International

ਅਫ਼ਗਾਨ ਸੈਨਿਕਾਂ ਨੂੰ ਪਾਕਿਸਤਾਨ ਕਿਉਂ ਦੇਣਾ ਚਾਹੁੰਦਾ ਸੀ ਟ੍ਰੇਨਿੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨੀ ਸੈਨਾ ਦੇ ਲੋਕ ਸੰਪਰਕ ਵਿਭਾਗ ਦੇ ਮੁਖੀ ਮੇਜਰ ਜਨਰਲ ਬਾਬਰ ਇਫ਼ਤਿਖਾਰ ਨੇ ਅਫ਼ਗਾਨਿਸਤਾਨ ਮਸਲੇ ‘ਤੇ ਬੋਲਦਿਆਂ ਕਿਹਾ ਕਿ ਉਹ ਸਿਰਫ਼ ਸੈਨਿਕ ਮਸਲਿਆਂ ‘ਤੇ ਹੀ ਖੁਦ ਨੂੰ ਸੀਮਤ ਰੱਖਣਗੇ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਫੌਜੀ ਸਥਿਤੀ ਤੇਜ਼ੀ ਨਾਲ ਬਦਲੀ ਹੈ ਅਤੇ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਇੰਨੀ ਤੇਜ਼ੀ ਨਾਲ ਹਾਲਾਤ ਬਦਲਣਗੇ। ਸੀਮਾ ‘ਤੇ ਪਾਕਿਸਤਾਨ ਵੱਲ ਹਾਲਾਤ ਕਾਬੂ ਵਿੱਚ ਹਨ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਸੀਮਾ ਸੁਰੱਖਿਆ ਅਤੇ ਇੰਟੈਲੀਜੈਂਸ ਵਿੱਚ ਸਹਿਯੋਗ ਦੇ ਇਲਾਵਾ ਫ਼ੌਜੀਆਂ ਦੀ ਟ੍ਰੇਨਿੰਗ ਦੇ ਲਈ ਕਈ ਵਾਰ ਪੇਸ਼ਕਸ਼ ਕੀਤੀ ਸੀ, ਸਿਰਫ਼ ਕੁੱਝ ਹੀ ਅਫ਼ਗਾਨ ਅਫ਼ਸਰ ਇੱਥੇ ਆਏ ਜਦਕਿ ਸੈਂਕੜੇ ਟ੍ਰੇਨਿੰਗ ਲਈ ਭਾਰਤ ਚਲੇ ਗਏ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੀ ਸ਼ਾਂਤੀ ਦਾ ਮਸਲਾ ਪਾਕਿਸਤਾਨ ਵਿੱਚ ਸ਼ਾਂਤੀ ਜਾਰੀ ਰਹਿਣ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਹੁਣ ਅਫ਼ਗਾਨਿਸਤਾਨ ਵਿੱਚ ਲੋਕਾਂ ਨੂੰ ਕੱਢਣ ਲਈ ਸਭ ਤੋਂ ਅਹਿਮ ਹਿੱਸਾ ਹੈ ਅਤੇ 5 ਹਜ਼ਾਰ 500 ਵਿਦੇਸ਼ੀ ਲੋਕਾਂ ਨੂੰ ਪਾਕਿਸਤਾਨ ਦੇ ਜ਼ਰੀਏ ਅਫ਼ਗਾਨਿਸਤਾਨ ਤੋਂ ਕੱਢਿਆ ਜਾ ਚੁੱਕਾ ਹੈ।

ਮੇਜਰ ਨੇ ਕਿਹਾ ਕਿ ਅਫ਼ਗਾਨ ਜਨਤਾ ਤੋਂ ਬਾਅਦ ਇਸ ਜੰਗ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਪਾਕਿਸਤਾਨ ਨੂੰ ਹੋਇਆ ਹੈ। 80 ਹਜ਼ਾਰ ਤੋਂ ਜ਼ਿਆਦਾ ਮੌਤਾਂ, 102 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ ਅਤੇ ਹਾਲੇ ਵੀ ਗਿਣਤੀ ਜਾਰੀ ਹੈ।