The Khalas Tv Blog International ਕੈਨੇਡਾ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪਣ ‘ਤੇ SGPC ਚੁੱਪ ਕਿਉਂ !
International

ਕੈਨੇਡਾ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪਣ ‘ਤੇ SGPC ਚੁੱਪ ਕਿਉਂ !

‘ਦ ਖ਼ਾਲਸ ਬਿਊਰੋ :- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਕੈਨੇਡਾ ਦੇ ਸਰੀ ਵਿੱਚ ਛਾਪਣ ‘ਤੇ ਕੈਨੇਡੀਅਨ ਸਿੱਖਾਂ ਨੇ ਇਤਰਾਜ਼ ਜਤਾਇਆ ਹੈ। 20 ਤੋਂ ਵੱਧ ਸਿੱਖ ਸਭਾਵਾਂ ਨੇ ਇਸਦਾ ਸਖ਼ਤ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀਆਂ ਲਿਖ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਛਾਪੇਖਾਨੇ ਵਿੱਚ ਅੰਮ੍ਰਿਤਸਰ ਵਿਖੇ ਹੀ ਛਪਵਾਏ ਜਾਣ ਦੀ ਮੰਗ ਕੀਤੀ ਹੈ।

ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਇਸ ਤਰ੍ਹਾਂ ਆਲਮੀ ਪੱਧਰ ’ਤੇ ਛਪਾਈ ਦੀ ਆਗਿਆ ਦੇਣੀ ਭਵਿੱਖ ਵਿੱਚ ਕਈ ਪ੍ਰੇਸ਼ਾਨੀਆਂ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਕਈ ਸਾਲ ਪਹਿਲਾਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਛਪਾਈ ਦਾ ਕੇਂਦਰ ਅੰਮ੍ਰਿਤਸਰ ਰਹੇਗਾ ਤੇ ਉਹ ਹੁਕਮਨਾਮਾ ਅੱਜ ਵੀ ਲਾਗੂ ਹੈ।

ਉਨ੍ਹਾਂ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਚਿੱਠੀਆਂ ਦਾ ਜਵਾਬ ਨਹੀਂ ਦੇ ਰਹੀ। ਸਰੀ ਵਿੱਚ ਵਿਸਾਖੀ ‘ਤੇ ਨਗਰ ਕੀਰਤਨ ਦਾ ਪ੍ਰਬੰਧ ਕਰਨ ਵਾਲੇ ਗੁਰਦੁਆਰਾ ਸ਼੍ਰੀ ਦਸਮੇਸ਼ ਦਰਬਾਰ ਸਾਹਿਬ ਦੇ ਪ੍ਰਧਾਨ ਮਨਿੰਦਰ ਸਿੰਘ ਤੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਮਲਕੀਤ ਸਿੰਘ ਧਾਮੀ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਬਾਹਰ ਪਾਵਨ ਸਰੂਪ ਦੀ ਛਪਾਈ ਕਰਨ ਦੀ ਵਕਾਲਤ ਕਰਨ ਵਾਲਿਆਂ ਦੀ ਇਹ ਦਲੀਲ ਤਰਕਹੀਣ ਹੈ ਕਿ ਪਾਵਨ ਸਰੂਪ ਨੂੰ ਦੂਰ-ਦੁਰੇਡੇ ਲਿਜਾਂਦੇ ਮੌਕੇ ਸੰਭਾਲ ਤੇ ਸਤਿਕਾਰ ਠੀਕ ਨਹੀਂ ਰਹਿੰਦਾ।

ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਪਹਿਲੀ ਬੀੜ 115 ਸਾਲ ਪਹਿਲਾਂ 1905 ਵਿੱਚ ਲਿਆਂਦੀ ਗਈ ਸੀ। ਜੇ ਉਦੋਂ ਤੋਂ ਹੁਣ ਤੱਕ ਸੰਭਾਲ ਤੇ ਸਤਿਕਾਰ ਕਾਇਮ ਰਿਹਾ ਤਾਂ ਹੁਣ ਦੇ ਤੇਜ਼ ਰਫ਼ਤਾਰ ਸਮਾਜ ਮਾਹੌਲ ਵਿੱਚ ਸੰਭਾਲ ਤੇ ਸਤਿਕਾਰ ਕਾਇਮ ਕਿਉਂ ਨਹੀਂ ਰਹਿ ਸਕਦਾ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਵੱਖ-ਵੱਖ ਥਾਂਵਾਂ ਤੋਂ ਛਪਾਈ ਦੀ ਆਗਿਆ ਦੇਣ ਨਾਲ ਕਈ ਗਲਤੀਆਂ ਤੇ ਵਾਧ-ਘਾਟ ਦੇ ਮੌਕੇ ਬਣਨਗੇ, ਬਾਅਦ ਵਿੱਚ ਅਸਲ ਬੀੜ ਬਾਰੇ ਵੀ ਸਵਾਲ ਉੱਠਣਗੇ।

ਵਿਵਾਦਾਂ ’ਚ ਘਿਰੇ ਰਹੇ ਰਿਪੁਦਮਨ ਸਿੰਘ ਮਲਿਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਬਾਕਾਇਦਾ ਲਿਖਤੀ ਆਗਿਆ ਦਿੱਤੀ ਹੋਈ ਹੈ। ਇਸ ਲਈ ਉਹ ਸਰੀ ਵਿੱਚ ਪਾਵਨ ਸਰੂਪ ਛਾਪ ਕੇ ਕੋਈ ਗਲਤੀ ਨਹੀਂ ਕਰ ਰਹੇ। ਰਿਪੁਦਮਨ ਸਿੰਘ ਮਲਿਕ ‘ਤੇ 1985 ਵਿੱਚ ਏਅਰ ਇੰਡੀਆ ਦਾ ਜਹਾਜ਼ ਬੰਬ ਨਾਲ ਤਬਾਹ ਕਰਨ ( ਕਨਿਸ਼ਕਾ ਕਾਂਡ) ਦੇ ਦੋਸ਼ ਲਗੇ ਸਨ। ਅਦਾਲਤ ਨੇ ਉਸਨੂੰ ਕੁੱਝ ਗਵਾਹਾਂ ਦੇ ਮੁੱਕਰਨ ਅਤੇ ਹੋਰ ਕਾਰਨਾਂ ਕਰਕੇ 25 ਸਾਲ ਬਾਅਦ ਦੋਸ਼ ਮੁਕਤ ਕਰ ਦਿੱਤਾ ਸੀ। ਇਸ ਸਮੇਂ ਉਹ ਸਰੀ ਵਿੱਚ ਖਾਲਸਾ ਸਕੂਲਾਂ ਦਾ ਮਾਲਕ ਹੈ।

Exit mobile version