ਸੰਗਰੂਰ ਜ਼ਿਮਨੀ ਚੋਣ ਜਿੱਤ ਕੇ ਸਿਮਰਨਜੀਤ ਸਿੰਘ ਮਾਨ ਲੋਕਸਭਾ ਪਹੁੰਚੇ ਹਨ
‘ਦ ਖ਼ਾਲਸ ਬਿਊਰੋ :- ਭਾਰਤ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਲੱਖਾਂ ਕੇਸ ਪੈਂਡਿੰਗ ਹਨ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ, ਜੱਜਾਂ ਦੀ ਘੱਟ ਗਿਣਤੀ ਹੋਣਾ। ਨਿਚਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਕਈ ਵਾਰ ਸਰਕਾਰ ਅਤੇ ਸੁਪਰੀਮ ਕੋਰਟ ਆਹਮੋ-ਸਾਹਮਣੇ ਆ ਚੁੱਕਿਆ ਹੈ ਪਰ ਨਤੀਜਾ ਸਿਫ਼ਰ ਹੀ ਰਿਹਾ ਹੈ। ਸੰਗਰੂਰ ਦੀ ਜ਼ਿਮਨੀ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੋਕਸਭਾ ਵਿੱਚ ਜੁਡੀਸ਼ਰੀ ਵਿੱਚ ਸਿੱਖਾਂ ਦੀ ਸ਼ਮੂਲੀਅਤ ਨੂੰ ਲੈ ਕੇ ਅਹਿਮ ਸਵਾਲ ਪੁੱਛਿਆ ਹੈ, ਜਿਸ ਦਾ ਜਵਾਬ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਦਿੱਤਾ ਹੈ।
ਸਿਮਰਨਜੀਤ ਸਿੰਘ ਮਾਨ ਦਾ ਸਵਾਲ
ਸਿਮਰਨਜੀਤ ਸਿੰਘ ਮਾਨ ਨੇ ਲੋਕਸਭਾ ਵਿੱਚ ਸਵਾਲ ਪੁੱਛਿਆ ਕਿ ਇਸ ਵੇਲੇ ਸੁਪਰੀਮ ਕੋਰਟ ਵਿੱਚ ਕਿਸੇ ਵੀ ਸਿੱਖ ਜੱਜ ਦੀ ਨਿਯੁਕਤੀ ਕਿਉਂ ਨਹੀਂ ਹੈ। ਮਾਨ ਨੇ ਤੰਜ ਕਸਦਿਆਂ ਕਿਹਾ ਕਿ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੂੰ ਇਹ ਫਿਕਰ ਹੈ ਕਿ ਬਿਹਾਰ ਅਤੇ ਝਾਰਖੰਡ ਤੋਂ ਕੋਈ ਜੱਜ ਕਿਉਂ ਨਹੀਂ ਹੈ ? ਪਰ ਮੈਨੂੰ ਫਿਕਰ ਹੈ ਕਿ ਸੁਪਰੀਮ ਕੋਰਟ ਵਿੱਚ ਸਿੱਖ ਜੱਜ ਕਿਉਂ ਨਹੀਂ ਹੈ ? ਇਸ ਦੇ ਜਵਾਬ ਵਿੱਚ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਸਰਕਾਰ ਕਿਸੇ ਖਾਸ ਧਰਮ ਦੇ ਲੋਕਾਂ ਨੂੰ ਜੱਜ ਬਣਨ ਤੋਂ ਨਹੀਂ ਰੋਕਦੀ ਹੈ।
ਹਾਲਾਂਕਿ ਅਜਿਹਾ ਨਹੀਂ ਹੈ ਕਿ ਸੁਪਰੀਮ ਕੋਰਟ ਵਿੱਚ ਹੁਣ ਤੱਕ ਕੋਈ ਸਿੱਖ ਜੱਜ ਨਹੀਂ ਬਣਿਆ ਹੈ। 4 ਜਨਵਰੀ 2017 ਵਿੱਚ ਜਸਟਿਸ ਜਗਦੀਸ਼ ਸਿੰਘ ਖੇਹਰ ਸੁਪਰੀਮ ਕੋਰਟ ਦੇ ਪਹਿਲੇ ਸਿੱਖ ਚੀਫ ਜਸਟਿਸ ਬਣੇ ਸਨ।
ਉਨ੍ਹਾਂ ਤੋਂ ਪਹਿਲਾਂ ਜਸਟਿਸ ਕੁਲਦੀਪ ਸਿੰਘ ਵੀ ਸੁਪਰੀਮ ਕੋਰਟ ਦੇ ਜੱਜ ਰਹੇ ਹਨ। ਉਨ੍ਹਾਂ ਨੂੰ ਭਾਰਤ ਸਰਕਾਰ ਨੇ ਬਾਅਦ ਵਿੱਚ ਡੀ-ਲਿਮੀਟੇਸ਼ਨ ਕਮਿਸ਼ਨ ਦਾ ਚੇਅਰਮੈਨ ਵੀ ਬਣਾਇਆ ਸੀ। 2014 ਦੀਆਂ ਲੋਕਸਭਾ ਚੋਣਾਂ ਉਨ੍ਹਾਂ ਵੱਲੋਂ ਤੈਅ ਕੀਤੀ ਗਈ ਹਲਕਾਬੰਦੀ ਰਿਪੋਰਟ ਦੇ ਅਧਾਰ ‘ਤੇ ਹੀ ਹੋਈ ਸੀ। ਸਿਰਫ਼ ਭਾਰਤ ਵਿੱਚ ਨਹੀਂ ਵਿਦੇਸ਼ਾਂ ਦੇ ਸੁਪਰੀਮ ਕੋਰਟ ਵਿੱਚ ਵੀ ਕਈ ਸਿੱਖ ਜੱਜਾਂ ਦੀ ਨਿਯੁਕਤੀ ਹੋ ਚੁੱਕੀ ਹੈ।
ਕੈਨੇਡਾ ਦੀ ਸੁਪਰੀਮ ਕੋਰਟ ‘ਚ ਸਿੱਖ ਜੱਜ
2017 ਵਿੱਚ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿੱਚ ਪਰਬਿੰਦਰ ਕੌਰ ਸ਼ੇਰਗਿੱਲ ਪਹਿਲੀ ਸਿੱਖ ਜੱਜ ਬਣੀ ਸੀ। ਉਹ ਜਦੋਂ 4 ਸਾਲ ਦੇ ਸਨ ਤਾਂ ਪਰਿਵਾਰ ਪੰਜਾਬ ਤੋਂ ਕੈਨੇਡਾ ਸ਼ਿਫਟ ਹੋ ਗਿਆ ਸੀ।
ਜੱਜ ਬਣਨ ਤੋਂ ਪਹਿਲਾਂ ਪਰਬਿੰਦਰ ਕੌਰ ਕੈਨੇਡਾ ਵਿੱਚ ਹੀ ਆਪਣੀ ਲਾਅ ਫਰਮ ਸ਼ੇਰਗਿੱਲ ਐਂਡ ਕੰਪਨੀ ਚਲਾਉਂਦੀ ਸੀ। ਇਸ ਤੋਂ ਇਲਾਵਾ ਇੰਗਲੈਂਡ ਵਿੱਚ ਰਬਿੰਦਰ ਸਿੰਘ ਹਾਈਕੋਰਟ ਦੇ ਪਹਿਲੇ ਸਿੱਖ ਜੱਜ ਬਣੇ ਸਨ।