‘ਦ ਖ਼ਾਲਸ ਬਿਊਰੋ ( ਅੰਮ੍ਰਿਤਸਰ ) :- ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਕੱਲ੍ਹ 9 ਸਤੰਬਰ ਨੂੰ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਕਰਾਉਣ ਵਾਲੇ ਵਿਅਕਤੀ ਨੂੰ ਇਨਾਮ ਦੇਣ ਦਾ ਐਲਾਨ ਕਰਦਿਆਂ ਅੰਮ੍ਰਿਤਸਰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਇਸ ਸਬੰਧੀ ਪੋਸਟਰ ਲਾਏ ਗਏ ਸਨ, ਪਰ ਅੱਜ ਪੰਜਾਬ ਪੁਲੀਸ ਵਲੋਂ ਇਨ੍ਹਾਂ ਥਾਵਾਂ ’ਤੇ ਲਾਏ ਪੋਸਟਰਾਂ ਨੂੰ ਕੋਵਿਡ-19 ਤੋਂ ਬਚਾਅ ਸਬੰਧੀ ਢੱਕਣ ਤੇ ਲੁਕਾਉਣ ਦਾ ਯਤਨ ਕੀਤਾ ਗਿਆ ਹੈ।
ਇਸ ਸਬੰਧੀ ਜਥੇਬੰਦੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਨੇ ਆਖਿਆ ਕਿ ਪਾਰਟੀ ਵਲੋਂ ਇਸ ਸਬੰਧ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਅੱਡਾ, ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਤੇ ਗਲਿਆਰਾ, ਹਾਲ ਬਜ਼ਾਰ, ਭੰਡਾਰੀ ਪੁਲ ਸਮੇਤ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਪੋਸਟਰ ਲਾਏ ਗਏ ਹਨ। ਇਹ ਪੋਸਟਰ ਲਾਉਣ ਸਬੰਧੀ ਸ਼ਬਦੀ ਪ੍ਰਵਾਨਗੀ ਵੀ ਲਈ ਸੀ, ਪਰ ਇਸ ਤੋਂ ਤੁਰੰਤ ਬਾਅਦ ਪੁਲੀਸ ਨੇ ਇਨ੍ਹਾਂ ਪੋਸਟਰਾਂ ਨੂੰ ਢੱਕਣਾ ਸ਼ੁਰੂ ਕਰ ਦਿੱਤਾ ਹੈ।