‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਰਹਿਣ ਵਾਲੇ ਕਿਸਾਨ ਜਗਦੀਪ ਸਿੰਘ ਔਲਖ ਨੇ ਇੱਕ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਹਰਿਆਣਾ ਵਿੱਚ 15 ਮੰਡੀਆਂ ਨੂੰ ਖਤਮ ਕਰ ਦਿੱਤਾ ਹੈ ਅਤੇ ਇਸਦੇ ਖਿਲਾਫ ਜਿਨ੍ਹਾਂ ਵਿਰੋਧ ਹੋਣਾ ਚਾਹੀਦਾ ਸੀ, ਉਨ੍ਹਾਂ ਵਿਰੋਧ ਨਹੀਂ ਹੋ ਸਕਿਆ। ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿੱਚ ਅਡਾਨੀ ਦਾ 10 ਸਾਲ ਪੁਰਾਣਾ ਇੱਕ ਗੋਦਾਮ ਹੈ। ਇਸ ਗੋਦਾਮ ਵਿੱਚ ਪਹਿਲਾਂ ਮੰਡੀਆਂ ਤੋਂ ਅਨਾਜ ਵਿਕ ਕੇ ਫਿਰ ਇੱਥੇ ਪਹੁੰਚਦਾ ਸੀ ਪਰ ਇਸ ਵਾਰ ਸਰਕਾਰ ਨੇ ਮੰਡੀਆਂ ਨੂੰ ਵਿੱਚੋਂ ਖਤਮ ਕਰ ਦਿੱਤਾ ਹੈ। ਇਸ ਵਾਰ 10 ਵੱਡੀਆਂ ਮੰਡੀਆਂ ਦੀ ਕਣਕ ਸਿੱਧੀ ਇਸ ਗੋਦਾਮ ਵਿੱਚ ਪਹੁੰਚ ਰਹੀ ਹੈ। ਇਸ ਨਾਲ ਕਰੀਬ 10 ਹਜ਼ਾਰ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ।
ਹਰਿਆਣਾ ਦੀ ਜੀਂਦ ਵਿੱਚ ਵੀ ਅਡਾਨੀ ਦਾ ਇੱਕ ਗੋਦਾਮ ਹੈ ਅਤੇ ਉੱਥੇ ਵੀ ਹਰਿਆਣਾ ਸਰਕਾਰ ਨੇ ਪੰਜ ਖਰੀਦ ਸੈਂਟਰ ਖਤਮ ਕਰ ਦਿੱਤੇ ਹਨ। ਪਰ ਜੀਂਦ ਦੇ ਕਿਸਾਨਾਂ ਨੇ ਸਰਕਾਰ ਦਾ ਵਿਰੋਧ ਕਰਕੇ ਆਪਣੀਆਂ ਮੰਡੀਆਂ ਮੁੜ ਤੋਂ ਚਾਲੂ ਕਰਵਾ ਲਈਆਂ ਹਨ। ਉਹਨਾਂ ਨੇ ਕਿਹਾ ਕਿ ਪਾਣੀਪਤ ਵਿੱਚ ਅਡਾਨੀ ਗਰੁੱਪ ਨੇ ਵੱਡੇ ਗੋਦਾਮ ਬਣਾਉਣ ਲਈ 100 ਏਕੜ ਜ਼ਮੀਨ ਲਈ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸਦਾ ਵਿਰੋਧ ਕਰਨ ਦੀ ਅਪੀਲ ਕੀਤੀ।