Punjab

ਅਕਾਲੀ ਦਲ ਨੇ SIT ਦੇ ਚੌਥੇ ਬੰਦੇ ‘ਤੇ ਕਿਉਂ ਜਤਾਇਆ ਇਤਰਾਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਨਵੀਂ ਸਿੱਟ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੁੱਛਗਿੱਛ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਭਾਵੇਂ ਕੋਟਕਪੂਰਾ ਗੋਲੀਕਾਂਡ ਦੀ ਘਟਨਾ ਹੋਵੇ, ਭਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਅਦਬੀ ਦਾ ਮਾਮਲਾ ਹੋਵੇ, ਕੁੱਝ ਰਾਜਨੀਤਿਕ ਧਿਰਾਂ ਵੱਲੋਂ ਆਪਣੀਆਂ ਰਾਜਸੀ ਰੋਟੀਆਂ ਸੇਕਣ ਲਈ ਇਨ੍ਹਾਂ ਜ਼ਜ਼ਬਾਤੀ ਘਟਨਾਵਾਂ ਨੂੰ ਵਰਤਿਆ ਗਿਆ ਹੈ। ਅਸੀਂ ਵਾਰ-ਵਾਰ ਕਹਿੰਦੇ ਸੀ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਐੱਸਆਈਟੀ ਦਾ ਸਹਿਯੋਗ ਦਿੱਤਾ ਹੈ। ਹਾਈਕੋਰਟ ਦੇ ਫੈਸਲਿਆਂ ਤੋਂ ਬਾਅਦ ਵੀ ਨਵੀਂ ਐੱਸਆਈਟੀ ਦਾ ਰਾਸਸੀਕਰਨ ਕੀਤਾ ਗਿਆ ਹੈ। ਇਸ ਸਿੱਟ ਵਿੱਚ ਬਣਾਏ ਗਏ ਮੈਂਬਰਾਂ ਨੂੰ ਰਾਤੋਂ-ਰਾਤ ਪ੍ਰਮੋਸ਼ਨਾਂ ਦਿੱਤੀਆਂ ਗਈਆਂ ਅਤੇ ਅੱਜ ਇਸ ਸਿੱਟ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ ਜਾਂਚ ਕਰਨ ਆਏ ਮੈਂਬਰਾਂ ਵਿੱਚੋਂ ਇੱਕ ਰਿਟਾਇਰਡ ਡਾਇਰੈਕਟਰ ਪ੍ਰੋਸੀਕਿਊਸ਼ਨ ਦੇ ਤੌਰ ‘ਤੇ ਵਿਜੇ ਸਿੰਗਲਾ ਨੂੰ ਲਿਆਂਦਾ ਗਿਆ ਜਦਕਿ ਉਹ ਕਿਸੇ ਵੀ ਤਰ੍ਹਾਂ ਕਾਨੂੰਨੀ ਤੌਰ ‘ਤੇ ਨਾ ਜਾਂਚ ਕਰ ਸਕਦਾ ਸੀ ਅਤੇ ਨਾ ਹੀ ਜਾਂਚ ਕਰਨ ਦਾ ਅਧਿਕਾਰ ਸੀ ਅਤੇ ਨਾ ਹੀ ਹਾਈਕੋਰਟ ਦੇ ਦਿੱਤੇ ਫੈਸਲੇ ਮੁਤਾਬਕ ਕੋਈ ਚੌਥਾ ਬੰਦਾ ਇਸ ਜਾਂਚ ਵਿੱਚ ਸ਼ਾਮਿਲ ਹੋ ਸਕਦਾ ਸੀ। ਪਰ ਕੈਪਟਨ ਦੇ ਕੁੱਝ ਇਸ ਤਰ੍ਹਾਂ ਦੇ ਲੋਕ ਹਨ, ਜੋ ਇਨ੍ਹਾਂ ਸੰਸਥਾਵਾਂ ਨੂੰ ਆਪਣੇ ਰਾਜਨੀਤਿਕ ਹਿੱਤਾਂ ਲਈ ਵਰਤਦੇ ਹਨ। ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਸੰਸਥਾਵਾਂ ਨੂੰ ਬਚਾਉਣਾ ਚਾਹੀਦਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਚਹੇਤਿਆਂ ਵੱਲੋਂ ਇਨ੍ਹਾਂ ਸੰਸਥਾਵਾਂ ਨੂੰ ਤਬਾਹ ਕਰਕੇ ਆਪਣੇ ਰਾਜਸੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ’।

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ‘ਇਹ ਸਿਰਫ ਕੋਟਰਪੂਰਾ ਫਾਇਰਿੰਗ ਵਾਲੀ ਸਿੱਟ ਹੈ। ਇਸਦਾ ਬਹਿਬਲ ਕਲਾਂ ਘਟਨਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਕੋਟਕਪੂਰਾ ਦਾ ਕੇਸ ਇਹ ਹੈ ਕਿ ਇੱਕ ਬੰਦੇ ਦੇ ਪੱਟ ‘ਤੇ ਗੋਲੀ ਵੱਜੀ ਅਤੇ ਇਹ 307 ਦਾ ਕੇਸ ਹੈ। ਹਾਈਕੋਰਟ ਦੀ ਜੱਜਮੈਂਟ ਵਿੱਚ ਸਪੱਸ਼ਟ ਕੀਤਾ ਹੋਇਆ ਹੈ ਕਿ ਕੋਟਕਪੂਰਾ ਦੀ ਫਾਇਰਿੰਗ ਉੱਥੋਂ ਦੇ ਉਸ ਵੇਲੇ ਦੇ ਐੱਸਡੀਐੱਮ ਦੇ ਹੁਕਮਾਂ ਤੋਂ ਬਾਅਦ ਹੋਈ। ਆਰਡਰ ਲਈ ਰਿਪੋਰਟ ਐੱਸਐੱਚਓ ਕੋਟਕਪੂਰਾ ਨੇ ਕੀਤੀ। ਪਹਿਲੀ ਵਾਰ ਐੱਸਡੀਐੱਮ ਨੇ ਪਾਣੀ ਦੀ ਬੁਛਾੜ ਮਾਰਨ ਲਈ ਕਿਹਾ ਸੀ, ਫਿਰ ਲਾਠੀਚਾਰਜ ਕਰਨ ਲਈ ਕਿਹਾ ਸੀ ਅਤੇ ਫਿਰ ਗੋਲੀ ਲਈ ਕਿਹਾ। ਐੱਸਡੀਐੱਮ ਦੇ ਆਰਡਰ ਹੋਣ ਤੋਂ ਬਾਅਦ ਵੀ ਜਦੋਂ ਸਾਬਕਾ ਮੁੱਖ ਮੰਤਰੀ ਨੂੰ ਉਸ ਤਫਤੀਸ਼ ਵਿੱਚ ਸ਼ਾਮਿਲ ਕਰਦੇ ਹੋ ਤਾਂ ਇਸ ਤੋਂ ਸਾਬਿਤ ਹੋ ਗਿਆ ਹੈ ਕਿ ਇਹ ਰਾਜਨੀਤਿਕ ਏਜੰਡਾ ਹੈ। ਹਾਈਕੋਰਟ ਦੀ ਜੱਜਮੈਂਟ ਤੋਂ ਇਨ੍ਹਾਂ ਨੇ ਸਬਕ ਨਹੀਂ ਸਿੱਖਿਆ। ਜੱਜ ਨੇ ਸਪੱਸ਼ਟ ਲਿਖਿਆ ਸੀ ਕਿ ਜੇ ਹਾਲਾਤ ਸਾਧਾਰਨ ਹੋਣ ਤਾਂ ਮੁੱਖ ਮੰਤਰੀ ਅੱਧੀ ਰਾਤ ਨੂੰ ਡੀਜੀਪੀ ਜਾਂ ਡੀਸੀ ਨੂੰ ਫੋਨ ਕਰੇ ਤਾਂ ਇਹ ਉਸਦੀ ਚਿੰਤਾ ਜ਼ਾਹਿਰ ਕਰਦਾ ਹੈ, ਜੇ ਮੁੱਖ ਮੰਤਰੀ ਨਾ ਕਰਦਾ ਤੁਸੀਂ ਕਹਿਣਾ ਸੀ ਕਿ ਮੁੱਖ ਮੰਤਰੀ ਨੂੰ ਕੋਈ ਫਿਕਰ ਨਹੀਂ’।

ਉਨ੍ਹਾਂ ਕਿਹਾ ਕਿ ‘ਨਵੀਂ ਸਿੱਟ ਬਣਾਉਣ ਲਈ ਹਾਈਕੋਰਟ ਦੇ ਫੈਸਲੇ ਦੀ ਉਲੰਘਣਾ ਕੀਤੀ ਗਈ। ਸਿੱਟ ਦੇ ਬੰਦਿਆਂ ਨੂੰ ਰਾਤੋਂ-ਰਾਤ ਪ੍ਰਮੋਸ਼ਨ ਕਰਕੇ ਤਾਇਨਾਤ ਕੀਤਾ ਗਿਆ। ਇਹ ਪਹਿਲੀ ਵਾਰ ਹੈ ਕਿ 307 ਦੇ ਕੇਸ ਵਿੱਚ ਸਾਬਕਾ ਮੁੱਖ ਮੰਤਰੀ ਨੂੰ ਜਾਂਚ ਵਿੱਚ ਸ਼ਾਮਿਲ ਕਰਵਾਇਆ ਗਿਆ। ਇਸ ਕੇਸ ਵਿੱਚ ਸਿੱਟ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਕੀਤਾ। ਬਾਦਲ ਨੇ ਆਪਣੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਸਿੱਟ ਦਾ ਸਹਿਯੋਗ ਦਿੱਤਾ। ਨਵੀਂ ਸਿੱਟ ਵਿੱਚ ਤਿੰਨ ਮੈਂਬਰਾਂ ਤੋਂ ਇਲਾਵਾ ਚੌਥਾ ਬੰਦਾ ਕਿਵੇਂ ਆ ਗਿਆ। ਵਿਜੇ ਸਿੰਗਲਾ ਨੂੰ ਕਿਸਦੀ ਇਜਾਜ਼ਤ ਨਾਲ ਸਿੱਟ ਵਿੱਚ ਸ਼ਾਮਿਲ ਕਰਵਾਇਆ। ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਉਹ ਆ ਕੇ ਬਾਦਲ ਨੂੰ ਸਵਾਲ ਕਰਨ ਲੱਗੇ ਪਏ, ਜਿਸ ਤੋਂ ਸਾਬਿਤ ਹੋ ਗਿਆ ਕਿ ਇਹ ਰਾਜਨੀਤੀ ਖੇਡ ਰਹੇ ਹਨ। ਇਹ ਗੱਲ ਰਿਕਾਰਡ ਹੈ ਕਿ ਮੁੱਖ ਮੰਤਰੀ ਦੀ ਕਦੇ ਐੱਸਡੀਐੱਮ ਨਾਲ ਗੱਲ ਨਹੀਂ ਹੋਈ, ਕਦੇ ਕਿਸੇ ਹੋਰ ਅਫਸਰ ਨਾਲ ਗੱਲ ਨਹੀਂ ਹੋਈ’।

ਉਨ੍ਹਾਂ ਕਿਹਾ ਕਿ ‘ਪਿਛਲੀ ਸਿੱਟ ਵਿੱਚ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣਾ ਡੰਡਾ ਘੁਮਾਉਂਦਾ ਰਿਹਾ। ਅਸੀਂ ਪਹਿਲਾਂ ਹੀ ਕਿਹਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਰਾਜਨੀਤਿਕ ਏਜੰਡਾ ਲੈ ਕੇ ਬੈਠਾ ਹੈ, ਜੋ ਕਿ ਸੱਚ ਹੋ ਗਿਆ। ਕੱਲ੍ਹ ਉਸਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਇਹ ਵੀ ਭੁਲੇਖਾ ਪਾਇਆ ਜਾ ਰਿਹਾ ਹੈ ਕਿ ਇਹ ਸਿੱਟ ਹਾਈਕੋਰਟ ਨੇ ਬਣਾਈ ਹੈ। ਹਾਈਕੋਰਟ ਨੇ ਇਹ ਸਿੱਟ ਨਹੀਂ ਬਣਾਈ, ਹਾਈਕੋਰਟ ਨੇ ਸਿਰਫ ਸਿੱਟ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਸਰਕਾਰ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰੇ। ਸਾਨੂੰ ਤਾਂ ਹੁਣ ਇਸ ਸਿੱਟ ‘ਤੇ ਵੀ ਸ਼ੱਕ ਹੈ ਕਿ ਕੱਲ੍ਹ ਨੂੰ ਇਸਦਾ ਕੋਈ ਮੈਂਬਰ ਕੋਈ ਰੀਜਨੀਤਿਕ ਪਾਰਟੀ ਨਾ ਜੁਆਇਨ ਕਰ ਲਏ ਜਿਵੇ ਕੁੰਵਰ ਵਿਜੇ ਪ੍ਰਤਾਪ ਨੇ ਜੁਆਇਨ ਕੀਤੀ’।

ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ‘ਕੁੰਵਰ ਵਿਜੇ ਪ੍ਰਤਾਪ ਨੇ ਜਾਂਚ ਵਿੱਚ ਸਾਢੇ ਤਿੰਨ ਸਾਲ ਲਾ ਦਿੱਤੇ, ਸਰਕਾਰ ਨੇ ਕੁੰਵਰ ਵਿਜੇ ਪ੍ਰਤਾਪ ‘ਤੇ ਐਕਸ਼ਨ ਕਿਉਂ ਨਹੀਂ ਲਿਆ। ਉਸਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਕਰਕੇ ਉਸਨੂੰ ਸਜ਼ਾ ਦਿੱਤੀ ਜਾਂਦੀ। ਉਸ ਬੰਦੇ ਨੂੰ ਸੁਰੱਖਿਆ ਦੇਣ ਵਾਸਤੇ ਕੇਜਰੀਵਾਲ ਨੇ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਹੈ। ਇਹ ਸਾਰੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਮਿਲੀਭੁਗਤ ਹੈ। ਬਾਦਲ ਨੇ ਅੱਜ ਪੂਰੀ ਤਨਦੇਹੀ ਨਾਲ ਆਪਣੀ ਭੂਮਿਕਾ ਨਿਭਾਈ ਹੈ। ਅੱਜ ਅਣ-ਅਧਿਕਾਰਤ ਮੈਂਬਰਾਂ ਵੱਲੋਂ ਐੱਸਆਈਟੀ ਵਿੱਚ ਆਉਣਾ ਕਈ ਸਵਾਲ ਪੈਦਾ ਕਰਦਾ ਹੈ’।