Punjab

ਸਿੱਖ ਕਲਾਕਾਰਾਂ ਨਾਲ ਪੱਖਪਾਤ ਕਿਉਂ ?

ਦ ਖ਼ਾਲਸ ਬਿਊਰੋ : ਸਾਬਤ ਸੂਰਤ ਸਿਨੇ ਆਰਟਿਸਟ ਫਾਡਰੇਸ਼ਨ ਨੇ ਅੱਜ ਸਿੱਖ ਕਲਾਕਾਰਾਂ ਨੂੰ ਫਿਲਮ ਇੰਡਸਟਰੀ ਵਿੱਚ ਆਉਣ ਵਾਲੀਆਂ ਰੁਕਾਵਟਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਖ ਕਲਾਕਾਰਾਂ ਨੂੰ ਸਿੱਖੀ ਵਿੱਚ ਸਾਬਤ ਸੂਰਤ ਹੋਣ ਕਰਕੇ ਫਿਲਮ ਇੰਡਸਟਰੀ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾਂ ਹੈ। ਮੁਹਾਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬੀ ਅਦਾਕਾਰ ਅੰਮ੍ਰਿਤਪਾਲ ਸਿੰਘ ਬਿੱਲਾ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਵਿੱਚ ਸਿੱਖ ਕਲਾਕਾਰਾਂ ਨੂੰ ਸਾਬਤ ਸੂਰਤ ਸਿੱਖ ਹੋਣ ਕਰਕੇ ਇੰਡਸਟਰੀ ਵਿੱਚ ਕੰਮ ਨਹੀਂ ਮਿਲਦਾ। ਸਿੱਖੀ ਸਰੂਪ ਕਰਕੇ ਉਨ੍ਹਾਂ ਨੂੰ ਕੰਮ ਦੇਣ ਤੋਂ ਮਨਾ ਕਰ ਦਿੱਤਾ ਜਾਦਾਂ ਹੈ ਅਤੇ ਉਨ੍ਹਾਂ ਦੇ ਨਾਲ ਪੱਖਪਾਤ ਕੀਤਾ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਾਰਟ ਧਾਰਮਿਕ ਫ਼ਿਲਮਾਂ ਦਾ ਫੈਸਟੀਵਲ ਅਤੇ ਸਿੱਖ ਕਲਾਕਾਰਾਂ ਦੀ ਪ੍ਰਮੋਸ਼ਨ ਲਈ ਵੱਖ-ਵੱਖ ਤਰ੍ਹਾਂ ਦੇ ਸਟੇਜ ਪ੍ਰੋਗਰਾਮ ਕੀਤੇ ਜਾਣਗੇ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀਆਂ ਜਥੇਬੰਦੀਆਂ ਨੂੰ ਇਹ ਅਪੀਲ ਕੀਤੀ ਕਿ ਉਹ ਧਾਰਮਿਕ ਫ਼ਿਲਮਾਂ ਦਾ ਫੈਸਟੀਵਲ ਅਤੇ ਸਿੱਖ ਕਲਾਕਾਰਾਂ ਦੀ ਪ੍ਰਮੋਸ਼ਨ ਲਈ  ਸਾਬਤ ਸੂਰਤ ਸਿਨੇ ਆਰਟਿਸਟ ਫਾਡਰੇਸ਼ਨ ਸੰਸਥਾ ਦਾ ਸਹਿਯੋਗ ਦੇਣ।

ਇਸ ਤੋਂ ਇਲਾਵਾ ਸੰਸਥਾ ਨੇ ਭਵਿੱਖ ਵਿੱਚ ਸੰਸਥਾ ਵੱਲੋਂ ਕੀਤੇ ਜਾਣ ਵਾਲੇ ਸਮਾਜ ਭਲਾਈ  ਦੇ ਕੰਮਾਂ  ਅਤੇ ਕਲਾ ਖੇਤਰ ਨਾਲ ਜੁੜੇ ਧਾਰਮਿਕ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਜੀ ਟੀ ਰੋਡ ‘ਤੇ ਚੱਲਦੇ ਵਾਹਨਾਂ ‘ਤੇ ਰੇਡੀਅਮ ਸਟੀਕਰ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਰਾਤ ਦੇ ਸਮੇਂ ਹੁੰਦੇ ਸੜਕ ਹਾਦਸਿਆਂ ਨਾਲ ਆਮ ਲੋਕਾਂ ਦੀ ਜਾਨ ਨੂੰ ਵੱਧ ਤੋਂ ਵੱਧ ਬਚਾਇਆ ਜਾ ਸਕੇ।ਸੰਸਥਾ ਦੇ ਸਮੂਹ ਆਗੂਆਂ ਵੱਲੋਂ ਭਗਵੰਤ ਸਿੰਘ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਣ ‘ਤੇ ਵਧਾਈ ਦਿੱਤੀ ਗਈ।