Punjab

ਕਿਸਾਨਾਂ ਨੇ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਿਉਂ ਘੇਰਿਆ ?

‘ਦ ਖ਼ਾਲਸ ਬਿਊਰੋ :- ਆਰਡੀਨੈਂਸਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਜਥੇਬੰਦੀ ਵੱਲੋਂ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਵਿੱਚ ਮੋਰਚੇ ਪਿੱਛਲੇ ਚਾਰ ਦਿਨਾਂ ਤੋਂ ਕੱਢੇ ਜਾ ਰਹੇ ਹਨ। ਜਿਸ ਦੇ ਤਹਿਤ ਕੱਲ੍ਹ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੌਂਗੋਵਾਲ ‘ਚ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਦਾ ਵੀ ਘਿਰਾਓ ਕੀਤਾ ਗਿਆ। ਇਸ ਦੌਰਾਨ ਭਾਈ ਲੌਂਗੋਵਾਲ ਆਰਡੀਨੈਂਸਾਂ ਤੋਂ ਨਰਾਜ਼ ਕਿਸਾਨਾਂ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਸਕੇ। ਦੂਜੇ ਪਾਸੇ ਪਿੰਡ ਸ਼ੇਰੋਂ ‘ਚ ਢੋਲ ਮਾਰਚ ਕੱਢਿਆ ਗਿਆ, ਜਿਸ ਵਿੱਚ ਟਰੈਕਟਰ-ਟਰਾਲੀਆਂ, ਰੇਹੜਿਆਂ ਤੇ ਹੋਰਨਾਂ ਵਾਹਨਾਂ ‘ਤੇ ਸੈਂਕੜੇ ਕਿਸਾਨਾਂ ਤੇ ਔਰਤਾਂ ਨੇ ਸ਼ਮੂਲੀਅਤ ਕੀਤੀ।

ਇਸ ਤੋਂ ਇਲਾਵਾ ਪਿੰਡ ਨਮੋਲ ਤੇ ਕਿਲਾ ਭਰੀਆਂ ਦੇ ਕਿਸਾਨ ਆਗੂਆਂ ਸਤਿਗੁਰ ਸਿੰਘ ਨਮੋਲ ਤੇ ਬਲਾਕ ਆਗੂ ਸਰੂਪ ਚੰਦ ਕਿਲਾ ਭਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਘਰ – ਘਰ ਜਾ ਕੇ ਤਿੰਨੇ ਆਰਡੀਨੈਂਸਾਂ ਤੇ ਬਿਜਲੀ ਐਕਟ-2020 ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਹੈ।