ਤਾਜ਼ਾ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ 2017 ਤੋਂ 2019 ਦਰਮਿਆਨ ਕੈਨੇਡਾ (Canada) ਵਿੱਚ ਪਰਵਾਸ ਕਰਨ ਲਈ ਦੇਸ਼ ਛੱਡਣ ਵਾਲੇ ਲੋਕਾਂ ਦੀ ਗਿਣਤੀ ਵਿਚ 31 ਫ਼ੀਸਦੀ ਵਾਧਾ ਹੋਇਆ ਹੈ। ਕੈਨੇਡਾ ਦੇ ਲੋਕ ਆਪਣਾ ਮੁਲਕ ਛੱਡ ਕੇ ਬਾਹਰ ਜਾ ਰਹੇ ਹਨ। ਇਸ ਦਾ ਕਾਰਨ ਕੈਨੇਡਾ ਦੀ ਹਾਊਜ਼ਿੰਗ ਮਾਰਕਿਟ ਨੂੰ ਦੱਸਿਆ ਜਾ ਰਿਹਾ ਹੈ।
ਕੈਨੇਡਾ ਵਿੱਚ ਰਹਿਣਾ ਏਨਾ ਮਹਿੰਗਾ ਹੋ ਗਿਆ ਹੈ ਕਿ ਰਿਹਾਇਸ਼ੀ ਕੰਪਲੈਕਸਾਂ ਦੀਆਂ ਵਧਦੀਆਂ ਕੀਮਤਾਂ ਕਰਕੇ ਸਥਾਨਕ ਨਾਗਰਿਕ ਦੂਜੇ ਮੁਲਕਾਂ ਵਿੱਚ ਜਾਣ ਲਈ ਮਜਬੂਰ ਹਨ। ਇੱਕ ਮੀਡੀਆ ਰਿਪੋਰਟ ਮੁਤਾਬਕ ਕੈਨੇਡਾ ਦੀ ਟਰੂਡੋ ਸਰਕਾਰ ਵੀ ਨਵੇਂ ਨਾਗਰਿਕਾਂ ਨੂੰ ਸ਼ਾਮਲ ਕਰਨ ਲਈ ਸੰਘਰਸ਼ ਕਰ ਰਹੀ ਹੈ।
ਇਕ ਹੋਰ ਮੀਡੀਆ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੈਨੇਡਾ ਸਰਕਾਰ ਆਪਣੇ ਨਾਗਰਿਕਾਂ ਦਾ ਪਰਵਾਸ ਰੋਕਣ ਲਈ ਮਹੱਤਵਪੂਰਨ ਪਹਿਲੂਆਂ ’ਤੇ ਵਿਚਾਰ ਕਰ ਰਹੀ ਹੈ। ਅੰਦਰੂਨੀ ਸੂਤਰ ਕਹਿ ਰਹੇ ਹਨ ਸਰਕਾਰ ਦੇਸ਼ ਛੱਡਣ ਵਾਲੇ ਨਾਗਰਿਕਾਂ ’ਤੇ 25,000 ਡਾਲਰ ਦਾ ਜ਼ੁਰਮਾਨਾ ਵੀ ਲਾ ਸਕਦੀ ਹੈ।
ਤਾਜ਼ਾ ਅਧਿਐਨ ਮੁਤਾਬਕ ਰਿਹਾਇਸ਼ ਦੀ ਜ਼ਿਆਦਾ ਕੀਮਤ ਬਹੁਤ ਸਾਰੇ ਕੈਨੇਡਾ ਵਾਸੀਆਂ ਨੂੰ ਬਿਹਤਰ ਕੰਮ ਲਈ ਵਿਦੇਸ਼ ਜਾਣ ਲਈ ਪ੍ਰੇਰਿਤ ਕਰ ਰਹੀ ਹੈ। ਇਹ ਅਧਿਐਨ ਮੈਕਗਿਲ ਇੰਸਟੀਚਿਊਟ ਫਾਰ ਦਿ ਸਟੱਡੀ ਆਫ਼ ਕੈਨੇਡਾ (McGill Institute for the Study of Canada) ਵੱਲੋਂ ਕਰਵਾਇਆ ਗਿਆ ਹੈ। ਇਸ ਮੁਤਾਬਕ ਕੈਨੇਡਾ ਵਿੱਚ ਰੁਜ਼ਗਾਰ ਦੇ ਘੱਟ ਮੌਕੇ ਵੀ ਨਾਗਰਿਕਾਂ ਪਰਵਾਸ ਦੇ ਮੁੱਖ ਕਾਰਨ ਸਨ।
ਦਰਅਸਲ ਲੋਕਾਂ ਨੂੰ ਕੈਨੇਡਾ ਵਿੱਚ ਆਰਥਿਕ ਤੌਰ ’ਤੇ ਮਜ਼ਬੂਤ ਹੋਣ ਦੇ ਮੌਕੇ ਨਹੀਂ ਮਿਲ ਰਹੇ ਸਨ। ਇਹੀ ਕਾਰਨ ਹੈ ਕਿ ਉਹ ਦੂਜੇ ਦੇਸ਼ਾਂ ਵੱਲ ਪਲਾਇਨ ਕਰਨ ਲੱਗੇ ਹਨ। ਰਿਪੋਰਟ ਮੁਤਾਬਕ ਵਿਦੇਸ਼ੀ ਡਿਗਰੀਆਂ ਨੂੰ ਮਾਨਤਾ ਦੇਣ ਲਈ ਕੈਨੇਡੀਅਨ ਸਰਕਾਰ ਦੇ ਗੁੰਝਲਦਾਰ ਨਿਯਮ ਪ੍ਰਵਾਸੀਆਂ ਨੂੰ ਉਹਨਾਂ ਦੇ ਚੁਣੇ ਹੋਏ ਖੇਤਰਾਂ ਵਿਚ ਨੌਕਰੀਆਂ ਲੱਭਣ ਅਤੇ ਉਹਨਾਂ ਦੇ ਨਵੇਂ ਦੇਸ਼ ਵਿੱਚ ਕਰੀਅਰ ਬਣਾਉਣ ਵਿਚ ਰੁਕਾਵਟ ਪਾਉਂਦੇ ਹਨ। ਕੈਨੇਡੀਅਨ ਮੂਲ ਦੇ ਨਾਗਰਿਕ ਵਿਦੇਸ਼ ਵਿੱਚ ਰਹਿਣ ਦੇ ਹੋਰ ਕਾਰਨਾਂ ਵਿਚ ਨੌਕਰੀ ਅਤੇ ਅਧਿਐਨ ਦੇ ਮੌਕੇ ਦੇ ਨਾਲ-ਨਾਲ ਯਾਤਰਾ ਵੀ ਸ਼ਾਮਲ ਹਨ।
ਇਹ ਰਿਪੋਰਟ ਸੁਝਾਅ ਦਿੰਦੀ ਹੈ ਕਿ ਵਿਦੇਸ਼ਾਂ ਵਿੱਚ ਪ੍ਰਵਾਸੀ ਕੈਨੇਡੀਅਨਾਂ ਨਾਲ ਜੁੜਨਾ ਸਰਕਾਰ ਦੀ ਘੱਟ ਤਰਜੀਹ ਰਹੀ ਹੈ। ਵਿਦੇਸ਼ਾਂ ਵਿੱਚ ਰਹਿਣ ਵਾਲੇ ਜ਼ਿਆਦਾਤਰ ਕੈਨੇਡੀਅਨ ਅਮਰੀਕਾ, ਹਾਂਗਕਾਂਗ ਅਤੇ ਯੂਨਾਈਟਿਡ ਕਿੰਗਡਮ ਵਿਚ ਰਹਿੰਦੇ ਹਨ।
ਇਸ ਤੋਂ ਇਲਾਵਾ ਸਰਕਾਰੀ ਏਜੰਸੀ ਸਟੈਟਿਸਟਿਕਸ ਕੈਨੇਡਾ (Statistics Canada) ਦੇ ਇੱਕ ਵੱਖਰੇ ਅਧਿਐਨ ਵਿੱਚ ਅੰਦਾਜ਼ਾ ਲਾਇਆ ਗਿਆ ਹੈ ਕਿ 2016 ਵਿੱਚ ਲਗਭਗ 4 ਮਿਲੀਅਨ (40 ਲੱਖ) ਕੈਨੇਡੀਅਨ ਨਾਗਰਿਕ ਵਿਦੇਸ਼ ਵਿੱਚ ਰਹਿ ਰਹੇ ਸਨ, ਜੋ ਕਿ ਆਬਾਦੀ ਦਾ ਲਗਭਗ 11 ਫੀਸਦੀ ਹੈ। ਇਸ ਦਾ ਮਤਲਬ ਬੈ ਕਿ ਨੌਂ ਕੈਨੇਡੀਅਨ ਨਾਗਰਿਕਾਂ ਵਿੱਚੋਂ ਇੱਕ ਪਰਵਾਸ ਕਰ ਗਿਆ ਹੈ। ਪਰਵਾਸੀਆਂ ਦੀ ਉਮਰ 45 ਤੋਂ 54 ਸਾਲ ਵਿਚਕਾਰ ਹੈ। ਇਨ੍ਹਾਂ ਦੀ ਔਸਤਨ ਉਮਰ 46.2 ਸਾਲ ਦੱਸੀ ਗਈ ਹੈ।