‘ਦ ਖ਼ਾਲਸ ਬਿਊਰੋ :- ਟਵਿੱਟਰ ‘ਤੇ ਇਸਲਾਮਾਬਾਦ ਸਥਿਤ ਅਮਰੀਕੀ ਦੂਤਾਵਾਸ ਵੱਲੋਂ ਇੱਕ ਪੋਸਟ ਪਾਉਣ ਮਗਰੋਂ ਮੁਆਫ਼ੀ ਮੰਗਣੀ ਪੈ ਗਈ। ਦਰਅਸਲ ਇਸ ਪੋਸਟ ਵਿੱਚ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ ਨੂੰ ਅਸਿੱਧੇ ਤੌਰ ’ਤੇ ‘ਭੜਕਾਊ ਆਗੂ ਤੇ ਤਾਨਾਸ਼ਾਹ’ ਦੱਸਿਆ ਗਿਆ ਹੈ।
ਦੱਸਣਯੋਗ ਹੈ ਕਿ ਅਮਰੀਕੀ ਦੂਤਾਵਾਸ ਨੇ 10 ਨਵੰਬਰ ਦੀ ਰਾਤ ਨੂੰ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਆਗੂ ਅਹਿਸਨ ਇਕਬਾਲ ਵੱਲੋਂ ਪਾਈ ਇੱਕ ਪੋਸਟ ਨੂੰ ਮੁੜ ਟਵੀਟ ਕੀਤਾ ਸੀ। ਇਕਬਾਲ ਦੀ ਇਸ ਪੋਸਟ ਵਿੱਚ ਵਾਸ਼ਿੰਗਟਨ ਪੋਸਟ ਵਿੱਚ ਛਪੇ ਇੱਕ ਮਜ਼ਮੂਨ, ਜਿਸ ਦਾ ਸਿਰਲੇਖ ‘ਟਰੰਪ ਦੀ ਹਾਰ ਵਿਸ਼ਵ ਦੇ ਭੜਕਾਊ ਆਗੂਆਂ ਤੇ ਤਾਨਾਸ਼ਾਹਾਂ ਲਈ ਝਟਕਾ’ ਸੀ, ਦਾ ਸਕਰੀਨਸ਼ਾਟ ਵਿਖਾਇਆ ਗਿਆ ਸੀ।
ਇਸ ਸਕਰੀਨ ਸ਼ਾਟ ਦੇ ਨਾਲ ਇਕਬਾਲ ਨੇ ਲਿਖਿਆ ਸੀ, ‘ਸਾਡੇ ਕੋਲ ਪਾਕਿਸਤਾਨ ਵਿੱਚ ਵੀ ਇਕ ਹੈ। ਉਸ ਨੂੰ ਵੀ ਜਲਦੀ ਹੀ ਬਾਹਰ ਦਾ ਰਾਹ ਵਿਖਾਇਆ ਜਾਵੇਗਾ।’ ਇਕਬਾਲ ਦੀਆਂ ਇਨ੍ਹਾਂ ਸਤਰਾਂ ਵਿੱਚ ਸਪਸ਼ਟ ਤੌਰ ’ਤੇ ਪ੍ਰਧਾਨ ਮੰਤਰੀ ਖ਼ਾਨ ਦਾ ਹਵਾਲਾ ਦਿੱਤਾ ਗਿਆ ਸੀ।


 
																		 
																		 
																		 
																		 
																		