The Khalas Tv Blog India ਪਿਛਲੇ 55 ਸਾਲਾਂ ‘ਚ ਸਭ ਤੋਂ ਵੱਧ ਖੁਦਕੁਸ਼ੀਆਂ 2021 ‘ਚ ਹੋਈਆਂ
India Khaas Lekh Khabran da Prime Time Khalas Tv Special Punjab

ਪਿਛਲੇ 55 ਸਾਲਾਂ ‘ਚ ਸਭ ਤੋਂ ਵੱਧ ਖੁਦਕੁਸ਼ੀਆਂ 2021 ‘ਚ ਹੋਈਆਂ

‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :-  ਸਾਡੀ ਤੇਜ਼ੀ ਨਾਲ ਬਦਲ ਰਹੀ ਜੀਵਨ ਸ਼ੈਲੀ ਨੇ ਜ਼ਿੰਦਗੀ (Life) ਵਿੱਚ ਚਮਕ ਦਮਕ ਤਾਂ ਜ਼ਰੂਰ ਵਧਾ ਦਿੱਤੀ ਹੈ ਪਰ ਅਸਲੀਅਤ ਵਿੱਚ ਮਨੁੱਖ ਅੰਦਰੋਂ ਖੋਖਲਾ ਹੋਇਆ ਹੈ। ਪਰਿਵਾਰਾਂ (Families) ਵਿੱਚ, ਰਿਸ਼ਤਿਆਂ ਵਿੱਚ, ਸਾਕ ਸਬੰਧੀਆਂ ਵਿੱਚ ਤਰੇੜਾਂ ਬੱਝੀਆਂ ਹਨ ਅਤੇ ਮਨੁੱਖ ਖੁਦਗਰਜ਼ ਹੋ ਕੇ ਰਹਿ ਗਿਆ ਹੈ। ਪੀੜੀ ਦੇ ਪਾੜੇ ਨੇ ਮਾਪਿਆਂ ਅਤੇ ਬੱਚਿਆਂ ਵਿਚਲਾ ਆਪਸੀ ਨਿੱਘ ਫਿੱਕਾ ਪਾ ਦਿੱਤਾ ਹੈ। ਇੱਕ ਛੱਤ ਥੱਲੇ ਰਹਿ ਕੇ ਇੱਕ ਦੂਜੇ ਨਾਲ ਘੱਟ ਅਤੇ ਬਾਹਰਲਿਆਂ ਨਾਲ ਜ਼ਿਆਦਾ ਜੁੜੇ ਰਹਿੰਦੇ ਹਨ। ਸਾਡੇ ਪਰਿਵਾਰਾਂ ਵਿੱਚ ਅਪੱਣਤ ਘਟੀ ਹੈ ਅਤੇ ਆਪਣਾਪਨ ਗਵਾਚਿਆ ਹੈ।

ਜਦੋਂ ਮਨੁੱਖ ਆਪਣੇ ਵੱਲ ਵੱਧ ਕੇਂਦਰਿਤ ਹੋਵੇ ਤਾਂ ਦੂਜਿਆਂ ਦੀ ਪਰਵਾਹ ਕਰਨ ਤੋਂ ਹਟ ਜਾਂਦਾ ਹੈ। ਸਿਰਫ਼ ਨਵੀਂ ਪੀੜੀ ਹੀ ਨਹੀਂ, ਕਈ ਮਾਪੇ ਵੀ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਊਣ ਨੂੰ ਆਧੁਨਿਕਤਾ ਸਮਝਣ ਲੱਗੇ ਹਨ ਜਿਸਦੇ ਸਿੱਟੇ ਵਜੋਂ ਮਨੁੱਖ ਇਕੱਲਾ ਹੋ ਕੇ ਰਹਿ ਗਿਆ ਹੈ। ਇਕੱਲਤਾ ਕਿਸੇ ਨਾ ਕਿਸੇ ਸਟੇਜ ਉੱਤੇ ਜਾ ਕੇ ਉਦਾਸੀ ਦੀ ਵਜ੍ਹਾ ਬਣਦੀ ਹੈ। ਬਾਅਦ ਵਿੱਚ ਇਹ ਘੋਰ ਉਦਾਸੀ ਜਿਸਨੂੰ ਡਿਪਰੈਸ਼ਨ ਦਾ ਨਾਂ ਦਿੱਤਾ ਗਿਆ ਹੈ। ਭਾਰਤ ਵਿੱਚ ਡਿਪਰੈਸ਼ਨ ਸ਼ਬਦ ਸਾਡੀ ਨਿੱਤ ਰੋਜ਼ ਦੀ ਜ਼ਿੰਦਗੀ ਦੀ ਡਿਕਸ਼ਨਰੀ ਵਿੱਚ ਤੇਜ਼ੀ ਨਾਲ ਜੁੜਿਆ ਹੈ। ਇਹੋ ਡਿਪਰੈਸ਼ਨ ਜ਼ਿੰਦਗੀ ਨੂੰ ਖਤਮ ਕਰਨ ਦੀ ਵਜ੍ਹਾ ਬਣਨ ਲੱਗਾ ਹੈ। ਤਾਜ਼ਾ ਖੋਜ ਵਿੱਚ ਗੈਰ ਕੁਦਰਤੀ ਮੌਤ ਦੀਆਂ ਜਿਹੜੀਆਂ ਦੋ ਵਜ੍ਹਾ ਦੱਸੀਆਂ ਗਈਆਂ ਹਨ, ਉਨ੍ਹਾਂ ਵਿੱਚ ਘੋਰ ਉਦਾਸੀ ਅਤੇ ਸੜਕ ਹਾਦਸੇ ਸਭ ਤੋਂ ਉੱਪਰਲੇ ਨੰਬਰ ਉੱਤੇ ਹਨ। ਤੇਜ਼ ਰਫ਼ਤਾਰ ਮਨੁੱਖ ਦੀ ਜ਼ਿੰਦਗੀ ਪੱਕੇ ਤੌਰ ਉੱਤੇ ਬ੍ਰੇਕਾਂ ਲਾ ਰਹੀ ਹੈ।

ਪਿਛਲੇ ਦਿਨੀਂ ਨਿਊਯਾਰਕ ਵਿੱਚ ਪਰਿਵਾਰ ਤੋਂ ਸਤ ਕੇ ਇੱਕ ਨੌਜਵਾਨ ਕੁੜੀ ਨੇ ਆਪਣੇ ਆਪ ਨੂੰ ਖ਼ਤਮ ਕਰ ਲਿਆ। ਦੋ ਦਿਨ ਪਹਿਲਾਂ ਹਰਿਆਣਾ ਵਿੱਚ ਇੱਕ ਪਰਿਵਾਰ ਦੇ ਮੁਖੀ ਨੇ ਪਹਿਲਾਂ ਆਪਣੇ ਆਪ ਨੂੰ ਤੇ ਫਿਰ ਸਾਰਿਆਂ ਨੂੰ ਖ਼ਤਮ ਕੀਤਾ। ਇਹ ਖੁਦਕੁਸ਼ੀ ਨਾਲੋਂ ਵੀ ਵੱਧ ਮਾਰੂ ਰੁਝਾਨ ਹੈ। ਪਿਛਲੇ ਦਿਨੀਂ ਪੰਜਾਬ ਵਿੱਚ ਵੀ ਇਹਦੇ ਨਾਲ ਰਲਦੀਆਂ ਮਿਲਦੀਆਂ ਘਟਨਾਵਾਂ ਨੇ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੇਂਦਰ ਸਰਕਾਰ ਦੀ ਰਿਪੋਰਟ ਦੱਸਦੀ ਹੈ ਕਿ ਬਿਹਾਰ ਤੋਂ ਬਾਅਦ ਸਭ ਤੋਂ ਵੱਧ ਪੰਜਾਬੀ ਮੌਤ ਨੂੰ ਗਲੇ ਲਾਉਣ ਲੱਗੇ ਹਨ।

ਮੁਲਕ ਵਿੱਚ ਇੱਕ ਮਿਲੀਅਨ ਆਬਾਦੀ ਪਿੱਛੇ 120 ਲੋਕ ਆਪਣੀ ਜੀਵਨ ਲੀਲਾ ਖਤਮ ਕਰਨ ਲੱਗੇ ਹਨ। ਸਾਲ 2021 ਵਿੱਚ ਜਿੰਨੇ ਜ਼ਿਆਦਾ ਲੋਕਾਂ ਨੇ ਜ਼ਿੰਦਗੀ ਤੋਂ ਅੱਕ ਕੇ ਆਪਣੇ ਆਪ ਨੂੰ ਮਾਰ ਮੁਕਾਇਆ, ਇਹ ਇੱਕ ਰਿਕਾਰਡ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਨਿਸਬਤ ਖੁਦਕੁਸ਼ੀਆਂ ਦਾ ਰੁਝਾਨ 6.1 ਫ਼ੀਸਦੀ ਵਧਿਆ ਹੈ। ਬਿਊਰੋ ਮੁਤਾਬਕ ਖੁਦਕੁਸ਼ੀਆਂ ਦਾ ਰੁਝਾਨ ਮਹਾਂਮਾਰੀ ਦਾ ਰੂਪ ਧਾਰਨ ਕਰਨ ਦਾ ਡਰ ਬਣਨ ਲੱਗਾ ਹੈ। ਸੜਕ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ।

ਇੱਕ ਨਵਾਂ ਰੁਝਾਨ ਜਿਹੜਾ ਸਾਹਮਣੇ ਆਉਣ ਲੱਗਾ ਹੈ ਉਹ ਇਹ ਕਿ ਛੋਟੇ ਵਪਾਰੀਆਂ ਅਤੇ ਵਿਦਿਆਰਥੀਆਂ ਨੇ ਮੌਤ ਨੂੰ ਤੇਜ਼ੀ ਨਾਲ ਗਲੇ ਲਾਉਣਾ ਸ਼ੁਰੂ ਕੀਤਾ ਹੈ। ਅਸਲ ਵਿੱਚ ਇਸਦੇ ਪਿੱਛੇ ਦਿਮਾਗੀ ਤਣਾਅ ਵਜ੍ਹਾ ਬਣੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਹ ਤਾਜ਼ਾ ਰਿਪੋਰਟ ਐੱਨਸੀਆਰਬੀ ਦੇ ਅੰਕੜਿਆਂ ਉੱਤੇ ਆਧਾਰਿਤ ਜਾਰੀ ਕੀਤੀ ਗਈ ਹੈ।

ਰਿਪੋਰਟ ਮੁਤਾਬਕ ਸਾਲ 2021 ਦੌਰਾਨ ਖੁਦਕੁਸ਼ੀ ਨਾਲ 164.033 ਲੋਕਾਂ ਨੇ ਆਪਣੀ ਜਾਨ ਦਿੱਤੀ, ਜਿਹੜਾ ਕਿ 2020 ਨਾਲੋਂ 7.2 ਫ਼ੀਸਦੀ ਵੱਧ ਹੈ। ਸਾਲ 2020 ਵਿੱਚ 153.052 ਲੋਕਾਂ ਨੇ ਅਤੇ 2019 ਵਿੱਚ 139000 ਲੋਕਾਂ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ। ਸਾਲ 1967 ਤੋਂ ਲੈ ਕੇ ਹੁਣ ਤੱਕ 2021 ਵਿੱਚ ਸਭ ਤੋਂ ਵੱਧ ਲੋਕਾਂ ਨੇ ਆਪਣੇ ਆਪ ਮੌਤ ਨੂੰ ਗਲੇ ਲਾਇਆ ਹੈ। ਐੱਨਸੀਆਰਬੀ ਕੋਲ ਇਸ ਤੋਂ ਪਹਿਲਾਂ ਦੇ ਅੰਕੜੇ ਮੌਜੂਦ ਨਹੀਂ ਹਨ। ਸਾਲ 2021 ਤੋਂ ਪਹਿਲਾਂ 2010 ਨੂੰ ਇੱਕ ਮਿਲੀਅਨ ਪਿੱਛੇ 113.5 ਲੋਕਾਂ ਨੇ ਮੌਤ ਨੂੰ ਗਲੇ ਲਗਾਇਆ ਸੀ। ਆਪਣੀ ਜੀਵਨ ਲੀਲਾ ਖਤਮ ਕਰਨ ਵਾਲਿਆਂ ਵਿੱਚ ਦੋ ਤਿਹਾਈ ਉਹ ਹਨ, ਜਿਨ੍ਹਾਂ ਲੋਕਾਂ ਦੀ ਆਮਦਨ 1 ਲੱਖ ਸਾਲਾਨਾ ਤੋਂ ਘੱਟ ਹੈ। ਉਸ ਤੋਂ ਬਾਅਦ ਛੋਟੇ ਮੋਟੇ ਸਵੈ ਰੁਜ਼ਗਾਰ ਅਤੇ ਦਿਹਾੜੀਦਾਰ ਵਰਗ ਖੁਦਕੁਸ਼ੀ ਕਰਨ ਦੇ ਰਾਹ ਤੁਰੇ ਹਨ। ਪੱਕੀ ਤਨਖਾਹ ਲੈਣ ਵਾਲਿਆਂ ਨਾਲੋਂ ਜ਼ਿੰਦਗੀ ਨੂੰ ਤੇਜ਼ੀ ਨਾਲ ਅਲਵਿਦਾ ਕਹਿਣ ਵਾਲੇ ਪਾੜੇ ਦੱਸੇ ਜਾਂਦੇ ਹਨ।

ਕੁਦਰਤੀ ਆਫ਼ਤ ਕਰਕੇ ਜਿਹਦੇ ਵਿੱਚ ਭੂਚਾਲ, ਹੜ੍ਹ ਅਤੇ ਗਰਮੀ ਸ਼ਾਮਿਲ ਹੈ, ਨਾਲ 2020-21 ਵਿੱਚ ਮੌਤਾਂ ਘਟੀਆਂ ਹਨ। ਸਾਲ 2020 ਵਿੱਚ 7405, 2021 ਵਿੱਚ 7126 ਅਤੇ 2019 ਵਿੱਚ 8145 ਮੌਤਾਂ ਹੋਈਆਂ ਸਨ। ਭਾਰਤ ਵਿੱਚ ਹੋ ਰਹੀਆਂ ਕੁੱਲ ਮੌਤਾਂ ਵਿੱਚੋਂ 40 ਫ਼ੀਸਦੀ ਸੜਕ ਹਾਦਸਿਆਂ ਨਾਲ ਹੋ ਰਹੀਆਂ ਹਨ। ਸਾਲ 2019 ਨੂੰ ਸੜਕ ਹਾਦਸਿਆਂ ਵਿੱਚ 181,133, 2020 ਨੂੰ 146,354 ਮੌਤਾਂ ਅਤੇ 2021 ਵਿੱਚ 173,860 ਮੌਤਾਂ ਹੋਈਆਂ ਸਨ। ਜਾਇਦਾਦ ਦੇ ਝਗੜੇ ਕਰਕੇ ਖੁਦਕੁਸ਼ੀਆਂ ਨੂੰ ਵੀ ਲੋਕ ਪਹਿਲਾਂ ਨਾਲੋਂ ਜ਼ਿਆਦਾ ਗਲ ਲਾਉਣ ਲੱਗੇ ਹਨ। ਸਾਲ 2019 ਵਿੱਚ 4.8 ਮਿਲੀਅਨ, 2020 ਵਿੱਚ 4.6 ਮਿਲੀਅਨ ਅਤੇ 2021 ਵਿੱਚ ਪੰਜ ਮਿਲੀਅਨ ਲੋਕਾਂ ਨੇ ਆਪਣੇ ਆਪ ਨੂੰ ਮਾਰ ਮੁਕਾਇਆ ਸੀ।

ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਹਰ ਰੋਜ਼ ਸੱਤ ਲੋਕ ਮੌਤ ਨੂੰ ਗਲੇ ਲਾ ਰਹੇ ਹਨ। ਪਿਛਲੇ ਸਾਲ 2357 ਲੋਕਾਂ ਨੇ ਆਪਣੇ ਆਪ ਨੂੰ ਮਾਰ ਮੁਕਾਇਆ ਸੀ। ਉਨ੍ਹਾਂ ਵਿੱਚੋਂ 27 ਫ਼ੀਸਦੀ ਉਹ ਹਨ, ਜਿਹੜੇ ਬਿਮਾਰੀ ਦੀ ਵਜ੍ਹਾ ਕਰਕੇ ਜ਼ਿੰਦਗੀ ਤੋਂ ਅੱਕ ਚੁੱਕੇ ਸਨ। ਹੋਰ 7.41 ਫ਼ੀਸਦੀ ਕਿਸਾਨ ਦੱਸੇ ਜਾ ਰਹੇ ਹਨ। ਅਸਲ ਵਿੱਚ ਜ਼ਿੰਦਗੀ ਸੁੱਖਾਂ ਅਤੇ ਸੁਖਾਵੇਂ ਪੱਧਰੇ ਰਾਹ ਉੱਤੇ ਤੁਰਨ ਦਾ ਨਾਂ ਨਹੀਂ ਹੈ। ਇਸ ਕਰਕੇ ਸਮੱਸਿਆਵਾਂ ਤੋਂ ਡਰ ਕੇ ਕਾਇਰਾਨਾ ਫੈਸਲੇ ਨਹੀਂ ਲੈਣੇ ਚਾਹੀਦੇ ਹਨ। ਸਿੱਖ ਧਰਮ ਤਾਂ ਚੜਦੀ ਕਲਾ ਦਾ ਪ੍ਰਤੀਕ ਹੈ ਅਤੇ ਇਸ ਵਿੱਚ ਮੁਸੀਬਤਾਂ ਮੂਹਰੇ ਹਥਿਆਰ ਸੁੱਟਣ ਦੀ ਥਾਂ ਟਾਕਰਾ ਕਰਨ ਦਾ ਜ਼ਜ਼ਬਾ ਹੈ।

Exit mobile version