈ ਕੋਈ ਥਾਂ ਨਹੀਂ ਹੈ।”

ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਇਸ ਦੀ ਨਖੇਧੀ ਕਰਦਿਆਂ ਘਟਨਾ ਨੂੰ ‘ਨਿਰਾਸ਼ਾਜਨਕ’ ਅਤੇ ‘ਪੂਰੀ ਤਰ੍ਹਾਂ ਅਸਵਿਕਾਰਨਯੋਗ’ ਦੱਸਿਆ ਹੈ। ਵਿੰਬਲਡਨ ਵਿੱਚ ਵਿਦੇਸ਼ ਵਿਭਾਗ ਦੇ ਮੰਤਰੀ ਲਾਰਡ ਤਾਰਿਕ ਅਹਿਮਦ ਨੇ ਕਿਹਾ ਕਿ ਉਹ “ਭੈਭੀਤ” ਹਨ ਅਤੇ ਸਰਕਾਰ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ ‘ਗੰਭੀਰਤਾ ਨਾਲ’ ਲਵੇਗੀ। ਉਨ੍ਹਾਂ ਕਿਹਾ,”ਇਹ ਮਿਸ਼ਨ ਅਤੇ ਇਸ ਦੇ ਕਰਮਚਾਰੀਆਂ ਦੀ ਅਖੰਡਤਾ ਦੇ ਖ਼ਿਲਾਫ਼ ਪੂਰੀ ਤਰ੍ਹਾਂ ਅਸਵੀਕਾਰਨਯੋਗ ਕਾਰਵਾਈ ਹੈ।”